ETV Bharat / state

ਸੱਤਵੀਂ ਦੇ ਵਿਦਿਆਰਥੀ ਨੇ ਹੋਵਰਕ੍ਰਾਫਟ ਬਣਾ ਕੇ ਦਰਜ ਕੀਤਾ ਰਿਕਾਰਡ, ਮੈਡੀਕਲ ਸੁਵਿਧਾਵਾਂ ਦੇਣ 'ਚ ਕਰੇਗਾ ਮਦਦ ! - Hovercraft Made By Izaan Ali

author img

By ETV Bharat Punjabi Team

Published : Apr 12, 2024, 10:46 AM IST

Hovercraft Made By Izaan Ali: ਲੁਧਿਆਣਾ ਦੇ ਸੱਤਵੀਂ ਜਮਾਤ ਦੇ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਇਜ਼ਾਨ ਅਲੀ ਵੱਲੋਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਪਣਾ ਨਾਂ ਦਰਜ ਕਰਵਾਇਆ ਗਿਆ ਹੈ। ਦਰਅਸਲ, ਵਿਦਿਆਰਥੀ ਵੱਲੋਂ ਹੋਵਰ ਕ੍ਰਾਫਟ ਦਾ ਇੱਕ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਜਿਸ ਕਰਕੇ ਉਸ ਨੂੰ ਇਹ ਸਨਮਾਨ ਮਿਲਿਆ ਹੈ। ਇਜ਼ਾਨ ਕੋਲੋਂ ਸੁਣੋ ਕਿਵੇਂ ਇਹ ਦਵਾਈਆਂ ਕਰੇਗਾ ਡਿਲੀਵਰ, ਵੇਖੋ ਵਿਸ਼ੇਸ਼ ਰਿਪੋਰਟ।

Hovercraft For Medicine Deliver, Izaan Ali
Hovercraft For Medicine Deliver

ਸੱਤਵੀਂ ਦੇ ਵਿਦਿਆਰਥੀ ਨੇ ਹੋਵਰਕ੍ਰਾਫਟ ਬਣਾ ਕੇ ਦਰਜ ਕੀਤਾ ਰਿਕਾਰਡ

ਲੁਧਿਆਣਾ: ਅੱਜ ਦਾ ਯੁੱਗ ਤਕਨੀਕੀ ਹੈ, ਜਿਸ ਕਾਰਨ ਅੱਜ ਕੱਲ੍ਹ ਦੇ ਬੱਚੇ ਵੀ ਤਕਨੀਕੀ ਖੇਤਰ ਵਿੱਚ ਆਪਣਾ ਟੈਲੰਟ ਅਜ਼ਮਾ ਰਹੇ ਹਨ ਅਤੇ ਛੋਟੀ ਉਮਰ ਵਿੱਚ ਵੱਡੇ ਰਿਕਾਰਡ ਕਾਇਮ ਕਰ ਰਹੇ ਹਨ। ਅਜਿਹਾ ਹੀ ਕੁਝ ਕਰ ਦਿਖਾਇਆ ਹੈ, ਲੁਧਿਆਣਾ ਦੇ ਇਜ਼ਾਨ ਨੇ। ਉਸ ਵੱਲੋਂ ਇਸ ਪ੍ਰੋਜੈਕਟ ਨੂੰ ਸਿਹਤ ਸੰਭਾਲ ਸੇਵਾਵਾਂ ਦੇ ਵਿੱਚ ਕ੍ਰਾਂਤੀ ਲਿਆਉਣ ਲਈ ਸਮਾਰਟ ਟੈਕਨੋਲੋਜੀ ਨੂੰ ਜੋੜਦੇ ਹੋਏ ਹੋਵਰ ਕ੍ਰਾਫਟ ਵਿਕਸਿਤ ਕੀਤਾ ਗਿਆ ਹੈ।

