ETV Bharat / entertainment

ਇਸ ਦੋਗਾਣੇ ਲਈ ਮੁੜ ਇਕੱਠੇ ਹੋਏ ਗੁਰਨਾਮ ਭੁੱਲਰ ਅਤੇ ਸ਼ਿਪਰਾ ਗੋਇਲ, ਜਲਦ ਹੋਵੇਗਾ ਰਿਲੀਜ਼

author img

By ETV Bharat Entertainment Team

Published : Feb 28, 2024, 8:06 PM IST

Gurnam Bhullar and Shipra Goyal Song
Gurnam Bhullar and Shipra Goyal Song

Gurnam Bhullar And Shipra Goyal Song: ਹਾਲ ਹੀ ਵਿੱਚ ਗੁਰਨਾਮ ਭੁੱਲਰ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਵਿੱਚ ਗਾਇਕ ਦੇ ਨਾਲ ਗਾਇਕਾ ਸ਼ਿਪਰਾ ਗੋਇਲ ਗਾਉਂਦੀ ਨਜ਼ਰ ਆਵੇਗੀ।

ਚੰਡੀਗੜ੍ਹ: ਪੰਜਾਬੀ ਸੰਗੀਤਕ ਖੇਤਰ ਵਿੱਚ ਚਰਚਿਤ ਅਤੇ ਸਫ਼ਲ ਨਾਂਅ ਵਜੋਂ ਅਪਣਾ-ਅਪਣਾ ਸ਼ੁਮਾਰ ਕਰਵਾ ਰਹੇ ਹਨ ਗੁਰਨਾਮ ਭੁੱਲਰ ਅਤੇ ਸ਼ਿਪਰਾ ਗੋਇਲ, ਜੋ ਇੱਕ ਹੋਰ ਵਿਸ਼ੇਸ਼ ਦੋਗਾਣੇ 'ਤੇਰੇ ਆਲੀ ਗੱਲ ਕਿੱਥੇ' ਲਈ ਇੱਕ ਵਾਰ ਮੁੜ ਇਕੱਠੇ ਹੋਏ ਹਨ, ਜਿੰਨਾਂ ਦੀਆਂ ਸੁਰੀਲੀਆਂ ਅਤੇ ਮਨ ਨੂੰ ਛੂਹ ਲੈਣ ਵਾਲੀਆਂ ਆਵਾਜ਼ਾਂ ਨਾਲ ਸਜਿਆ ਇਹ ਦੋਗਾਣਾ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

ਸਦਾ ਬਹਾਰ ਸੰਗੀਤ ਭਰੇ ਰੰਗਾਂ ਅਤੇ ਨੌਜਵਾਨੀ ਜਜ਼ਬਿਆਂ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਸਿਰਜਨਾ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਦੁਆਰਾ ਬਹੁਤ ਹੀ ਉਮਦਾ ਅਤੇ ਤਕਨੀਕੀ ਪੱਖੋਂ ਉੱਚ ਪੱਧਰੀ ਮਾਪਦੰਡਾਂ ਅਧੀਨ ਕੀਤੀ ਗਈ ਹੈ, ਜਿਸ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਗੁਰਨਾਮ ਭੁੱਲਰ ਅਤੇ ਸ਼ਿਪਰਾ ਗੋਇਲ ਵੱਲੋਂ ਹੀ ਕੀਤੀ ਗਈ ਮਨਮੋਹਕ ਫੀਚਰਿੰਗ ਵੀ ਅਹਿਮ ਭੂਮਿਕਾ ਨਿਭਾਵੇਗੀ।

ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਬਰਾਬਰਤਾ ਨਾਲ ਕਦਮ ਅੱਗੇ ਵਧਾ ਰਹੇ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਦੇ ਮੌਜੂਦਾ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਸ਼ਿਤਿਜ਼ ਚੌਧਰੀ ਵੱਲੋਂ ਨਿਰਦੇਸ਼ਿਤ ਕੀਤੀ ਉਨਾਂ ਦੀ ਬਹੁ-ਚਰਚਿਤ ਪੰਜਾਬੀ ਫਿਲਮ 'ਪਰਿੰਦੇ' ਬਾਕਸ ਆਫਿਸ 'ਤੇ ਕੋਈ ਖਾਸ ਮਾਅਰਕਾ ਮਾਰਨ ਵਿੱਚ ਪੂਰੀ ਤਰਾਂ ਅਸਫ਼ਲ ਰਹੀ ਹੈ।

