ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਦੀ ਚਰਚਿਤ ਅਤੇ ਕਾਮਯਾਬ ਜੋੜੀ ਵਜੋਂ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੇ ਹਨ ਗਾਇਕ ਸੁਰਜੀਤ ਭੁੱਲਰ ਅਤੇ ਗਾਇਕਾ ਸਰਗੀ ਮਾਨ, ਜੋ ਅਪਣੇ ਨਵੇਂ ਦੋਗਾਣੇ 'ਭਾਬੀ ਵਰਸਿਜ਼ ਦਿਓਰ' ਨਾਲ ਇੱਕ ਵਾਰ ਮੁੜ ਧਮਾਲ ਪਾਉਣ ਜਾ ਰਹੇ ਹਨ, ਜਿੰਨਾਂ ਦੇ ਨਿਵੇਕਲੇ ਗਾਇਕੀ ਅੰਦਾਜ਼ ਦਾ ਇਜ਼ਹਾਰ ਕਰਵਾਉਂਦਾ ਇਹ ਦੋਗਾਣਾ ਭਲਕੇ 20 ਮਾਰਚ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
'ਬੁਲ 18' ਦੇ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਟਰੈਕ ਨੂੰ ਆਵਾਜ਼ਾਂ ਸੁਰਜੀਤ ਭੁੱਲਰ ਅਤੇ ਸਰਗੀ ਮਾਨ ਨੇ ਦਿੱਤੀਆਂ ਹਨ, ਜਦਕਿ ਇਸ ਦਾ ਸੰਗੀਤ ਜੋਆਏ ਅਤੁਲ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਦੇ ਬੋਲ ਬਿੱਟੂ ਚੀਮਾ ਨੇ ਰਚੇ ਹਨ ਜੋ ਇਸ ਤੋਂ ਪਹਿਲਾਂ ਵੀ ਉਕਤ ਜੋੜੀ ਦੇ ਗਾਏ ਕਈ ਹਿੱਟ ਅਤੇ ਅਪਾਰ ਮਕਬੂਲ ਗਾਣਿਆਂ ਨੂੰ ਕਲਮ ਬੱਧਤਾ ਦੇਣ ਵਿੱਚ ਅਹਿਮ ਯੋਗਦਾਨ ਪਾ ਚੁੱਕੇ ਹਨ।
ਦੇਸ਼ ਵਿਦੇਸ਼ ਵਿੱਚ ਅਪਣੀ ਸ਼ਾਨਦਾਰ ਗਾਇਨ ਕਲਾ ਦਾ ਲੋਹਾ ਮੰਨਵਾ ਰਹੀ ਉਕਤ ਜੋੜੀ ਦੇ ਸਾਹਮਣੇ ਆਉਣ ਜਾ ਰਹੇ ਇਸ ਇੱਕ ਹੋਰ ਉਮਦਾ ਟਰੈਕ ਦੇ ਨਿਰਮਾਤਾ ਅਜੇ ਭੁੱਲਰ ਅਤੇ ਪ੍ਰੋਜੈਕਟ ਮੈਨੇਜਰ ਜਸਵਿੰਦਰ ਸਿੰਘ ਹਨ, ਜਿੰਨਾਂ ਅਨੁਸਾਰ ਪੁਰਾਤਨ ਸਮੇਂ ਤੋਂ ਸੰਗੀਤਕ ਵੰਨਗੀਆਂ ਦਾ ਪ੍ਰਭਾਵੀ ਹਿੱਸਾ ਬਣਦਾ ਆ ਰਿਹਾ ਹੈ ਦਿੳਰ ਅਤੇ ਭਾਬੀ ਦਾ ਸਨੇਹ ਭਰਿਆ ਰਿਸ਼ਤਾ, ਜਿੰਨਾਂ ਨੂੰ ਸਮੇਂ ਦਰ ਸਮੇਂ ਕਈ ਗੀਤਕਾਰਾਂ, ਗਾਇਕ-ਗਾਇਕਾਵਾਂ ਨੇ ਵੱਖੋਂ ਵੱਖਰੇ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸੇ ਹੀ ਲੜੀ ਨੂੰ ਹੋਰ ਸੋਹਣੇ ਸੰਗੀਤਕ ਮੁਹਾਂਦਰੇ ਅਧੀਨ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਨੂੰ ਇਸ ਜੋੜੀ ਦੁਆਰਾ ਬਹੁਤ ਹੀ ਖੂਬਸੂਰਤੀ ਅਤੇ ਗਾਇਨ ਕੁਸ਼ਲਤਾ ਨਾਲ ਅੰਜ਼ਾਮ ਦਿੱਤਾ ਹੈ, ਜੋ ਸੁਣਨ ਵਾਲਿਆਂ ਨੂੰ ਭਰਪੂਰ ਪਸੰਦ ਆਵੇਗਾ।
ਅਸਲ ਪੰਜਾਬ ਦੇ ਠੇਠ ਦੇਸੀ ਰੰਗਾਂ ਦੀ ਤਰਜ਼ਮਾਨੀ ਕਰਦੇ ਇਸ ਦੋਗਾਣਾ ਟਰੈਕ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਮਸ਼ਹੂਰ ਨਿਰਦੇਸ਼ਕ ਆਰ ਸਵਾਮੀ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਇਸ ਗਾਇਕ ਜੋੜੀ ਦੇ ਕਈ ਗਾਣਿਆਂ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਹਾਲ ਹੀ ਵਿੱਚ ਗਾਏ ਅਪਣੇ ਕਈ ਦੋਗਾਣਿਆਂ ਨਾਲ ਸਰੋਤਿਆਂ ਅਤੇ ਦਰਸ਼ਕਾਂ ਦੇ ਦਿਲਾਂ ਵਿੱਚ ਲਗਾਤਾਰ ਰਾਜ ਕਰ ਰਹੇ ਗਾਇਕ ਸੁਰਜੀਤ ਭੁੱਲਰ ਅਤੇ ਗਾਇਕਾ ਸਰਗੀ ਮਾਨ ਅਨੁਸਾਰ ਉਨਾਂ ਦਾ ਇਹ ਨਵਾਂ ਦੋਗਾਣਾ ਵੀ ਬਹੁਤ ਹੀ ਮਿਆਰੀ ਸੰਗੀਤਕ ਮਾਪਦੰਢਾਂ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਨੂੰ ਹਰ ਪਰਿਵਾਰ ਇਕੱਠਿਆਂ ਬੈਠ ਕੇ ਸੁਣਨਾ ਪਸੰਦ ਕਰੇਗਾ।