ਵਿਜਰੋਬੋ ਦੀ ਮਦਦ ਤੇ ਇਜ਼ਾਨ ਦੀ ਦਿਲਚਸਪੀ: ਇਹ ਹੋਵਰ ਕ੍ਰਾਫਟ ਨਾ ਸਿਰਫ ਪਾਣੀ ਉੱਤੇ, ਸਗੋਂ ਧਰਤੀ ਉੱਤੇ ਵੀ ਆਸਾਨੀ ਨਾਲ ਚੱਲ ਸਕਦਾ ਹੈ। ਇਸ ਦਾ ਇੱਕ ਮਾਡਲ ਉਸ ਵੱਲੋਂ ਬਣਾ ਕੇ ਤਿਆਰ ਕੀਤਾ ਗਿਆ ਹੈ ਜਿਸ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਤਕਨੀਕ ਦੇ ਨਾਲ ਜੋੜ ਕੇ ਵਰਤੋਂ ਦੇ ਵਿੱਚ ਲਿਆਂਦਾ ਜਾ ਸਕਦਾ ਹੈ। ਇਸ ਨੂੰ ਪੂਰੀ ਤਰ੍ਹਾਂ ਭਾਰਤ ਵਿੱਚ ਹੀ ਬਣਾਇਆ ਗਿਆ ਹੈ ਅਤੇ ਇਜ਼ਾਨ ਅਤੇ ਉਸ ਦੇ ਮਾਤਾ ਪਿਤਾ ਉਸ ਦੀ ਇਸ ਉਪਲਬਧੀ ਤੋਂ ਕਾਫੀ ਖੁਸ਼ ਹਨ। ਵਿਜਰੋਬੋ ਹੁਣ ਤੱਕ 18 ਵਿਦਿਆਰਥੀਆਂ ਦੇ ਨਾਂ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਦਰਜ ਕਰਵਾ ਚੁੱਕਾ ਹੈ, ਜੋ ਕਿ ਆਪਣੇ ਆਪ ਵਿੱਚ ਹੀ ਇੱਕ ਰਿਕਾਰਡ ਹੈ।

Hovercraft For Medicine Deliver, Izaan Ali
ਇਜ਼ਾਨ ਅਲੀ

ਕਿਵੇਂ ਕਰਦਾ ਕੰਮ: ਇਸ ਪ੍ਰੋਜੈਕਟ 'ਤੇ ਕੁੱਲ 20 ਹਜ਼ਾਰ ਰੁਪਏ ਦਾ ਖ਼ਰਚਾ ਆਇਆ ਹੈ ਅਤੇ ਇਸ ਹੋਵਰ ਕ੍ਰਾਫਟ ਵਿੱਚ ਤਿੰਨ ਬੁਰਸ਼ ਰਹਿਤ ਮੋਟਰਾਂ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਢਾਂਚੇ ਨੂੰ 3ਡੀ ਪ੍ਰਿੰਟ ਕੀਤੇ ਭਾਗਾਂ ਦੀ ਵਰਤੋਂ ਕਰਕੇ ਵਧਾਇਆ ਗਿਆ ਹੈ। ਇਹ ਆਪਣੇ ਹੇਠਾਂ ਹਵਾ ਦਾ ਇੱਕ ਕੁਸ਼ਨ ਬਣਾ ਕੇ ਕੰਮ ਕਰਦਾ ਹੈ ਜਿਸ ਨਾਲ ਇਹ ਧਰਤੀ ਅਤੇ ਪਾਣੀ ਵਿੱਚ ਚੱਲਣ ਲਈ ਸਮਰੱਥ ਹੈ।

ਇਜ਼ਾਨ ਨੇ ਦੱਸਿਆ ਕਿ ਲਗਭਗ ਤਿੰਨ-ਚਾਰ ਮਹੀਨੇ ਦੀ ਮਿਹਨਤ ਦੇ ਨਾਲ ਉਸ ਨੇ ਇਹ ਪ੍ਰੋਜੈਕਟ ਬਣਾਇਆ ਹੈ। ਇਹ ਆਧੁਨਿਕ ਇੰਜੀਨੀਅਰਿੰਗ 'ਤੇ ਆਧਾਰਿਤ ਹੈ ਅਤੇ ਵਾਤਾਵਰਨ ਅਨੁਕੂਲ ਹੈ। ਇਸ ਦੀ ਪ੍ਰਤੀ ਘੰਟਾ ਰਫਤਾਰ 60 ਕਿਲੋਮੀਟਰ ਦੇ ਕਰੀਬ ਹੈ। ਇਸ ਤੋਂ ਇਲਾਵਾ ਇਸਦੀ ਬੈਟਰੀ ਦੋ ਤੋਂ ਤਿੰਨ ਘੰਟੇ ਤੱਕ ਚੱਲ ਸਕਦੀ ਹੈ। ਭਵਿੱਖ ਵਿੱਚ ਇਸ ਦੇ ਅੰਦਰ ਹੋਰ ਸੁਧਾਰ ਕਰਕੇ ਇਸ ਨੂੰ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਅਤੇ ਫੌਜ ਦੇ ਲਈ ਵੀ ਵਰਤਿਆ ਜਾ ਸਕਦਾ ਹੈ।

