ਲੋਕਮਨਾਂ 'ਚ ਹਮੇਸ਼ਾ ਕਾਇਮ ਰਹੇਗੀ ਅਮੀਨ ਸਯਾਨੀ ਦੀ ਆਵਾਜ਼, 91 ਸਾਲਾਂ ਦੀ ਉਮਰ 'ਚ ਕਹਿ ਗਏ ਅਲਵਿਦਾ

author img

By ETV Bharat Entertainment Team

Published : Feb 21, 2024, 12:36 PM IST

Ameen Sayani passed away at the age of 91

Ameen Sayani Passed Away: ਮਸ਼ਹੂਰ ਰੇਡੀਓ ਪੇਸ਼ਕਾਰ ਅਮੀਨ ਸਯਾਨੀ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ, ਉਨ੍ਹਾਂ ਦੇ ਬੇਟੇ ਨੇ ਮੀਡੀਆ ਨੂੰ ਇਸ ਦੀ ਪੁਸ਼ਟੀ ਕੀਤੀ ਹੈ।

ਚੰਡੀਗੜ੍ਹ: ਰੇਡਿਓ ਦੀ ਦੁਨੀਆ 'ਚ ਅੱਜ ਦਾ ਦਿਨ ਇੱਕ ਬਹੁਤ ਹੀ ਦਿਲ ਅਤੇ ਮਨ ਨੂੰ ਵਲੂੰਧਰਣ ਵਾਲੀ ਖਬਰ ਲੈ ਕੇ ਸਾਹਮਣੇ ਆਇਆ ਹੈ। ਆਵਾਜ਼ ਦੇ ਜਾਦੂਗਰ ਵਜੋਂ ਜਾਣੇ ਜਾਂਦੇ ਮਸ਼ਹੂਰ ਰੇਡੀਓ ਪੇਸ਼ਕਾਰ ਅਮੀਨ ਸਯਾਨੀ ਦਾ ਦੇਹਾਂਤ ਹੋ ਗਿਆ ਹੈ, ਜਿੰਨਾਂ 91 ਸਾਲ ਦੀ ਉਮਰ 'ਚ ਆਖਰੀ ਸਾਹ ਲਿਆ।

ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਉਨ੍ਹਾਂ ਦੇ ਬੇਟੇ ਰਜ਼ਿਲ ਸਯਾਨੀ ਨੇ ਕਰ ਦਿੱਤੀ ਹੈ, ਜਿੰਨਾਂ ਅਨੁਸਾਰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨਾਂ ਦੇ ਪਿਤਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ, ਜਿੰਨਾਂ ਨੂੰ ਸਿਹਤ ਸਥਿਤੀ ਨਾਜ਼ੁਕ ਹੋਣ ਕਾਰਨ ਬੀਤੇ ਦਿਨੀ ਐਚਐਨ ਰਿਲਾਇੰਸ ਹਸਪਤਾਲ ਦਾਖਲ ਕਰਵਾਇਆ ਗਿਆ ਸੀ।

ਅਮੀਨ ਸਯਾਨੀ
ਅਮੀਨ ਸਯਾਨੀ

ਉਨਾਂ ਦੱਸਿਆ ਕਿ ਅੰਤਿਮ ਸੰਸਕਾਰ ਕੱਲ੍ਹ ਯਾਨੀ 22 ਫਰਵਰੀ ਨੂੰ ਕੀਤਾ ਜਾਵੇਗਾ, ਕਿਉਂਕਿ ਉਨ੍ਹਾਂ ਦੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਕੁਝ ਰਿਸ਼ਤੇਦਾਰ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਮੁੰਬਈ ਪੁੱਜ ਰਹੇ ਹਨ।

