ETV Bharat / state

ਕੀ ਕਿਸਾਨਾਂ ਦਾ ਪ੍ਰਦਰਸ਼ਨ ਭਾਜਪਾ ਨੂੰ 2024 ਲੋਕ ਸਭਾ ਚੋਣਾਂ 'ਚ ਮਾਰ ਸਕਦਾ ਹੈ ਸੱਟ, ਪੜ੍ਹੋ ਖ਼ਬਰ

author img

By ETV Bharat Punjabi Team

Published : Feb 16, 2024, 7:42 AM IST

ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਦਿੱਲੀ ਕੂਚ ਕਰ ਰਹੇ ਹਨ। ਉਧਰ ਕਿਸਾਨਾਂ ਦਾ ਇਹ ਸੰਘਰਸ਼ ਅਗਾਮੀ ਲੋਕ ਸਭਾ ਚੋਣਾਂ 'ਚ ਸਿਆਸੀ ਪਾਰਟੀਆਂ ਲਈ ਖ਼ਤਰੇ ਦੀ ਘੰਟੀ ਬਣ ਸਕਦਾ ਹੈ।

ਲੋਕ ਸਭਾ ਚੋਣਾਂ 2024
ਲੋਕ ਸਭਾ ਚੋਣਾਂ 2024

ਸਿਆਸੀ ਲੀਡਰ ਤੇ ਮਾਹਿਰ ਜਾਣਕਾਰੀ ਦਿੰਦੇ ਹੋਏ

ਲੁਧਿਆਣਾ: ਲੋਕ ਸਭਾ ਚੋਣਾਂ 2024 ਤੋਂ ਠੀਕ ਪਹਿਲਾਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਘੇਰਨ ਦੀ ਤਿਆਰੀ ਕਰ ਲਈ ਹੈ ਅਤੇ ਕਿਸਾਨਾਂ ਦੇ ਦਿੱਲੀ ਦੀਆਂ ਬਰੂਹਾਂ ਤੱਕ ਪਹੁੰਚਣ ਦੇ ਵਿਚਕਾਰ ਪੁਲਿਸ ਖੜੀ ਹੈ। ਉੱਥੇ ਹੀ ਸਰਕਾਰ ਲਗਾਤਾਰ ਕਈ ਗੇੜ ਦੀਆਂ ਮੀਟਿੰਗਾਂ ਅਤੇ ਬੈਠਕਾਂ ਕਿਸਾਨਾਂ ਦੇ ਨਾਲ ਕਰ ਚੁੱਕੀ ਹੈ ਪਰ ਹਾਲੇ ਤੱਕ ਇਸ ਦਾ ਕੋਈ ਹੱਲ ਨਹੀਂ ਨਿਕਲ ਸਕਿਆ ਹੈ। ਜਿਸ ਕਰਕੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਹਨ। ਉੱਥੇ ਹੀ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਖਮਿਆਜ਼ਾ ਭਾਜਪਾ ਨੂੰ ਲੋਕ ਸਭਾ ਚੋਣਾਂ ਦੇ ਦੌਰਾਨ ਭੁਗਤਨਾ ਪੈ ਸਕਦਾ ਹੈ ਕਿਉਂਕਿ ਚੋਣਾਂ ਨੂੰ ਕੁਝ ਹੀ ਸਮਾਂ ਬਾਕੀ ਹੈ ਅਤੇ ਜ਼ਿਆਦਾਤਰ ਦੇਸ਼ ਦੇ ਕਿਸਾਨਾਂ ਦੀਆਂ ਮੰਗਾਂ ਹਾਲੇ ਵੀ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਉੱਤਰ ਭਾਰਤ ਵਿੱਚ ਇਸਦਾ ਅਸਰ ਜਿਆਦਾ ਵੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪਿਛਲੀ ਵਾਰ ਕਿਸਾਨਾਂ ਦੇ ਧਰਨੇ ਦੇ ਵਿੱਚ ਉੱਤਰ ਪ੍ਰਦੇਸ਼ ਦੇ ਨਾਲ ਹਰਿਆਣਾ ਦੇ ਕਿਸਾਨਾਂ ਨੇ ਵੀ ਸਾਥ ਦਿੱਤਾ ਸੀ।

