ETV Bharat / state

105 ਸਾਲ ਪੁਰਾਣੀ ਕਰੰਸੀ ! ਇਸ ਨੌਜਵਾਨ ਕੋਲ 20 ਦੇਸ਼ਾਂ ਤੋਂ ਵੱਧ ਦੀ ਕਰੰਸੀ ਕੁਲੈਕਸ਼ਨ, ਤਸਵੀਰਾਂ ਵੇਖ ਹੋ ਜਾਓਗੇ ਹੈਰਾਨ

author img

By ETV Bharat Punjabi Team

Published : Feb 15, 2024, 9:49 AM IST

105 Years Old Currency Collection: ਸ਼ੀਸ਼ੇ ਵਿੱਚ ਲੱਗੇ ਇਹ ਰੰਗ ਬਿਰੰਗੇ ਕਰੀਬ ਦੋ ਦਰਜਨ ਦੇਸ਼ਾਂ ਦੇ ਨੋਟਾਂ ਅਤੇ ਸਿੱਕਿਆਂ ਦੀਆਂ ਤਸਵੀਰਾਂ ਕਿਸੇ ਅਜਾਇਬ ਘਰ ਦੀਆਂ ਨਹੀਂ ਹਨ, ਬਲਕਿ ਇੱਕ ਦੁਕਾਨ ਦੇ ਕਾਊਂਟਰ ਦੀਆਂ ਹਨ। ਦੁਕਾਨਦਾਰ ਰਾਹੁਲ ਬਜਾਜ ਨੂੰ ਕਰੰਸੀ ਕੁਲੈਕਸ਼ਨ ਕਰਨ ਦਾ ਸ਼ੌਂਕ ਹੈ। ਪੜ੍ਹੋ ਪੂਰੀ ਖ਼ਬਰ।

105 Years Old Currency Collection
105 Years Old Currency Collection

ਇਸ ਨੌਜਵਾਨ ਕੋਲ 20 ਦੇਸ਼ਾਂ ਤੋਂ ਵੱਧ ਦੀ ਕਰੰਸੀ ਕੁਲੈਕਸ਼ਨ, ਤਸਵੀਰਾਂ ਵੇਖ ਹੋ ਜਾਓਗੇ ਹੈਰਾਨ

ਅੰਮ੍ਰਿਤਸਰ: ਸ਼ਹਿਰ ਵਿੱਚ ਗਾਰਮੈਂਟ ਦੀ ਦੁਕਾਨ ਚਲਾਉਂਦੇ ਨੌਜਵਾਨ ਰਾਹੁਲ ਬਜਾਜ ਨੂੰ ਕਰੰਸੀ ਇੱਕਠੇ ਕਰਨ ਦਾ ਸ਼ੌਂਕ ਹੈ। ਰਾਹੁਲ ਵੱਲੋਂ ਕਰੀਬ 17 ਸਾਲ ਪਹਿਲਾਂ ਸ਼ੁਰੂ ਕੀਤੇ ਆਪਣੇ ਵਿਲੱਖਣ ਸ਼ੌਂਕ ਦੇ ਚੱਲਦਿਆਂ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਦੀਆਂ ਕਰੰਸੀਆਂ ਨੂੰ ਇਕੱਠਾ ਕਰਨਾ ਸ਼ੁਰੂ ਕੀਤਾ ਗਿਆ। ਇਸ ਤੋਂ ਬਾਅਦ ਅੱਜ ਇਹ ਦੁਕਾਨਦਾਰ ਗਾਹਕਾਂ ਸਣੇ ਹਰ ਆਉਂਦੇ ਜਾਂਦੇ ਨੂੰ ਪੁਰਾਣੀ ਕਰੰਸੀ ਅਤੇ ਪੁਰਾਣੇ ਨੋਟਾਂ ਰਾਹੀਂ ਬੀਤੀਆਂ ਯਾਦਾਂ ਨਾਲ ਜੋੜਨ ਦਾ ਕੰਮ ਕਰ ਰਿਹਾ ਹੈ।

ਅੰਗਰੇਜਾਂ ਵੇਲ੍ਹੇ ਦੀ ਕਰੰਸੀ ਵੀ ਮੌਜੂਦ: ਭਾਰਤ ਸਣੇ ਵੱਖ ਵੱਖ ਦੇਸ਼ਾਂ ਦੇ ਨੋਟ ਅਤੇ ਸਿੱਕੇ ਸਾਂਭੀ ਬੈਠੇ ਦੁਕਾਨਦਾਰ ਰਾਹੁਲ ਬਜਾਜ ਨੇ ਦੱਸਿਆ ਕਿ ਉਸ ਨੂੰ ਕਰੀਬ 17 ਸਾਲ ਪਹਿਲਾਂ ਇਹ ਸ਼ੌਂਕ ਉਦੋਂ ਪੈਦਾ ਹੋਇਆ, ਜਦੋਂ ਉਸ ਨੂੰ ਸਾਲ 1919 ਦਾ ਇਕ ਰੁਪਏ ਦਾ ਨੋਟ ਮਿਲਿਆ ਅਤੇ ਇਹ ਨੋਟ ਅੰਗਰੇਜ਼ਾਂ ਵੇਲ੍ਹੇ, ਅੱਜ ਦੇ ਹਜ਼ਾਰ ਬਰਾਬਰ ਗਿਣੇ ਜਾਂਦੇ ਸਨ। ਇਸੇ ਇਕ ਰੁਪਏ ਦੇ ਨੋਟ ਨੂੰ ਮਿਲਣ ਤੋਂ ਬਾਅਦ ਅਤੇ ਇਸ ਦੀ ਅਹਿਮੀਅਤ ਜਾਣ ਕੇ ਉਸ ਵੱਲੋਂ ਪੁਰਾਣੀ ਕਰੰਸੀ ਨੂੰ ਯਾਦਾਂ ਵਜੋਂ ਅਗਲੀ ਪੀੜੀ ਨੂੰ ਜਾਣੂ ਕਰਵਾਉਣ ਅਤੇ ਯਾਦਾਂ ਨਾਲ ਜੋੜੇ ਰੱਖਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਨੋਟ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗਏ।

