ETV Bharat / state

ਸ਼ਹਿਰ ਵਿੱਚ ਮਸ਼ਹੂਰ ਬਾਬਾ ਪੱਖੀਆਂ ਵਾਲਾ, ਕੈਨੇਡਾ-ਅਮਰੀਕਾ ਵਾਲੇ ਵੀ ਮਾਰ ਰਹੇ ਇਨ੍ਹਾਂ ਦੀ ਪੱਖੀਆਂ ਦੀ ਝੱਲ

author img

By ETV Bharat Punjabi Team

Published : Mar 20, 2024, 11:01 AM IST

Baba Pakhiya Wala Ludhiana: ਲੁਧਿਆਣਾ ਵਿੱਚ ਬਾਬਾ ਪੱਖੀਆਂ ਵਾਲੇ ਦੇ ਨਾਮ ਨਾਲ ਮਸ਼ਹੂਰ ਇਸ ਬਾਬੇ ਦੇ ਸੰਘਰਸ਼ ਤੋਂ ਹਰ ਕਿਸੇ ਨੂੰ ਸੇਧ ਲੈਣ ਦੀ ਲੋੜ ਹੈ। ਪਰਿਵਾਰ ਨੂੰ ਛੱਡ ਕੇ ਫੁੱਟਪਾਥ ਉੱਤੇ ਸੌੰਣ ਲਈ ਮਜਬੂਰ ਹੋਇਆ ਬਾਬਾ, ਅੱਜ ਸ਼ਾਨ ਨਾਲ ਰਹਿੰਦਾ ਹੈ ਬਾਬਾ ਪੱਖੀਆਂ ਵਾਲਾ। ਅਮਰੀਕਾ ਕੈਨੇਡਾ ਅਤੇ ਵਿਦੇਸ਼ਾਂ ਤੱਕ ਇਨ੍ਹਾਂ ਦੀਆਂ ਪੱਖੀਆਂ ਦੀ ਮੰਗ ਹੈ। ਇੱਥੋ ਤੱਕ ਕਿ ਹੁਣ ਕਈ ਮਹਿਲਾਵਾਂ ਨੂੰ ਰੁਜ਼ਗਾਰ ਵੀ ਦਿੱਤਾ ਹੈ। ਵੇਖੋ ਇਹ ਸਪੈਸ਼ਲ ਰਿਪੋਰਟ।

Baba Pakhiya Wala Ludhiana
Baba Pakhiya Wala Ludhiana

ਕੈਨੇਡਾ-ਅਮਰੀਕਾ ਵਾਲੇ ਵੀ ਮਾਰ ਰਹੇ ਇਨ੍ਹਾਂ ਦੀ ਪੱਖੀਆਂ ਦੀ ਝੱਲ

ਲੁਧਿਆਣਾ: ਸ਼ਹਿਰ ਵਿੱਚ ਬਾਬਾ ਪੱਖੀਆਂ ਵਾਲੇ ਦੇ ਨਾਂਅ ਤੋਂ ਮਸ਼ਹੂਰ ਬਜ਼ੁਰਗ ਓਮ ਪ੍ਰਕਾਸ਼ ਸਿੰਘ ਦੀ ਉਮਰ ਭਾਵੇਂ 70 ਸਾਲ ਦੀ ਹੈ, ਪਰ ਉਹ ਅੱਜ ਵੀ ਸੜਕਾਂ ਉੱਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਵਸਤੂਆਂ ਵੇਚ ਕੇ ਨਾ ਸਿਰਫ ਆਪਣਾ ਗੁਜ਼ਾਰਾ ਚਲਾ ਰਿਹਾ ਹੈ, ਸਗੋਂ ਪੰਜਾਬੀ ਸੱਭਿਆਚਾਰ ਉੱਤੇ ਵਿਰਸੇ ਨੂੰ ਵੀ ਸੰਭਾਲੀ ਬੈਠਾ ਹੈ। ਇੰਨਾ ਹੀ ਨਹੀਂ, ਚੰਗੀ ਕਮਾਈ ਕਰ ਰਿਹਾ ਹੈ ਅਤੇ ਜਿੰਦਗੀ ਵਿੱਚ ਖੁਸ਼ ਹੈ।

