ETV Bharat / state

ਇਸ ਦਿਨ ਹੋਣ ਜਾ ਰਹੀਆਂ ਲੁਧਿਆਣਾ ਦੀਆਂ ਮਿੰਨੀ ਓਲੰਪਿਕ ਕਿਲਾ ਰਾਏਪੁਰ ਦੀਆਂ ਖੇਡਾਂ, ਇਸ ਵਾਰ ਇਹ ਕੁਝ ਰਹੇਗਾ ਖਾਸ

author img

By ETV Bharat Punjabi Team

Published : Feb 8, 2024, 3:56 PM IST

ਲੁਧਿਆਣਾ ਦੀਆਂ ਮਿੰਨੀ ਓਲੰਪਿਕ ਕਹੀਆਂ ਜਾਂਦੀਆਂ ਕਿਲਾ ਰਾਏਪੁਰ ਦੀਆਂ ਖੇਡਾਂ 12 ਤੋਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ। ਜਿਸ 'ਚ ਇਸ ਵਾਰ ਪੰਜਾਬ ਸਰਕਾਰ ਵਲੋਂ ਵੀ ਪ੍ਰਬੰਧਕਾਂ ਦਾ ਸਹਿਯੋਗ ਦਿੱਤਾ ਜਾ ਰਿਹਾ ਹੈ।

ਕਿਲਾ ਰਾਏਪੁਰ ਦੀਆਂ ਖੇਡਾਂ
ਕਿਲਾ ਰਾਏਪੁਰ ਦੀਆਂ ਖੇਡਾਂ

ਕਿਲਾ ਰਾਏਪੁਰ ਦੀਆਂ ਖੇਡਾਂ ਸਬੰਧੀ ਜਾਣਕਾਰੀ ਦਿੰਦੇ ਪ੍ਰਬੰਧਕ

ਲੁਧਿਆਣਾ: ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਇਸ ਵਾਰ ਰੂਰਲ ਓਲੰਪਿਕਸ ਦੇ ਨਾਂ ਹੇਠ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ 12 ਤੋਂ 14 ਫਰਵਰੀ ਨੂੰ ਕਰਵਾਈਆਂ ਜਾਣਗੀਆਂ। ਜਿਸ ਨੂੰ ਲੈ ਕੇ ਕਿਲਾ ਰਾਏਪੁਰ ਦੇ ਖੇਡ ਗਰਾਉਂਡ ਵਿੱਚ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਇੱਕ ਪਾਸੇ ਜਿੱਥੇ ਕਿਲਾ ਰਾਏਪੁਰ ਦੇ ਖੇਡ ਗਰਾਉਂਡ ਵਿੱਚ ਰੰਗ ਰੋਗਨ ਕਰਵਾਏ ਜਾ ਰਹੇ ਹਨ, ਉੱਥੇ ਹੀ ਹਾਕੀ ਆਦਿ ਨੂੰ ਲੈ ਕੇ ਗਰਾਉਂਡ ਦੀ ਤਿਆਰੀ ਕੀਤੀ ਜਾ ਰਹੀ। ਕਿਲਾ ਰਾਏਪੁਰ ਦੀਆਂ ਇਹਨਾਂ ਖੇਡਾਂ ਦਾ ਸਿਰਫ ਪੰਜਾਬ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੱਸਦੇ ਖੇਡ ਪ੍ਰੇਮੀਆਂ ਨੂੰ ਵੀ ਇੰਤਜ਼ਾਰ ਰਹਿੰਦਾ ਹੈ। ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਇੱਥੇ ਖੇਡਾਂ ਦੇਖਣ ਲਈ ਪਹੁੰਚਦੇ ਹਨ। ਬੇਸ਼ੱਕ ਪਿਛਲੇ ਲੰਬੇ ਸਮੇਂ ਤੋਂ ਕਿਲਾ ਰਾਏਪੁਰ ਵਿੱਚ ਬੈਲ ਦੌੜਾਂ ਨਹੀਂ ਕਰਵਾਈਆਂ ਜਾ ਰਹੀਆਂ ਜਿਸ ਨੂੰ ਲੈ ਕੇ ਪ੍ਰਬੰਧਕ ਅਤੇ ਖੇਡ ਪ੍ਰੇਮੀ ਕਾਨੂੰਨ ਬਣਨ ਦਾ ਇੰਤਜ਼ਾਰ ਕਰ ਰਹੇ ਹਨ ਪਰ ਇਸ ਵਾਰ ਪੰਜਾਬ ਸਰਕਾਰ ਦੀ ਨਿਗਰਾਨੀ ਹੇਠ ਕਰਵਾਈਆਂ ਜਾ ਰਹੀਆਂ ਇਹਨਾਂ ਖੇਡਾਂ ਵਿੱਚ ਇਨਾਮ ਦੀ ਰਾਸ਼ੀ ਵੀ ਲਗਭਗ ਦੁਗਣੀ ਕੀਤੀ ਜਾ ਰਹੀ ਹੈ।

ਇਨਾਮ ਦੀ ਰਾਸ਼ੀ ਪਹਿਲਾਂ ਨਾਲੋਂ ਦੁਗਣੀ: ਇਸ ਨੂੰ ਲੈ ਕੇ ਪ੍ਰਬੰਧਕਾਂ ਨੇ ਕਿਹਾ ਕਿ 12 ਤੋਂ 14 ਫਰਵਰੀ ਤੱਕ ਕਿਲਾ ਰਾਏਪੁਰ ਵਿੱਚ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਮੁੱਖ ਪ੍ਰਬੰਧਕ ਨੇ ਕਿਹਾ ਕਿ ਇਸ ਵਾਰ ਇਨਾਮ ਦੀ ਰਾਸ਼ੀ ਵੀ ਪਿਛਲੀ ਵਾਰ ਨਾਲੋਂ ਲੱਗਭਗ ਦੁਗਣੀ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਵਿਦੇਸ਼ੀ ਦਰਸ਼ਕ ਵੀ ਪਹੁੰਚਦੇ ਹਨ। ਜਿਸ ਦੇ ਚੱਲਦੇ ਉਹਨਾਂ ਨੇ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਖੇਡ ਪ੍ਰੇਮੀਆਂ ਨੂੰ ਸੱਦਾ ਦਿੱਤਾ।