ਰੇਡੀਓ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਰਹੇ ਅਮੀਨ ਸਯਾਨੀ ਦਾ ਜਨਮ 21 ਦਸੰਬਰ 1932 ਨੂੰ ਮੁੰਬਈ ਵਿੱਚ ਇੱਕ ਸਾਧਾਰਨ ਪਰਿਵਾਰ ਦੇ ਘਰ ਹੋਇਆ, ਜਿੰਨਾਂ ਅਪਣੀ ਬੇਮਿਸਾਲ ਕਾਬਲੀਅਤ ਦੇ ਚੱਲਦਿਆਂ ਰੇਡੀਓ ਦੀ ਦੁਨੀਆ ਵਿੱਚ ਵੱਡਾ ਨਾਮ ਕਮਾਇਆ ਅਤੇ ਐਸੀ ਆਵਾਜ਼ ਬਣ ਕੇ ਉਭਰੇ, ਜੋ ਲੋਕ ਮਨਾਂ ਵਿੱਚ ਅਮਰ ਹੋ ਚੁੱਕੀ ਹੈ।

ਅਮੀਨ ਸਯਾਨੀ
ਅਮੀਨ ਸਯਾਨੀ

ਮੁੰਬਈ ਗਲਿਆਰਿਆਂ ਵਿੱਚ ਇੱਕ ਮਾਣਮੱਤੀ ਭੱਲ ਸਥਾਪਿਤ ਕਰਨ ਵਾਲੇ ਇਸ ਅਜ਼ੀਮ ਪੇਸ਼ਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਆਲ ਇੰਡੀਆ ਰੇਡਿਓ ਮੁੰਬਈ ਤੋਂ ਬਤੌਰ ਪ੍ਰੋਗਰਾਮ ਪੇਸ਼ਕਾਰ ਵਜੋਂ ਕੀਤੀ ਅਤੇ ਵਿਨਾਕਾ ਗੀਤਮਾਲਾ ਸਮੇਤ ਬੇਸ਼ੁਮਾਰ ਫਿਲਮੀ ਪ੍ਰੋਗਰਾਮਾਂ ਨੂੰ ਅਪਣੀ ਸ਼ਾਨਦਾਰ ਅਵਾਜ਼ ਨਾਲ ਕਈ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ।

ਆਲ ਇੰਡੀਆ ਰੇਡਿਓ ਨੂੰ ਭਾਰਤ ਤੋਂ ਲੈ ਵਿਦੇਸ਼ੀ ਵਿਹੜਿਆਂ ਤੱਕ ਪ੍ਰਸਿੱਧੀ ਦੇ ਸਿਖਰੀ ਪਹੁੰਚਾਉਣ ਵਿੱਚ ਜਿੱਥੇ ਉਨਾਂ ਅਹਿਮ ਭੂਮਿਕਾ ਨਿਭਾਈ, ਉਥੇ ਫਿਲਮਾਂ ਅਤੇ ਐਡ ਫਿਲਮਾਂ ਦੇ ਖੇਤਰ ਵਿੱਚ ਐਸੇ ਦਿਸਹਿੱਦੇ ਸਿਰਜ ਦਿੱਤੇ ਹਨ, ਜਿੰਨਾਂ ਦੀਆਂ ਪੈੜਾਂ ਰਹਿੰਦੀ ਦੁਨੀਆਂ ਤੱਕ ਅਪਣਾ ਅਸਰ ਬਰਕਰਾਰ ਰੱਖਣਗੀਆਂ।

ਸਾਲ 1952 ਤੋਂ ਲੈ ਕੇ 1994 ਦੇ ਦਹਾਕਿਆਂ ਦਰਮਿਆਨ ਅਤਿ ਮਕਬੂਲ ਰੇਡੀਓ ਸ਼ੋਅ ਗੀਤਮਾਲਾ ਦੇ ਮੇਜ਼ਬਾਨ ਰਹੇ ਅਮੀਨ ਸਯਾਨੀ ਦੀ ਲੋਕਪ੍ਰਿਯਤਾ ਗ੍ਰਾਫ ਦਾ ਅੰਦਾਜ਼ਾ ਇਸ ਗੱਲੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਨਾਂ ਦੀ ਅਵਾਜ਼ ਦਾ ਜਾਦੂ ਨਾ ਕੇਵਲ ਰੇਡਿਓ ਬਲਕਿ ਸਿਨੇਮਾ ਅਤੇ ਟੈਲੀਵਿਜ਼ਨ ਦੇ ਖੇਤਰ ਵਿਚ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਪੂਰੀ ਤਰਾਂ ਸਿਰ ਚੜ੍ਹ ਬੋਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.