ਰਿਲੀਜ਼ ਲਈ ਤਿਆਰ ਨਿਮਰਤ ਖਹਿਰਾ ਦਾ ਇਹ ਨਵਾਂ ਧਾਰਮਿਕ ਗੀਤ, ਇਸ ਦਿਨ ਹੋਵੇਗਾ ਰਿਲੀਜ਼

author img

By ETV Bharat Entertainment Team

Published : Feb 21, 2024, 10:34 AM IST

Nimrat Khaira

Nimrat Khaira Upcoming Song: ਹਾਲ ਹੀ ਵਿੱਚ ਗਾਇਕਾ-ਅਦਾਕਾਰਾ ਨਿਮਰਤ ਖਹਿਰਾ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਨੂੰ ਜਲਦ ਹੀ ਰਿਲੀਜ਼ ਕਰ ਦਿੱਤਾ ਜਾਵੇਗਾ।

ਚੰਡੀਗੜ੍ਹ: ਪੰਜਾਬੀ ਸੰਗੀਤ ਖੇਤਰ ਵਿੱਚ ਮਾਣਮੱਤੇ ਨਾਂਅ ਵਜੋਂ ਆਪਣੀ ਮੌਜ਼ੂਦਗੀ ਦਾ ਇਜ਼ਹਾਰ ਲਗਾਤਾਰ ਕਰਵਾ ਰਹੀ ਹੈ ਗਾਇਕਾ ਨਿਮਰਤ ਖਹਿਰਾ, ਜੋ ਆਪਣਾ ਨਵਾਂ ਧਾਰਮਿਕ ਗੀਤ 'ਕਾਇਨਾਤ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ 22 ਫ਼ਰਵਰੀ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈਨਲਜ਼ ਉੱਪਰ ਜਾਰੀ ਕੀਤਾ ਜਾ ਰਿਹਾ ਹੈ।

'ਬ੍ਰਾਊਨ ਸਟੂਡੀਓਜ਼' ਅਤੇ 'ਹਰਵਿੰਦਰ ਸਿੱਧੂ' ਵੱਲੋਂ ਵੱਡੇ ਪੱਧਰ ਉੱਤੇ ਸੰਗੀਤ ਮਾਰਕੀਟ ਵਿੱਚ ਰਿਲੀਜ਼ ਕੀਤੇ ਜਾ ਰਹੇ ਇਸ ਧਾਰਮਿਕ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬਹੁਤ ਖੂਬਸੂਰਤ ਅਤੇ ਰੂਹਾਨੀਅਤ ਰੰਗਾਂ ਨਾਲ ਅੋਤ ਪੋਤ ਕੀਤਾ ਗਿਆ ਹੈ, ਜਿਸ ਨੂੰ ਬਹੁਤ ਹੀ ਉਮਦਾ ਰੂਪ ਅਤੇ ਸ਼ਾਨਦਾਰ ਸੰਗੀਤਕ ਮੁਹਾਂਦਰੇ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਵਿੱਚ ਵੀ ਬੇਹੱਦ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।

ਸੰਗੀਤ ਦੇ ਨਾਲ-ਨਾਲ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ ਇਹ ਬੇਮਿਸਾਲ ਅਤੇ ਸੁਰੀਲੀ ਫਨਕਾਰਾਂ, ਜੋ ਦੇਸ਼ ਤੋਂ ਲੈ ਕੇ ਵਿਦੇਸ਼ੀ ਵਿਹੜਿਆਂ ਤੱਕ ਆਪਣੀ ਧਾਂਕ ਜਮਾਉਣ ਵਿੱਚ ਸਫ਼ਲ ਰਹੀ ਹੈ, ਜਿਸ ਦਾ ਇਜ਼ਹਾਰ ਉਸ ਦੇ ਵੱਖ-ਵੱਖ ਮੁਲਕਾਂ ਵਿੱਚ ਲਗਾਤਾਰ ਆਯੋਜਿਤ ਕੀਤੇ ਜਾ ਰਹੇ ਗ੍ਰੈਂਡ ਕੰਨਸਰਟ ਵੀ ਬਾਖ਼ੂਬੀ ਕਰਵਾ ਰਹੇ ਹਨ।

ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਕੁਝ ਬਿਹਤਰੀਨ ਗੀਤਾਂ 'ਦੂਰ ਦੂਰ', 'ਸੁਹਾਗਣ', 'ਮਹਾਰਾਣੀ ਜਿੰਦ ਕੌਰ', 'ਸ਼ਿਕਾਇਤਾਂ' ਅਤੇ 'ਮਾਣਮੱਤੀ' ਈਪੀ ਨਾਲ ਚਰਚਾ ਦਾ ਕੇਂਦਰ ਬਿੰਦੂ ਬਣੀ ਰਹੀ ਹੈ ਇਹ ਸ਼ਾਨਦਾਰ ਗਾਇਕਾ, ਜੋ ਬਤੌਰ ਅਦਾਕਾਰਾ ਵੀ ਅਪਣੀ ਬਹੁ-ਪੱਖੀ ਸ਼ਖਸ਼ੀਅਤ ਦਾ ਲੋਹਾ ਮੰਨਵਾਉਣ ਦੇ ਨਾਲ ਨਾਲ ਪੰਜਾਬੀ ਸਿਨੇਮਾ ਦੀਆਂ ਉੱਚ-ਕੋਟੀ ਅਦਾਕਾਰਾ ਵਿੱਚ ਵੀ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਹੀ ਹੈ।

ਨਿਮਰਤ ਖਹਿਰਾ
ਨਿਮਰਤ ਖਹਿਰਾ

ਜ਼ਿਲ੍ਹਾਂ ਅੰਮ੍ਰਿਤਸਰ ਨੇੜਲੇ ਬਟਾਲਾ ਕਸਬੇ ਨਾਲ ਸੰਬੰਧਤ ਇਸ ਹੋਣਹਾਰ ਗਾਇਕਾ ਅਤੇ ਅਦਾਕਾਰਾ ਦੇ ਹੁਣ ਤੱਕ ਦੇ ਕਰੀਅਰ ਵੱਲ ਝਾਤ ਮਾਰੀਏ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਸੁਰੀਲੀ ਆਵਾਜ਼ ਦੀ ਇਸ ਮਾਲਿਕਾ ਨੇ ਮਿਆਰੀ ਗਾਇਕੀ ਅਤੇ ਅਰਥ-ਭਰਪੂਰ ਫਿਲਮਾਂ ਦੀ ਚੋਣ ਨੂੰ ਹੀ ਹਮੇਸ਼ਾ ਤਰਜੀਹ ਦਿੱਤੀ ਹੈ ਅਤੇ ਇਹੀ ਕਾਰਨ ਹੈ ਕਿ ਉਸ ਦੀ ਗਾਇਕੀ ਅਤੇ ਫਿਲਮਾਂ ਨੂੰ ਹਰ ਪਰਿਵਾਰ ਇਕੱਠਿਆਂ ਸੁਣਨ ਅਤੇ ਵੇਖਣ ਦੀ ਤਾਂਘ ਰੱਖਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.