ਜਦੋਂ ਪਰਿਵਾਰ ਨੇ ਉਨ੍ਹਾਂ ਦਾ ਸਾਥ ਛੱਡਿਆ, ਤਾਂ ਪੰਜਾਬੀ ਸੱਭਿਆਚਾਰ ਨੇ ਉਨ੍ਹਾਂ ਦੀ ਬਾਂਹ ਫੜੀ ਅਤੇ ਅੱਜ ਸੜਕਾਂ ਤੇ ਸੋਣ ਵਾਲਾ ਇਹ ਬਾਬਾ ਆਲੀਸ਼ਾਨ ਜ਼ਿੰਦਗੀ ਬਤੀਤ ਕਰ ਰਿਹਾ ਹੈ। ਨਾ ਹੀ ਪਰਿਵਾਰ ਤੋਂ ਕੋਈ ਮਲਾਲ ਹੈ ਅਤੇ ਨਾ ਹੀ ਰੱਬ ਤੋਂ ਕੋਈ ਗਿਲਾ। ਮੋਢੇ ਉੱਤੇ ਪੱਖੀਆਂ ਰੱਖ ਕੇ ਵੇਚਣ ਵਾਲੇ ਬਾਬਾ ਜੀ ਅੱਜ ਸਕੂਟਰ ਉੱਤੇ ਪੱਖੀਆਂ ਵੇਚਦੇ ਹਨ। ਹੁਣ ਉਨ੍ਹਾਂ ਕੋਲ ਨਾ ਸਿਰਫ ਪੱਖੀਆਂ ਹਨ, ਸਗੋਂ ਪੰਜਾਬੀ ਸੱਭਿਆਚਾਰ ਨਾਲ ਜੁੜੇ ਪੁਰਾਣੇ ਪਿੱਤਲ ਦੇ ਭਾਂਡੇ, ਪੁਰਾਣੀਆਂ ਚਾਦਰਾਂ, ਕਸੀਦੇ, ਫੁਲਕਾਰੀਆਂ ਕਰੋਸ਼ੀਏ, ਚਰਖੇ ਅਤੇ ਹੋਰ ਅਨੇਕਾਂ ਅਜਿਹਾ ਸਮਾਨ ਹੈ, ਜੋ ਉਹ ਤਿਆਰ ਕਰਵਾ ਕੇ ਵਿਦੇਸ਼ਾਂ ਦੇ ਵਿੱਚ ਭੇਜਦੇ ਹਨ।

ਅਮਰੀਕਾ ਕੈਨੇਡਾ ਜਾਂਦੀਆਂ ਪੱਖੀਆਂ: ਓਮ ਪ੍ਰਕਾਸ਼ ਸਿੰਘ ਉਰਫ ਬਾਬਾ ਜੀ ਪੱਖੀਆਂ ਵਾਲੇ ਦੱਸਦੇ ਹਨ ਕਿ ਉਨ੍ਹਾਂ ਨੇ 15 ਸਾਲ ਪਹਿਲਾਂ ਆਪਣੇ ਪਰਿਵਾਰ ਦਾ ਸਾਥ ਛੱਡ ਦਿੱਤਾ ਸੀ। ਪਰਿਵਾਰ ਵਿੱਚ ਕਲੇਸ਼ ਹੋਣ ਕਰਕੇ ਉਨ੍ਹਾਂ ਨੇ ਅਲੱਗ ਰਹਿਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੇ ਪੱਖੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ ਅਤੇ ਮੀਡੀਆ ਨੇ ਉਨ੍ਹਾਂ ਦੀ ਇੰਨੀਆਂ ਖਬਰਾਂ ਚਲਾਈਆਂ ਕਿ ਉਨ੍ਹਾਂ ਦੀਆਂ ਪੱਖੀਆਂ ਦੂਰ-ਦੂਰ ਤੱਕ ਮਸ਼ਹੂਰ ਹੋ ਗਈਆਂ। ਉਨ੍ਹਾਂ ਦੱਸਿਆ ਕਿ ਪਿਛਲੀ ਲੋਹੜੀ ਉੱਤੇ ਉਨ੍ਹਾਂ ਨੂੰ ਲਗਭਗ ਇਕ ਲੱਖ ਰੁਪਏ ਦੇ ਵਿਦੇਸ਼ਾਂ ਤੋਂ ਆਰਡਰ ਆਏ ਹਨ। ਉਨ੍ਹਾਂ ਨੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਵਿੱਚ ਕੋਰੀਅਰ ਰਾਹੀਂ ਆਪਣੀਆਂ ਪੱਖੀਆਂ ਭੇਜੀਆਂ ਹਨ। ਉਨ੍ਹਾਂ ਕਿਹਾ ਕਿ ਐਨਆਰਆਈ ਭਰਾਵਾਂ ਵੱਲੋਂ ਹੀ ਉਨ੍ਹਾਂ ਨੂੰ ਸਕੂਟਰ ਭੇਂਟ ਵਿੱਚ ਲੈ ਕੇ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇੱਕ ਕਮਰਾ ਵੀ ਐਨਆਰਆਈ ਭਰਾਵਾਂ ਨੇ ਲੈ ਕੇ ਦਿੱਤਾ ਹੈ ਜਿੱਥੇ ਡੇਢ ਤੋਂ ਦੋ ਲੱਖ ਰੁਪਏ ਦਾ ਫਰਨੀਚਰ ਹੈ।