ਭਾਜਪਾ ਨੇ ਵਿਧਾਨ ਸਭਾ 'ਚ ਮਿਲੀ ਸੀ ਦੋ ਸੀਟਾਂ: ਜੇਕਰ ਗੱਲ ਸਾਲ 2022 ਦੀਆਂ ਚੋਣਾਂ ਦੀ ਕੀਤੀ ਜਾਵੇ ਤਾਂ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਲੋਕ ਕਾਂਗਰਸ ਦੇ ਨਾਲ ਗਠਜੋੜ ਕਰਕੇ ਪੰਜਾਬ ਦੇ ਵਿੱਚ ਚੋਣਾਂ ਲੜੀਆਂ ਗਈਆਂ ਸਨ, ਅਤੇ ਭਾਜਪਾ ਨੂੰ ਮਹਿਜ਼ ਦੋ ਸੀਟਾਂ ਹੀ ਮਿਲੀਆਂ ਸਨ। ਜੇਕਰ ਕੁੱਲ ਵੋਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਦਾ ਕੁੱਲ ਵੋਟ ਸ਼ੇਅਰ 7.73 ਫੀਸਦੀ ਰਿਹਾ ਸੀ। ਇਸ ਵਿਚਾਲੇ 117 ਵਿੱਚੋਂ ਭਾਜਪਾ ਦੋ ਸੀਟਾਂ ਹੀ ਹਾਸਲ ਕਰ ਸਕੀ ਸੀ। ਭਾਜਪਾ ਨੂੰ 1 ਲੱਖ 27,143 ਵੋਟਾਂ ਪਈਆਂ ਸਨ। ਜਿਸ ਵਿੱਚ ਭਾਜਪਾ ਦੇ 73 ਉਮੀਦਵਾਰ ਜਦੋਂ ਕਿ ਪੰਜਾਬ ਲੋਕ ਕਾਂਗਰਸ ਦੇ 28 ਉਮੀਦਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ 15 ਉਮੀਦਵਾਰ ਖੜੇ ਕੀਤੇ ਸਨ। ਭਾਜਪਾ ਨੂੰ ਇੱਕ ਸੀਟ ਦਾ ਨੁਕਸਾਨ ਹੋਇਆ ਸੀ।

ਭਾਜਪਾ ਨੂੰ ਸਿੱਧੇ ਤੇ ਅਸਿੱਧੇ ਢੰਗ ਨਾਲ ਅਸਰ ਪਾਊ ਕਿਸਾਨ ਸੰਘਰਸ਼: ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਕਿਸਾਨਾਂ ਦੇ ਅੰਦੋਲਨ ਦਾ ਭਾਜਪਾ 'ਤੇ ਸਿੱਧੇ ਅਤੇ ਅਸਿੱਧੇ ਤੌਰ ਦੋਵਾਂ ਤਰੀਕਿਆਂ ਦੇ ਨਾਲ ਅਸਰ ਪਵੇਗਾ। ਉਹਨਾਂ ਕਿਹਾ ਕਿ ਜੇ ਇਹ ਲੋਕਾਂ ਦੇ ਪ੍ਰਦਰਸ਼ਨ ਦਾ ਰੂਪ ਧਾਰਦਾ ਹੈ, ਇਹ ਕਿਸਾਨਾਂ ਦੇ ਨਾਲ ਮਜ਼ਦੂਰਾਂ ਦਾ ਤੇ ਵਪਾਰੀਆਂ ਦਾ ਮੁੱਦਾ ਬਣਦਾ ਹੈ ਤਾਂ ਜ਼ਾਹਿਰ ਤੌਰ 'ਤੇ ਲੋਕ ਸਭਾ ਚੋਣਾਂ 'ਤੇ ਇਸ ਦਾ ਅਸਰ ਜ਼ਰੂਰ ਵੇਖਣ ਨੂੰ ਮਿਲੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾ ਵੀ ਲੋਕਾਂ ਨੇ ਰਵਾਇਤੀ ਪਾਰਟੀਆਂ ਤੋਂ ਬਦਲ ਲੱਭਣ ਲਈ ਆਮ ਆਦਮੀ ਪਾਰਟੀ ਦਾ ਰੁਖ ਕੀਤਾ ਸੀ। ਤਰਸੇਮ ਸਿੰਘ ਜੋਧਾ ਨੇ ਕਿਹਾ ਕਿ ਅੱਜ ਧਰਮ ਦੇ ਨਾਂ 'ਤੇ ਦੇਸ਼ ਦੇ ਵਿੱਚ ਵਖਰੇਵਾਂ ਲਿਆਂਦਾ ਜਾ ਰਿਹਾ ਹੈ, ਜਦੋਂ ਕਿ ਮੁੱਖ ਏਜੰਡਿਆਂ ਤੋਂ ਸਾਰੀਆਂ ਹੀ ਰਵਾਇਤੀ ਪਾਰਟੀਆਂ ਮੂੰਹ ਮੋੜ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜੇਕਰ ਪ੍ਰਦਰਸ਼ਨ ਇਸੇ ਤਰ੍ਹਾਂ ਉਗਰ ਹੁੰਦਾ ਹੈ ਤਾਂ ਲੋਕ ਇਸ ਦਾ ਸਾਥ ਦੇਣਗੇ ਅਤੇ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਖਮਿਆਜ਼ਾ ਕਿਸੇ ਇੱਕ ਪਾਰਟੀ ਨੂੰ ਨਹੀਂ ਸਗੋਂ ਸਾਰੀਆਂ ਹੀ ਪਾਰਟੀਆਂ ਨੂੰ ਭੁਗਤਣਾ ਪੈ ਸਕਦਾ ਹੈ।

