ETV Bharat / hukamnama

8 ਫੱਗਣ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By ETV Bharat Punjabi Team

Published : Feb 20, 2024, 6:23 AM IST

Daily Hukamnama: 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Daily Hukamnama
Daily Hukamnama

ਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਅੱਜ ਦਾ ਫੁਰਮਾਨ: ਦੇਵਗੰਧਾਰੀ ਮਹਲਾ ੫ ॥ ਉਲਟੀ ਰੇ ਮਨ ਉਲਟੀ ਰੇ ॥ ਸਾਕਤ ਸਿਉ ਕਰਿ ਉਲਟੀ ਰੇ ॥ ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥੨॥੪॥੩੭॥ ਮੰਗਲਵਾਰ, ੮ ਫੱਗਣ (ਸੰਮਤ ੫੫੫ ਨਾਨਕਸ਼ਾਹੀ) ੨੦ ਫਰਵਰੀ, ੨੦੨੪ (ਅੰਗ : ੫੩੫)

Daily Hukamnama Golden Temple 20 February 2024
ਅੱਜ ਦਾ ਹੁਕਮਨਾਮਾ

ਪੰਜਾਬੀ ਵਿਆਖਿਆ: ਦੇਵਗੰਧਾਰੀ ਮਹਲਾ ੫ ॥ ਹੇ ਮੇਰੇ ਮਨ! ਜੇਹੜੇ ਮਨੁੱਖ ਪਰਮਾਤਮਾ ਨਾਲੋਂ ਸਦਾ ਟੁੱਟੇ ਰਹਿੰਦੇ ਹਨ, ਉਹਨਾਂ ਨਾਲੋਂ ਆਪਣੇ ਆਪ ਨੂੰ ਸਦਾ ਪਰੇ ਰੱਖ, ਪਰੇ ਰੱਖ । ਹੇ ਮਨ! ਸਾਕਤ ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ । ਫਿਰ, ਸਾਕਤ ਦੀ ਸੰਗਤਿ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ ।੧।ਰਹਾਉ।ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ (ਤਿਵੇਂ ਪਰਮਾਤਮਾ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ) । ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤਿ੍ਰਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ।੧। ਹੇ ਕਿਰਪਾ ਦੇ ਘਰ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ (ਮੇਹਰ ਕਰ) ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ । ਹੇ ਦਾਸ ਨਾਨਕ! (ਆਖ—ਹੇ ਪ੍ਰਭੂ!) ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈ, ਮੇਰਾ ਸਿਰ ਤੇਰੇ ਸੰਤ ਜਨਾਂ ਦੇ ਪੈਰਾਂ ਹੇਠ ਪਿਆ ਰਹੇ ।੨।੪।੩੭। (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ

ETV Bharat Logo

Copyright © 2024 Ushodaya Enterprises Pvt. Ltd., All Rights Reserved.