Baba Pakhiya Wala Ludhiana
ਮਸ਼ਹੂਰ ਬਾਬਾ ਪੱਖੀਆਂ ਵਾਲਾ

ਪਰਿਵਾਰ ਨੇ ਛੱਡਿਆ ਸਾਥ: ਓਮ ਪ੍ਰਕਾਸ਼ ਸਿੰਘ ਦੱਸਦੇ ਹਨ ਕਿ ਕਈ ਸਾਲ ਪਹਿਲਾਂ ਹੀ ਉਹ ਆਪਣੇ ਪਰਿਵਾਰ ਨੂੰ ਛੱਡ ਚੁੱਕੇ ਹਨ। ਪਿਛਲੇ 15 ਸਾਲ ਤੋਂ ਇਹ ਕੰਮ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕਰੋਨਾ ਤੋਂ ਪਹਿਲਾਂ ਉਨ੍ਹਾਂ ਦਾ ਕੰਮ ਕਾਫੀ ਵਧੀਆ ਚੱਲਦਾ ਸੀ, ਪਰ ਉਸ ਤੋਂ ਬਾਅਦ ਕੰਮ ਵਿੱਚ ਕਾਫੀ ਫ਼ਰਕ ਪਿਆ। ਉਨ੍ਹਾਂ ਨੇ ਕਿਹਾ ਕਿ ਆਲਮਗੀਰ ਵਿੱਚ ਜਾ ਕੇ ਉਹ ਇੱਕ ਦਿਨ ਦੀ 200 ਪੱਖੀ ਵੀ ਵੇਚ ਦਿੰਦੇ ਸਨ, ਪਰ ਕਰੋਨਾ ਵਿੱਚ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ। ਉਸ ਤੋਂ ਬਾਅਦ ਮੁੜ ਤੋਂ ਹੁਣ ਉਨ੍ਹਾਂ ਦਾ ਕੰਮ ਸ਼ੁਰੂ ਹੋਇਆ ਹੈ ਅਤੇ ਹੁਣ ਐਨਆਰਆਈ ਉਨ੍ਹਾਂ ਦਾ ਸਾਥ ਦੇ ਰਹੇ ਹਨ। ਓਮ ਪ੍ਰਕਾਸ਼ ਨੇ ਕਿਹਾ ਕਿ ਪਰਿਵਾਰ ਹੁਣ ਉਨ੍ਹਾਂ ਦੀਆਂ ਮਿੰਨਤ ਕਰਦਾ ਹੈ ਕਿ ਉਹ ਉਨ੍ਹਾਂ ਦੇ ਨਾਲ ਆ ਕੇ ਰਹਿਣ, ਪਰ ਹੁਣ ਉਹ ਪਰਿਵਾਰ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਉਨ੍ਹਾਂ ਲਈ ਖ਼ਤਮ ਹੋ ਚੁੱਕਾ ਹੈ ਅਤੇ ਪਰਿਵਾਰ ਲਈ ਉਹ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਹੁਣ ਸਾਰੀ ਉਮਰ ਪਰਿਵਾਰ ਤੋਂ ਬਿਨਾਂ ਹੀ ਕੱਢਣਗੇ। 70 ਸਾਲ ਦੀ ਉਮਰ ਵਿੱਚ ਵੀ ਉਹ ਕੰਮ ਕਰਦੇ ਹਨ, ਸਕੂਟਰ ਚਲਾਉਂਦੇ ਹਨ ਅਤੇ ਪੱਖੀਆਂ ਵੇਚਦੇ ਹਨ।