ਕਰੀਬ 20 ਦੇਸ਼ਾਂ ਦੀ ਕਰੰਸੀ ਕੁਲੈਕਸ਼ਨ: ਰਾਹੁਲ ਨੇ ਦੱਸਿਆ ਕਿ ਉਸ ਦੀ ਇੱਕ ਕੱਪੜਿਆਂ ਦੀ ਦੁਕਾਨ ਹੈ, ਜਿੱਥੇ ਅਕਸਰ ਕੁਝ ਗਾਹਕ ਅਜਿਹੇ ਵੀ ਆਉਂਦੇ ਹਨ, ਜੋ ਕਾਊਂਟਰ ਉੱਤੇ ਲੱਗੇ ਵੱਖ ਵੱਖ ਦੇਸ਼ਾਂ ਦੇ ਨੋਟ ਦੇਖਦੇ ਹਨ ਅਤੇ ਉਨ੍ਹਾਂ ਬਾਰੇ ਜਾਣਦੇ ਵੀ ਹਨ। ਜੇਕਰ ਉਨ੍ਹਾਂ ਕੋਲ ਵੀ ਕੋਈ ਵਿਲੱਖਣ ਨੋਟ ਹੋਵੇ ਤਾਂ ਤੋਹਫੇ ਅਤੇ ਪਿਆਰ ਵਜੋਂ ਮੈਨੂੰ ਦੇ ਜਾਂਦੇ ਹਨ। ਰਾਹੁਲ ਨੇ ਦੱਸਿਆ ਕਿ ਉਸ ਕੋਲ 105 ਸਾਲ ਪੁਰਾਣੇ ਯਾਨੀ 1919 ਦੇ ਨੋਟ ਤੋਂ ਇਲਾਵਾ ਕਰੀਬ 20 ਦੇਸ਼ਾਂ ਦੇ ਕਰੰਸੀ ਨੋਟ ਮੌਜੂਦ ਹਨ ਜਿਸ ਵਿੱਚ ਅਮਰੀਕਾ, ਕੈਨੇਡਾ, ਜਰਮਨੀ, ਇਟਲੀ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ, ਥਾਈਲੈਂਡ ਅਤੇ ਬਹੁਤ ਸਾਰੇ ਦੇਸ਼ਾਂ ਦੇ ਨੋਟ ਮੌਜੂਦ ਹਨ।

ਪੁਰਾਣੀ ਕਰੰਸੀ ਦੀ ਕੀਮਤ ਤੋਂ ਜਾਣੂ ਕਰਵਾਉਣਾ: ਰਾਹੁਲ ਨੇ ਦੱਸਿਆ ਕਿ ਇਸ ਕਰੰਸੀ ਨੂੰ ਇਕੱਠਾ ਕਰਨਾ ਅਤੇ ਹੋਰਨਾਂ ਲੋਕਾਂ ਨੂੰ ਦਿਖਾਉਣ ਦਾ ਮੰਤਵ ਸਿਰਫ ਤੇ ਸਿਰਫ ਆਪਣੀ ਨੌਜਵਾਨ ਅਤੇ ਆਉਣ ਵਾਲੀ ਪੀੜੀ ਨੂੰ ਪਿਛੋਕੜ ਦੇ ਨਾਲ ਜੋੜਨਾ ਹੈ, ਤਾਂ ਜੋ ਇਨ੍ਹਾਂ ਨੋਟਾਂ ਜਾਂ ਸਿੱਕਿਆਂ ਨੂੰ ਦੇਖ ਕੇ ਉਹ ਜਾਣ ਸਕਣ ਕਿ ਅੱਜ ਤੋਂ 20 ਸਾਲ, 50 ਸਾਲ ਜਾਂ 70 ਸਾਲ ਪਹਿਲਾਂ ਕਿਹੜੀ ਕਰੰਸੀ ਨਾਲ ਕਿੰਨਾ ਕੁ ਕੁਝ ਖਰੀਦਿਆ ਜਾ ਸਕਦਾ ਸੀ। ਰਾਹੁਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੁਰਾਣੀਆਂ ਬੇਸ਼ਕੀਮਤੀ ਚੀਜ਼ਾਂ ਨੂੰ ਵੇਚਣ ਦੀ ਬਜਾਏ, ਉਨ੍ਹਾਂ ਦੀ ਚੰਗੇ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਕੇ ਸਜਾਇਆ ਜਾਣਾ ਚਾਹੀਦਾ ਹੈ, ਤਾਂ ਜੋ ਅਸੀਂ ਆਪਣੇ ਪੁਰਾਣੇ ਸਮੇਂ ਦੇ ਨਾਲ ਜੁੜੇ ਰਹਿ ਸਕੀਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.