ETV Bharat / state

ਪੁਲਿਸ ਵੱਲੋਂ ਹਵਾਲਾ ਰੈਕੇਟ ਦਾ ਪਰਦਾਫਾਸ਼: ਤਿੰਨ ਮੁਲਜ਼ਮ 56 ਲੱਖ ਦੇ ਕਰੀਬ ਡਰੱਗ ਮਨੀ ਨਾਲ ਕੀਤੇ ਕਾਬੂ, ਇੰਝ ਕਰਦੇ ਸੀ ਕਾਰੋਬਾਰ

author img

By ETV Bharat Punjabi Team

Published : Feb 20, 2024, 7:44 PM IST

ਅੰਮ੍ਰਿਤਸਰ ਦੇ ਥਾਣਾ ਘਰਿੰਡਾ ਦੀ ਪੁਲਿਸ ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਉਨ੍ਹਾਂ ਵਲੋਂ ਤਿੰਨ ਮੁਲਜ਼ਮਾਂ ਨੂੰ 56 ਲੱਖ ਦੇ ਕਰੀਬ ਦੀ ਹਵਾਲਾ ਰਾਸ਼ੀ ਨਾਲ ਕਾਬੂ ਕੀਤਾ ਗਿਆ। ਪੁਲਿਸ ਨੇ ਇਹ ਕਾਰਵਾਈ ਪਹਿਲਾਂ ਤੋਂ ਕਾਬੂ ਕੀਤੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੀਤੀ ਹੈ।

ਹਵਾਲਾ ਰੈਕੇਟ ਦਾ ਪਰਦਾਫਾਸ਼
ਹਵਾਲਾ ਰੈਕੇਟ ਦਾ ਪਰਦਾਫਾਸ਼

ਪੁਲਿਸ ਅਧਿਕਾਰੀ ਮਾਮਲੇ ਦੀ ਜਾਣਕਾਰੀ ਦਿੰਦਾ ਹੋਇਆ

ਅੰਮ੍ਰਿਤਸਰ: ਪੰਜਾਬ ਪੁਲਿਸ ਵਲੋਂ ਨਸ਼ਾ ਅਤੇ ਗੈਰ ਕਾਨੂੰਨੀ ਕੰਮਾਂ 'ਤੇ ਨਕੇਲ ਕੱਸਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਬੈਕਵਰਡ ਅਤੇ ਫਾਰਵਰਡ ਲਿੰਕ ਰਾਹੀਂ ਤਿੰਨ ਦੋਸ਼ੀਆਂ ਕੋਲੋਂ ਕਰੀਬ 56 ਲੱਖ ਰੁਪਏ ਦੀ ਹਵਾਲਾ ਰਾਸ਼ੀ ਬਰਾਮਦ ਕੀਤੀ ਹੈ। ਤਿੰਨੋਂ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਫੜੇ ਗਏ ਹਨ।

ਕਾਬੂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕਾਰਵਾਈ: ਇਸ ਸਬੰਧੀ ਡੀਐੱਸਪੀ ਸੁਖਜਿੰਦਰ ਸਿੰਘ ਥਾਪੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਫਰਵਰੀ ਨੂੰ ਘਰਿੰਡਾ ਪੁਲਿਸ ਨੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿੱਚ ਸਰਵਣ ਸਿੰਘ, ਸੁਖਦੇਵ ਸਿੰਘ, ਵਿਸ਼ਾਲ, ਹਰਮੀਤ ਨਾਰਲੀ ਅਤੇ ਹਰੀ ਸੁਰ ਸਿੰਘ ਸ਼ਾਮਲ ਸਨ। ਇਨ੍ਹਾਂ ਮੁਲਜ਼ਮਾਂ ਕੋਲੋਂ 31 ਕਰੋੜ ਰੁਪਏ ਦੀ ਕਰੀਬ 4.5 ਕਿਲੋ ਹੈਰੋਇਨ, ਚਾਰ ਵਾਹਨ ਅਤੇ ਇੱਕ ਟਰੈਕਟਰ ਬਰਾਮਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਦੇ ਖਾਤੇ ਵਿੱਚ ਪਈ 3.88 ਲੱਖ ਰੁਪਏ ਦੀ ਰਕਮ ਵੀ ਫਰੀਜ਼ ਕਰ ਦਿੱਤੀ ਗਈ ਸੀ।

ਤਿੰਨ ਮੁਲਜ਼ਮਾਂ ਤੋਂ 56 ਲੱਖ ਬਰਾਮਦ: ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਵਿੱਚੋਂ ਵਿਸ਼ਾਲ ਵਾਸੀ ਅਟਾਰੀ ਤੋਂ ਪੁੱਛਗਿਛ ਕਰਨ ’ਤੇ ਹਵਾਲਾ ਨੈੱਟਵਰਕ ਦਾ ਪਤਾ ਲੱਗਿਆ। ਉਸ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕੀਤੀ ਗਈ ਅਤੇ ਪੁੱਛਗਿੱਛ ਕੀਤੀ ਗਈ। ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਗਈ ਅਤੇ ਪਹਿਲਾਂ ਗ੍ਰੀਨ ਐਨਕਲੇਵ ਦੇ ਰਹਿਣ ਵਾਲੇ ਰਾਜੀਵ ਜੈਨ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਕੋਲੋਂ 30 ਲੱਖ ਰੁਪਏ ਬਰਾਮਦ ਹੋਏ ਹਨ। ਇਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਉਹ ਗੁਰਪ੍ਰੀਤ ਸਿੰਘ ਵਾਸੀ ਫ਼ਿਰੋਜ਼ਪੁਰ ਅਤੇ ਅਨੋਖ ਸਿੰਘ ਵਾਸੀ ਲੁਧਿਆਣਾ ਤੋਂ ਡਰੱਗ ਮਨੀ ਵੀ ਲੈਂਦਾ ਹੈ, ਜਿਸ ਤੋਂ ਬਾਅਦ ਉਹ ਵੀ ਫੜੇ ਗਏ। ਇਸ ਤਰ੍ਹਾਂ ਪੁਲਿਸ ਨੇ ਮੁਲਜ਼ਮਾਂ ਨੂੰ 55 ਲੱਖ 90 ਹਜ਼ਾਰ ਅਤੇ 550 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਮੁਲਜ਼ਮਾਂ ਦੀ ਜਾਇਦਾਦ ਦੀ ਵੀ ਹੋ ਰਹੀ ਜਾਂਚ: ਇਸ ਦੇ ਨਾਲ ਹੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੰਨ੍ਹਾਂ ਮੁਲਜ਼ਮਾਂ ਦੇ ਵੱਧ ਤੋਂ ਵੱਧ ਫਾਰਵਰਡ ਅਤੇ ਬੈਕਵਰਡ ਲਿੰਕਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਵਲੋਂ ਕਾਲੇ ਧਨ ਨਾਲ ਬਣਾਈ ਗਈ ਜਾਇਦਾਦ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਜਾਇਦਾਦ ਮੁਲਜ਼ਮਾਂ ਦੀ ਪਾਈ ਗਈ ਤਾਂ ਉਸ ਨੂੰ ਫਰੀਜ ਕਰ ਦਿੱਤਾ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.