ਪੰਜਾਬੀ ਸੱਭਿਆਚਾਰ: ਬਾਬਾ ਜੀ ਨੇ ਦੱਸਿਆ ਕਿ ਉਹ ਪੱਖੀਆਂ ਕੁੜੀਆਂ ਤੋਂ ਬਣਵਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ 20 ਤੋਂ 25 ਕੁੜੀਆਂ ਬਰਨਾਲਾ ਵਿੱਚ ਇਹ ਪੱਖੀਆਂ ਬਣਾਉਂਦੀਆਂ ਹਨ, ਜਿਨ੍ਹਾਂ ਤੋਂ ਉਹ ਇਹ ਪੱਖੀਆਂ ਲਿਆਉਂਦੇ ਹਨ। ਉਨ੍ਹਾਂ ਨੂੰ ਅਗਲੇ ਆਰਡਰ ਐਡਵਾਂਸ ਵਿੱਚ ਦੇ ਦਿੰਦੇ ਹਨ। ਓਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਕੁੜੀਆਂ ਨੂੰ ਵੀ ਰੁਜ਼ਗਾਰ ਦਿੱਤਾ ਹੋਇਆ ਹੈ। ਇਸ ਤੋਂ ਇਲਾਵਾ, ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਉਨ੍ਹਾਂ ਕੋਲ ਹਰ ਵਸਤੂ ਆਰਡਰ ਉੱਤੇ ਮੌਜੂਦ ਹੈ। ਉਨ੍ਹਾਂ ਕੋਲ ਪਿੱਤਲ ਦੇ ਭਾਂਡਿਆਂ ਤੋਂ ਲੈ ਕੇ ਫੁਲਕਾਰੀਆਂ ਤੱਕ ਉਪਲਬਧ ਹਨ, ਜੋ ਕਿ ਉਹ ਆਰਡਰ ਉੱਤੇ ਦਿੰਦੇ ਹਨ।

ਮੀਡੀਆਂ ਵਾਲਿਆਂ ਦਾ ਖਾਸ ਧੰਨਵਾਦ: ਓਮ ਪ੍ਰਕਾਸ਼ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਉਹ ਬੁੱਕਲ ਵਿੱਚ ਸਾਂਭੀ ਬੈਠੇ ਹਨ ਅਤੇ ਪੰਜਾਬੀ ਸੱਭਿਆਚਾਰ ਦੇ ਨਾਲ ਹੀ ਉਨ੍ਹਾਂ ਦਾ ਰੁਜ਼ਗਾਰ ਚੱਲਦਾ ਹੈ। ਉਨ੍ਹਾਂ ਨੇ ਕਿਹਾ ਕੋਈ ਸਮਾਂ ਸੀ, ਜਦੋਂ ਉਹ ਫੁੱਟਪਾਥ ਉੱਤੇ ਵੀ ਸੋਂਦੇ ਸਨ, ਪਰ ਅੱਜ ਉਹ ਆਪਣੇ ਕਮਰੇ ਵਿੱਚ ਰਹਿੰਦੇ ਹਨ ਅਤੇ ਸ਼ਾਂਤੀ ਭਰੀ ਜ਼ਿੰਦਗੀ ਜੀ ਰਹੇ ਹਨ। ਉਨ੍ਹਾਂ ਕਿਹਾ ਕਿ ਰੱਬ ਨਾਲ ਕੋਈ ਮਲਾਲ ਨਹੀਂ ਹੈ। ਬਾਬੇ ਨਾਨਕ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਬਾਬਾ ਪੱਖੀਆਂ ਵਾਲਿਆਂ ਨੇ ਕਿਹਾ ਕਿ ਬਹੁਤ ਵਿਸ਼ੇਸ਼ ਤੌਰ ਉੱਤੇ ਮੀਡੀਆ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦੀਆਂ ਖਬਰਾਂ ਵਿਦੇਸ਼ਾਂ ਤੱਕ ਪਹੁੰਚਾ ਦਿੱਤੀਆਂ ਅਤੇ ਉਨ੍ਹਾਂ ਨੂੰ ਬਹੁਤ ਮਦਦ ਮਿਲੀ। ਓਮ ਪ੍ਰਕਾਸ਼ ਨੇ ਕਿਹਾ ਕਿ ਉਨ੍ਹਾਂ ਨੂੰ ਖਾਤਿਆਂ ਵਿੱਚ ਪੈਸੇ ਵੀ ਆਏ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.