Hovercraft For Medicine Deliver, Izaan Ali
ਇਜ਼ਾਨ ਅਲੀ ਦੀ ਮਾਂ ਤੇ ਵਿਜਰੋਬੋ ਪ੍ਰਬੰਧਕ

ਇੰਡੀਆ ਬੁੱਕ ਆਫ ਰਿਕਾਰਡ: ਵਿਜਰੋਬੋ ਦੀ ਮੁੱਖ ਪ੍ਰਬੰਧਕ ਡਿੰਪਲ ਵਰਮਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹੁਣ ਤੱਕ 18 ਦੇ ਕਰੀਬ ਵਿਦਿਆਰਥੀਆਂ ਦੇ ਨਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਦਰਜ ਕਰਵਾਏ ਜਾ ਚੁੱਕੇ ਸਨ। ਉਹਨਾਂ ਕਿਹਾ ਕਿ ਉਹਨਾਂ ਦੀ ਹਮੇਸ਼ਾ ਤੋਂ ਹੀ ਇਹ ਕੋਸ਼ਿਸ਼ ਰਹੀ ਹੈ ਕਿ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਅਤੇ ਨਵੇਂ ਰੋਬੋਟਿਕਸ ਅਤੇ ਡਰੋਨ ਬਾਰੇ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਜਾਵੇ। ਉਹਨਾਂ ਕਿਹਾ ਕਿ ਹੁਣ ਇਜ਼ਾਨ ਆਪਣੇ ਪਰਿਵਾਰ ਦੇ ਨਾਲ ਦੁਬਈ ਦੇ ਵਿੱਚ ਪੱਕੇ ਤੌਰ ਤੇ ਵਸਣ ਜਾ ਰਿਹਾ ਹੈ ਅਤੇ ਹੁਣ ਆਨਲਾਈਨ ਉਹ ਟ੍ਰੇਨਿੰਗ ਹਾਸਿਲ ਕਰ ਸਕੇਗਾ।

ਪਰਿਵਾਰ ਖੁਸ਼: ਇਜ਼ਾਨ ਦਾ ਪਰਿਵਾਰ ਉਸ ਦੀ ਇਸ ਉਪਲਬਧੀ ਤੋਂ ਖੁਸ਼ ਹੈ। ਉਸ ਦੀ ਮਾਤਾ ਨੇ ਦੱਸਿਆ ਕਿ ਸ਼ੁਰੂ ਤੋਂ ਹੀ ਉਸ ਨੂੰ ਇਲੈਕਟ੍ਰਾਨਿਕ ਸਮਾਨ ਖੋਲ੍ਹਣ ਵਿੱਚ ਦਿਲਚਸਪੀ ਰਹਿੰਦੀ ਸੀ ਅਤੇ ਇਸ ਤੋਂ ਉਹ ਕਾਫੀ ਕੁਝ ਸਿੱਖਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਚਪਨ ਵਿੱਚ ਵੀ ਉਹ ਸਮਾਨ ਨੂੰ ਖੋਲ੍ਹ ਲਿਆ ਕਰਦਾ ਸੀ। ਉਨ੍ਹਾਂ ਨੇ ਹਾਲਾਂਕਿ ਉਸ ਨੂੰ ਕਈ ਵਾਰ ਰੋਕਿਆ, ਪਰ ਜਦੋਂ ਉਸ ਦਾ ਰੁਝਾਨ ਉਨਾਂ ਨੇ ਇਸ ਫੀਲਡ ਵੱਲ ਵੇਖਿਆ ਤਾਂ ਉਸ ਨੂੰ ਇਸੇ ਵੱਲ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਕਈ ਦਿਨਾਂ ਤੋਂ ਉਨ੍ਹਾਂ ਨੂੰ ਲਗਾਤਾਰ ਰਿਸ਼ਤੇਦਾਰਾਂ ਦੇ ਫੋਨ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਾਨੂੰ ਉਮੀਦ ਤਾਂ ਸੀ ਕਿ ਇਹ ਜ਼ਰੂਰ ਪੰਜਾਬ ਦਾ ਨਾ ਰੌਸ਼ਨ ਕਰੇਗਾ। ਉਨ੍ਹਾਂ ਕਿਹਾ ਕਿ ਜਦੋਂ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਇਸ ਦਾ ਨਾਂ ਦਰਜ ਕਰਨ ਦਾ ਐਲਾਨ ਕੀਤਾ ਗਿਆ ਤਾਂ ਉਨ੍ਹਾਂ ਨੂੰ ਬਹੁਤ ਮਾਣ ਹਾਸਿਲ ਹੋਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.