ETV Bharat / state

ਨਵਜੋਤ ਸਿੱਧੂ ਧੜੇ ਵੱਲੋਂ ਬਠਿੰਡਾ ਵਿੱਚ ਮੀਟਿੰਗ, ਕਿਹਾ- 2024 ਲੋਕ ਸਭਾ ਚੋਣ ਜਿੱਤ ਲਈ ਨਵਜੋਤ ਸਿੱਧੂ ਵਰਗੇ ਮਜ਼ਬੂਤ ਲੀਡਰ ਦੀ ਜ਼ਰੂਰਤ

author img

By ETV Bharat Punjabi Team

Published : Feb 15, 2024, 7:28 AM IST

Lok Sabha Election 2024: ਬਠਿੰਡਾ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੱਧੂ ਦੇ ਹੱਕ ਵਿੱਚ ਉਨ੍ਹਾਂ ਦੇ ਕਾਂਗਰਸੀ ਸਮਰਥਕਾਂ ਨੇ ਮੀਟਿੰਗ ਕੀਤੀ। ਇਸ ਦੌਰਾਨ ਜਿੱਥੇ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਲੋਕ ਸਭਾ ਚੋਣਾਂ 2024 ਲਈ ਮਜ਼ਬੂਤ ਲੀਡਰ ਵਜੋਂ ਪੇਸ਼ ਕੀਤਾ ਉੱਥੇ ਹੀ ਕਿਸਾਨੀ ਧਰਨੇ ਦੀ ਵੀ ਗੱਲ ਰੱਖੀ।

Congress supporters of Navjot Sidhu held a meeting in Bathinda
ਨਵਜੋਤ ਸਿੱਧੂ ਧੜੇ ਵੱਲੋਂ ਬਠਿੰਡਾ ਵਿੱਚ ਮੀਟਿੰਗ

ਸਿੱਧੂ ਦੜੇ ਵੱਲੋਂ ਮੀਟਿੰਗ

ਬਠਿੰਡਾ: ਕਾਂਗਰਸ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਤੇਜ਼ ਤਰਾਰ ਲੀਡਰ ਨਵਜੋਤ ਸਿੰਘ ਸਿੱਧੂ ਟੀਮ ਦੇ ਮੈਂਬਰ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ ਮਹੇਸ਼ ਇੰਦਰ ਸਿੰਘ ਗਰੇਵਾਲ, ਸਰਜੀਤ ਸਿੰਘ ਧੀਮਾਨ ਅਤੇ ਹਰਵਿੰਦਰ ਸਿੰਘ ਲਾਡੀ ਆਦਿ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲਿਆ ਅਤੇ ਕਿਸਾਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਲਈ ਦਿੱਲੀ ਕੂਚ ਦੀ ਪੂਰਨ ਹਮਾਇਤ ਕੀਤੀ ਗਈ।

