ETV Bharat / entertainment

ਕੌਣ ਹਨ ਅਦਾਕਾਰ ਉਦੈਬੀਰ ਸੰਧੂ, ਜਿਨ੍ਹਾਂ ਨੇ 'ਅਮਰ ਸਿੰਘ ਚਮਕੀਲਾ' 'ਚ ਨਿਭਾਇਆ ਹੈ ਗਾਇਕ ਜਿੰਦਾ ਦਾ ਕਿਰਦਾਰ - Actor Udaybir Sandhu

author img

By ETV Bharat Entertainment Team

Published : Apr 17, 2024, 3:01 PM IST

Film Amar Singh Chamkila: ਹਿੰਦੀ ਫਿਲਮ 'ਅਮਰ ਸਿੰਘ ਚਮਕੀਲਾ' ਇਸ ਸਮੇਂ ਕਾਫੀ ਚਰਚਾ ਵਿੱਚ ਹੈ, ਇਸ ਫਿਲਮ ਵਿੱਚ ਗਾਇਕ ਜਿੰਦਾ ਦਾ ਕਿਰਦਾਰ ਨਿਭਾਉਣ ਵਾਲੇ ਉਦੈਬੀਰ ਸੰਧੂ ਵੀ ਰੋਲ ਨਿਭਾ ਕੇ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ।

Film Amar Singh Chamkila
Film Amar Singh Chamkila

ਚੰਡੀਗੜ੍ਹ: ਨੈੱਟਫਲਿਕਸ 'ਤੇ ਰਿਲੀਜ਼ ਹੋਈ ਇਮਤਿਆਜ਼ ਅਲੀ ਨਿਰਦੇਸ਼ਿਤ 'ਅਮਰ ਸਿੰਘ ਚਮਕੀਲਾ' ਨੇ ਇੰਨੀਂ ਦਿਨੀਂ ਚਾਰੇ ਪਾਸੇ ਧੂਮ ਮਚਾਈ ਹੋਈ ਹੈ, ਜਿਸ ਨੇ ਜਿੱਥੇ ਆਸਪਾਸ ਰਿਲੀਜ਼ ਹੋਈਆਂ ਜਾਂ ਹੋ ਰਹੀਆਂ ਕਈ ਹੋਰਨਾਂ ਫਿਲਮਾਂ ਦੀ ਚਮਕ ਨੂੰ ਫਿੱਕਾ ਕਰ ਦਿੱਤਾ ਹੈ, ਉਥੇ ਨਾਲ ਹੀ ਪਰਿਣੀਤੀ ਚੋਪੜਾ ਸਮੇਤ ਇਸ ਫਿਲਮ ਨਾਲ ਜੁੜੇ ਕਈ ਐਕਟਰਜ਼ ਦੇ ਕਰੀਅਰ ਨੂੰ ਹੋਰ ਉੱਚੀ ਪਰਵਾਜ਼ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿਸ ਦਾ ਇੱਕ ਅਹਿਮ ਧੁਰਾ ਅਤੇ ਕੇਂਦਰ-ਬਿੰਦੂ ਬਣ ਕੇ ਸਾਹਮਣੇ ਆਏ ਹਨ ਨੌਜਵਾਨ ਅਦਾਕਾਰ ਉਦੈਬੀਰ ਸੰਧੂ, ਜੋ ਇਸ ਫਿਲਮ ਦੀ ਅਪਾਰ ਕਾਮਯਾਬੀ ਨਾਲ ਬਾਲੀਵੁੱਡ 'ਚ ਹੋਰ ਨਵੇਂ ਆਯਾਮ ਕਾਇਮ ਕਰਨ ਵੱਲ ਵੱਧ ਚੁੱਕੇ ਹਨ।