ਪਰ ਇਸਦੇ ਬਾਅਦ ਵੀ ਉਹ ਕਈ ਪੰਜਾਬੀ ਫਿਲਮਾਂ ਦਾ ਹਿੱਸਾ ਬਣੇ ਨਜ਼ਰ ਆ ਰਹੇ ਹਨ, ਜਿੰਨਾਂ ਵਿੱਚ ਸ਼ੁਰੂ ਹੋਣ ਜਾ ਰਹੀ 'ਮੇਰਾ ਸਵੀਟੂ' ਵੀ ਸ਼ਾਮਿਲ ਹੈ, ਜਿਸ ਦਾ ਨਿਰਮਾਣ ਓਮ ਜੀ ਸਿਨੇ ਵਰਲਡ ਅਤੇ ਡਾਇਮੰਡ ਸਟਾਰ ਵਰਲਡਵਾਈਡ, ਜਦਕਿ ਨਿਰਦੇਸ਼ਨ ਮਨਵੀਰ ਬਰਾੜ ਦੁਆਰਾ ਕੀਤਾ ਗਿਆ ਹੈ, ਜਿੰਨਾਂ ਦੀ ਹੀ ਨਿਰਦੇਸ਼ਨਾ ਹੇਠ ਬਣਾਈ ਗਈ ਅਤੇ ਰਿਲੀਜ਼ ਹੋਣ ਜਾ ਰਹੀ 'ਰੋਜ਼ੀ ਰੋਜ਼ ਤੇ ਗੁਲਾਬ' ਵਿੱਚ ਵੀ ਲੀਡ ਭੂਮਿਕਾ ਵਿੱਚ ਵਿਖਾਈ ਦੇਣਗੇ ਇਹ ਬਾ-ਕਮਾਲ ਗਾਇਕ ਅਤੇ ਅਦਾਕਾਰ, ਜੋ ਪੰਜਾਬੀ ਸੰਗੀਤ ਜਗਤ ਵਿੱਚ ਮੁੜ ਧਮਾਲਾਂ ਪਾਉਣ ਲਈ ਤਿਆਰ ਹਨ, ਜਿਸ ਦੀ ਲੜੀ ਵਜੋਂ ਸਾਹਮਣੇ ਆਉਣ ਜਾ ਰਿਹਾ ਹੈ ਉਨਾਂ ਦਾ ਉਕਤ ਦੋਗਾਣਾ ਗੀਤ।

ਸਾਲ 2019 ਵਿੱਚ 'ਜੱਸ ਰਿਕਾਰਡਜ਼' ਵੱਲੋਂ ਰਿਲੀਜ਼ ਕੀਤੇ ਗਏ ਦੋਗਾਣੇ 'ਖਰਚੇ' ਨਾਲ ਪੰਜਾਬੀ ਮਿਊਜ਼ਿਕ ਜਗਤ ਵਿੱਚ ਨਵੇਂ ਆਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਸਨ ਗੁਰਨਾਮ ਭੁੱਲਰ ਅਤੇ ਸ਼ਿਪਰਾ ਗੋਇਲ, ਜੋ ਲੰਮੇਂ ਸਮੇਂ ਬਾਅਦ ਇੱਕ ਵਾਰ ਫਿਰ ਅਪਣੀ ਸ਼ਾਨਦਾਰ ਗਾਇਕੀ ਜੁਗਲਬੰਦੀ ਦਾ ਇਜ਼ਹਾਰ ਅਤੇ ਅਹਿਸਾਸ ਸਰੋਤਿਆਂ ਅਤੇ ਦਰਸ਼ਕਾਂ ਨੂੰ ਕਰਵਾਉਣ ਜਾ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.