ਕਿਸਾਨਾਂ ਨੂੰ ਦਿੱਲੀ ਜਾਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਲਾਈਆਂ ਰੋਕਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਵਿਰੋਧੀ ਹੈ ਜਿਸ ਦਾ ਚਿਹਰਾ ਸਾਹਮਣੇ ਵੀ ਆਇਆ ਹੈ ਕਿਉਂਕਿ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਵਾਅਦੇ ਪ੍ਰਤੀ ਕੋਈ ਧਿਆਨ ਨਹੀਂ ਦਿੱਤਾ ਗਿਆ।ਇਸ ਮੌਕੇ ਸਿੱਧੂ ਟੀਮ ਮੈਂਬਰਾਂ ਨੇ ਸਾਫ ਲਫਜ਼ਾਂ ਵਿੱਚ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਨਵਜੋਤ ਸਿੰਘ ਸਿੱਧੂ ਵਰਗੇ ਸਾਫ ਸੁਥਰੇ ਅਕਸ ਵਾਲੇ ਲੀਡਰਾਂ ਦੀ ਜਰੂਰਤ ਹੈ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਏ ਕੇ ਕੌਮੀ ਪ੍ਰਧਾਨ ਮਲਿਕਾਅਰਜੁਨ ਖੜਗੇ ਵੱਲੋਂ ਵਰਕਰ ਸੰਮੇਲਨ ਵਿੱਚ ਸ਼ਾਮਿਲ ਹੋਣ ਮੌਕੇ ਕਾਂਗਰਸ ਵੱਲੋਂ ਕਾਂਗਰਸ ਤਿੰਨ ਸਾਬਕਾ ਪ੍ਰਧਾਨਾਂ ਨੂੰ ਸੱਦਾ ਦਿੱਤਾ ਗਿਆ ਪਰ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਵੀ ਲੀਡਰਸ਼ਿਪ ਦੇ ਆਗੂ ਨੇ ਸੱਦਾ ਨਹੀਂ ਦਿੱਤਾ। ਜਿਸ ਕਰਕੇ ਉਹ ਆਪਣੀ ਟੀਮ ਨਾਲ ਮੀਟਿੰਗ ਵਿੱਚ ਸ਼ਾਮਿਲ ਨਹੀਂ ਹੋਏ। ਚੰਗਾ ਹੁੰਦਾ ਉਹਨਾਂ ਨੂੰ ਸੱਦਾ ਦਿੱਤਾ ਜਾਂਦਾ ਅਤੇ ਨਵਜੋਤ ਸਿੰਘ ਸਿੱਧੂ ਦੀ ਸ਼ਮੂਲੀਅਤ ਨਾਲ ਇਕੱਠ ਹੋਰ ਜ਼ਿਆਦਾ ਵੱਡਾ ਹੋਣਾ ਸੀ। ਉਹਨਾਂ ਕਿਹਾ ਕਿ ਕਾਂਗਰਸ ਨੂੰ ਪੁਰਾਣੀ ਨੀਤੀ ਤਹਿਤ ਮਜਬੂਤ ਕਰਨ ਲਈ ਸ਼ੱਕੀ ਅਕਸ ਵਾਲੇ ਲੀਡਰਾਂ ਨੂੰ ਪਾਸੇ ਕਰਕੇ ਸਾਫ ਅਕਸ ਵਾਲੇ ਲੀਡਰਾਂ ਨੂੰ ਅੱਗੇ ਲਿਆਉਣ ਦੀ ਜ਼ਰੂਰਤ ਹੈ।

ਇਸ ਮੌਕੇ ਜਦੋਂ ਉਹਨਾਂ ਨੂੰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਕਿਸਾਨੀ ਅੰਦੋਲਨ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦੀ ਰਾਹੁਲ ਗਾਂਧੀ ਨਾਲ ਫੋਨ ਉੱਤੇ ਗੱਲਬਾਤ ਕਰਾਉਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਹ ਠੋਸ ਜਵਾਬ ਦੇਣ ਦੀ ਬਜਾਏ ਗੱਲ ਨੂੰ ਗੋਲ ਮੋਲ ਕਰ ਗਏ ਅਤੇ ਕਿਹਾ ਕਿ ਲੀਡਰਸ਼ਿਪ ਨਾਲ ਨਵਜੋਤ ਸਿੰਘ ਸਿੱਧੂ ਦਾ ਵਿਵਾਦ ਚੱਲਦਾ ਹੈ। ਕਾਂਗਰਸ ਹਾਈ ਕਮਾਂਡ ਨੂੰ ਚਾਹੀਦਾ ਹੈ ਕਿ ਉਹ ਦੋਨਾਂ ਨੂੰ ਬਿਠਾ ਕੇ ਗਿਲੇ ਸ਼ਿਕਵੇ ਦੂਰ ਕਰਨ। ਨਵਜੋਤ ਸਿੰਘ ਸਿੱਧੂ ਦੀ ਰੈਲੀ ਕਰਵਾਉਣ ਵਾਲੇ ਨੌਜਵਾਨ ਨੇ ਕਿਹਾ ਕਿ ਕਾਂਗਰਸ ਨੂੰ ਛੱਡ ਚੁੱਕੇ ਭ੍ਰਿਸ਼ਟਾਚਾਰ ਨਾਲ ਲਿਪਤ ਮੰਤਰੀ ਨੂੰ ਮੁੜ ਕਾਂਗਰਸ ਵਿੱਚ ਲਿਆਉਣ ਦੀ ਕੀ ਲੋੜ ਪਈ ਸੀ, ਆਖਰ ਕਿਉਂ ਪਾਰਟੀ ਪ੍ਰਧਾਨ ਵੱਲੋਂ ਅਜਿਹੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਜੋ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸ ਲੀਡਰਸ਼ਿਪ ਨੂੰ ਚੰਗੇ ਕਿਰਦਾਰ ਵਾਲੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.