ਸਰਕਾਰ ਅਤੇ ਪ੍ਰਸ਼ਾਸਨ ਕਰ ਰਿਹਾ ਸਹਿਯੋਗ: ਪ੍ਰਬੰਧਕਾਂ ਨੇ ਕਿਹਾ ਕਿ ਇਸ ਵਾਰ ਸਾਨੂੰ ਉਮੀਦ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ੇਸ਼ ਤੌਰ 'ਤੇ ਖੇਡਾਂ ਵਿੱਚ ਪਹੁੰਚ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ, ਪੰਜਾਬ ਦੇ ਖੇਡ ਮੰਤਰੀ ਵੀ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕਰਨ ਦੇ ਲਈ ਪੁੱਜ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਵਾਰ ਹੋਰ ਚੰਗੇ ਪ੍ਰਬੰਧ ਕਰਵਾਏ ਨੇ, ਖਾਸ ਤੌਰ 'ਤੇ ਲੁਧਿਆਣਾ ਦਾ ਜ਼ਿਲ੍ਹਾ ਪ੍ਰਸ਼ਾਸਨ ਵੀ ਇਸ ਵਿੱਚ ਸਾਡੀ ਮਦਦ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਲਗਭਗ 1 ਕਰੋੜ ਰੁਪਏ ਦੀ ਗਰਾਂਟ ਵੀ ਜਾਰੀ ਕੀਤੀ ਗਈ ਹੈ।

ਦੇਸ਼ ਵਿਦੇਸ਼ ਤੋਂ ਖੇਡਾਂ ਦੇਖਣ ਆਉਂਦੇ ਪ੍ਰਸ਼ੰਸਕ: ਕਿਲਾ ਰਾਏਪੁਰ ਖੇਡਾਂ ਨੂੰ ਪੰਜਾਬ ਦੀ ਰੂਰਲ ਮਿਨੀ ਓਲੰਪਿਕ ਵੀ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਖੇਡਾਂ ਦੇ ਵਿੱਚ ਜਿਆਦਾਤਰ ਪੇਂਡੂ ਤਬਕੇ ਦੇ ਖਿਡਾਰੀ ਆਉਂਦੇ ਹਨ। ਹਾਕੀ ਅਤੇ ਦੌੜਾਂ ਦੇ ਨਾਲ ਹੋਰ ਵੀ ਕਈ ਮੁਕਾਬਲੇ ਹੁੰਦੇ ਹਨ। ਖਾਸ ਕਰਕੇ ਪੰਜਾਬ ਦੀ ਪੁਰਾਣੀਆਂ ਸੱਭਿਆਚਾਰਕ ਪੇਂਡੂ ਖੇਡਾਂ ਕਿਲਾ ਰਾਏਪੁਰ ਦੇ ਵਿੱਚ ਕਰਵਾਈਆਂ ਜਾਂਦੀਆਂ ਹਨ। ਇਹਨਾਂ ਹੀ ਨਹੀਂ ਦੂਰ-ਦੂਰ ਤੋਂ ਦੇਸ਼ ਵਿਦੇਸ਼ ਤੋਂ ਪ੍ਰਸ਼ੰਸਕ ਵਿਸ਼ੇਸ਼ ਤੌਰ 'ਤੇ ਇਹ ਖੇਡਾਂ ਵੇਖਣ ਆਉਂਦੇ ਹਨ। ਉਹਨਾਂ ਨੇ ਕਿਹਾ ਕਿ ਇਸ ਵਾਰ ਤਰੀਕਾਂ ਨੂੰ ਲੈ ਕੇ ਜਰੂਰ ਕੁਝ ਵਿਦੇਸ਼ ਤੋਂ ਆਉਣ ਵਾਲੇ ਪ੍ਰਸ਼ੰਸਕ ਭਰਾਵਾਂ ਨੂੰ ਭੁਲੇਖਾ ਪੈ ਗਿਆ ਸੀ ਪਰ ਹੁਣ 12 ਤੋਂ 14 ਫਰਵਰੀ ਤੱਕ ਇਹ ਖੇਡਾਂ ਦੀ ਤਰੀਕ ਨਿਰਧਾਰਿਤ ਹੋ ਗਈ ਹੈ। ਉਹਨਾਂ ਕਿਹਾ ਕਿ ਬਲਦਾਂ ਦੀਆਂ ਦੌੜਾਂ ਵੇਖਣ ਲਈ ਵਿਸ਼ੇਸ਼ ਤੌਰ 'ਤੇ ਲੋਕਾਂ ਦਾ ਹਜੂਮ ਆਉਂਦਾ ਸੀ ਉਸ ਨਾਲ ਪ੍ਰਸ਼ੰਸਕਾਂ ਦੀ ਗਿਣਤੀ ਵੱਧ ਜਾਂਦੀ ਸੀ ਪਰ ਸਾਨੂੰ ਉਮੀਦ ਹੈ ਕਿ ਜਲਦ ਹੀ ਇਸ ਸਬੰਧੀ ਕੋਈ ਫੈਸਲਾ ਹੋਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.