ਅਕਾਲੀ ਦਲ ਨਹੀਂ ਕਰੇਗਾ ਸਮਝੌਤਾ: ਹਾਲਾਂਕਿ ਬਸਪਾ ਦਾ ਗਠਜੋੜ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਨਾਲ ਟੁੱਟਣ ਤੋਂ ਬਾਅਦ ਲਗਾਤਾਰ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅਕਾਲੀ ਦਲ ਭਾਜਪਾ ਦੇ ਨਾਲ ਮੁੜ ਤੋਂ ਗਠਜੋੜ ਕਰ ਸਕਦਾ ਹੈ। ਉਥੇ ਹੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਸ਼ੁਰੂ ਕਰਨ ਤੋਂ ਬਾਅਦ ਇਹ ਮੁੜ ਤੋਂ ਇੱਕ ਵਾਰੀ ਠੰਡੇ ਬਸਤੇ ਪੈਂਦਾ ਵਿਖਾਈ ਦੇ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ ਨੇ ਕਿਹਾ ਹੈ ਕਿ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਮੀਡੀਆ ਦੀ ਉਪਜ ਸੀ। ਅਸੀਂ ਇੱਕ ਵਾਰ ਵੀ ਇਸ ਤਰ੍ਹਾਂ ਦਾ ਕੋਈ ਬਿਆਨ ਨਹੀਂ ਦਿੱਤਾ ਅਤੇ ਭਾਜਪਾ ਦੇ ਨਾਲ ਅਕਾਲੀ ਦਲ ਕਿਸੇ ਤਰ੍ਹਾਂ ਦਾ ਕੋਈ ਸਮਝੌਤਾ ਨਹੀਂ ਕਰ ਰਿਹਾ ਹੈ। ਅਕਾਲੀ ਦਲ ਨੇ ਸਾਫ ਕੀਤਾ ਹੈ ਕਿ ਭਾਜਪਾ ਨੂੰ ਲੋਕ ਵੋਟ ਨਹੀਂ ਪਾਉਣਗੇ, ਖਾਸ ਕਰਕੇ ਪੰਜਾਬ ਦੇ ਕਿਸਾਨ ਭਾਜਪਾ ਨੂੰ ਨਜ਼ਰ ਅੰਦਾਜ਼ ਕਰ ਦੇਣਗੇ ਪਰ ਉਹਨਾਂ ਕਿਹਾ ਕਿ ਹਿੰਦੂ ਵੋਟ ਬੈਂਕ ਕਿੰਨਾ ਕੁ ਭਾਜਪਾ ਦੇ ਹੱਕ ਦੇ ਵਿੱਚ ਉਤਰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਕਿਸਾਨਾਂ ਦੇ ਨਾਲ ਆਮ ਆਦਮੀ ਪਾਰਟੀ: ਇਸ ਪੂਰੇ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਲੋਕ ਸਭਾ ਇੰਚਾਰਜ ਦੀਪਕ ਬੰਸਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਸੀਂ ਕਿਸਾਨਾਂ ਨੂੰ ਸਮਰਥਨ ਦਿੱਤਾ ਹੈ। ਹਾਲਾਂਕਿ ਉਹਨਾਂ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਦੇ ਵਿੱਚ ਇਸ ਦਾ ਅਸਰ ਹੋਵੇਗਾ ਜਾਂ ਨਹੀਂ ਤਾਂ ਉਹਨਾਂ ਕਿਹਾ ਕਿ ਉਹ ਇਹ ਤਾਂ ਨਹੀਂ ਕਹਿ ਸਕਦੇ ਪਰ ਇੰਨਾਂ ਜ਼ਰੂਰ ਕਹਿ ਸਕਦੇ ਹਨ ਕਿ ਜੇਕਰ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਉਹਨਾਂ ਦੀਆਂ ਸਾਰੀਆਂ ਹੀ ਮੰਗਾਂ ਮੰਨਣ ਦਾ ਵਾਅਦਾ ਕੀਤਾ ਸੀ ਤਾਂ ਦੋ ਸਾਲ ਪੂਰੇ ਹੋ ਜਾਣ ਦੇ ਬਾਵਜੂਦ ਉਹਨਾਂ ਮੰਗਾਂ ਨੂੰ ਪੂਰਾ ਕਿਉਂ ਨਹੀਂ ਕੀਤਾ। ਉਹਨਾਂ ਕਿਹਾ ਕਿ ਜੇਕਰ ਕਿਸਾਨ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਕੇਂਦਰ ਦੇ ਦੁਆਰ ਪਹੁੰਚ ਗਏ ਹਨ ਤਾਂ ਕੇਂਦਰ ਨੂੰ ਉਹਨਾਂ ਦੀਆਂ ਮੰਗਾਂ 'ਤੇ ਤੁਰੰਤ ਕੋਈ ਨਾ ਕੋਈ ਜ਼ਰੂਰ ਫੈਸਲਾ ਲੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.