ਮਰਹੂਮ ਅਮਰ ਸਿੰਘ ਚਮਕੀਲਾ ਦੇ ਗਾਇਕੀ ਖੇਤਰ ਵਿੱਚ ਕੁਝ ਕਰ ਗੁਜ਼ਰਣ ਦੇ ਸੁਫਨਿਆਂ ਨੂੰ ਤਾਬੀਰ ਦੇਣ ਵਿੱਚ ਉਸ ਸਮੇਂ ਦੇ ਦੋਗਾਣਾ ਪੰਜਾਬੀ ਗਾਇਕ ਜਿੰਦਾ ਦਾ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਨਾਲ ਹੀ 'ਚਮਕੀਲਾ' ਵੱਲੋਂ ਸੰਗੀਤ ਸਹਿਯੋਗੀ ਦੇ ਰੂਪ ਵਿੱਚ ਅਪਣੇ ਗਾਇਨ ਕਰੀਅਰ ਦੀ ਸ਼ੁਰੂਆਤੀ ਕੀਤੀ ਗਈ, ਪਰ ਹੌਲੀ ਹੌਲੀ ਚਮਕੀਲਾ ਅੱਗੇ ਅਤੇ ਉਸ ਦਾ ਉਸਤਾਦ ਗਾਇਕ ਰਿਹਾ ਜਿੰਦਾ ਪਿੱਛੇ ਰਹਿ ਜਾਂਦਾ ਹੈ, ਜਿੰਨ੍ਹਾਂ ਦੇ ਹੀ ਕਿਰਦਾਰ ਨੂੰ ਬਹੁਤ ਹੀ ਖੂਬਸੂਰਤੀ ਨਾਲ ਪ੍ਰਤੀਬਿੰਬਿਤ ਕੀਤਾ ਗਿਆ ਹੈ ਅਦਾਕਾਰ ਉਦੈਬੀਰ ਸੰਧੂ ਵੱਲੋਂ, ਜਿੰਨ੍ਹਾਂ ਨੇ ਅਰਸ਼ ਤੋਂ ਫਰਸ਼ ਵੱਲ ਵਧੇ ਉਕਤ ਗਾਇਕ ਦੀ ਨਿਰਾਸ਼ਾ, ਖਤਰਨਾਕ ਮਨਸੂਬਿਆਂ ਵਿੱਚ ਗਲਤਾਨ ਹੋ ਜਾਣ ਸੰਬੰਧਤ ਵੱਖ-ਵੱਖ ਸ਼ੇਡਜ਼ ਨੂੰ ਬੇਹੱਦ ਸ਼ਿੱਦਤ ਨਾਲ ਅੰਜ਼ਾਮ ਦਿੱਤਾ ਹੈ ਅਤੇ ਇਹੀ ਕਾਰਨ ਹੈ ਕਿ ਦਿਲਜੀਤ ਦੁਸਾਂਝ ਦੇ ਨਾਲ-ਨਾਲ ਉਨ੍ਹਾਂ ਦੇ ਨਿਭਾਏ ਪ੍ਰਭਾਵਪੂਰਨ ਰੋਲ ਨੂੰ ਵੀ ਚਾਰੇ-ਪਾਸੇ ਤਾਰੀਫ਼ ਮਿਲ ਰਹੀ ਹੈ।

ਮੂਲ ਰੂਪ ਵਿੱਚ ਪੰਜਾਬ ਸੰਬੰਧਤ ਇਹ ਹੋਣਹਾਰ ਅਦਾਕਾਰ ਰਾਸ਼ਟਰੀ ਪੱਧਰ ਉਤੇ ਹਾਕੀ ਖਿਡਾਰੀ ਰਹੇ ਹਨ, ਜਿੰਨ੍ਹਾਂ ਦੇ ਬੇਸ਼ੁਮਾਰ ਹਾਕੀ ਮੁਕਾਬਲਿਆਂ ਦੀ ਪ੍ਰਤੀਨਿਧੀ ਕਰਦਿਆਂ ਦੇਸ਼ ਅਤੇ ਹਾਕੀ ਖੇਡ ਦਾ ਮਾਣ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਹਾਲਾਂਕਿ ਉਨਾਂ ਦੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜਿਆ ਹੈਰਾਨੀਜਨਕ ਪੱਖ ਇਹ ਰਿਹਾ ਕਿ ਇੰਟਰਨੈਸ਼ਨਲ ਪੱਧਰ 'ਤੇ ਆਪਣੀ ਚਮਕ ਦਾ ਅਹਿਸਾਸ ਕਰਵਾਉਣ ਵੱਲ ਵਧਣ ਜਾ ਰਹੇ ਇਸ ਪ੍ਰਤਿਭਾਵਾਨ ਹਾਕੀ ਖਿਡਾਰੀ ਦੀ ਜ਼ਿੰਦਗੀ ਨੇ ਅਚਾਨਕ ਹੀ ਇੱਕ ਐਸਾ ਮੋੜ ਕੱਟ ਲਿਆ, ਜਿਸ ਦਾ ਉਨ੍ਹਾਂ ਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ।

ਇਸੇ ਇਤਫਾਕ ਨੂੰ ਬਿਆਨ ਕਰਦਿਆਂ ਅਦਾਕਾਰ ਉਦੈਬੀਰ ਸੰਧੂ ਦੱਸਦੇ ਹਨ, ਦਰਅਸਲ ਅਕਸ਼ੈ ਕੁਮਾਰ ਦੀ ਸਾਲ 2018 ਵਿੱਚ ਰਿਲੀਜ਼ ਹੋਈ 'ਗੋਲਡ' ਨੇ ਉਨ੍ਹਾਂ ਨੂੰ ਫਿਲਮ ਜਗਤ ਵੱਲ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ, ਜਿਸ ਸੰਬੰਧੀ ਹੀ ਸਬੱਬ ਇੰਝ ਬਣਿਆ ਕਿ ਉਨਾਂ ਦੇ ਸਪੋਰਟਸ ਨਾਲ ਜੁੜੇ ਹੋਣ ਕਾਰਨ ਅਤੇ ਅੱਛਾ ਵਿਅਕਤੀਤਵ ਹੋਣ ਅਤੇ ਲੋਕੇਸ਼ਨਜ਼ ਆਦਿ ਵੇਖਣ ਉਨਾਂ ਦੀ ਖੇਡ ਅਕਾਦਮੀ ਆਈ ਉਕਤ ਫਿਲਮ ਟੀਮ ਵੱਲੋਂ ਉਨ੍ਹਾਂ ਨੂੰ ਅਕਸ਼ੈ ਕੁਮਾਰ ਨਾਲ ਇੱਕ ਅਹਿਮ ਭੂਮਿਕਾ ਲਈ ਚੁਣ ਲਿਆ ਗਿਆ, ਜਿਸ ਨਾਲ ਸਿਨੇਮਾ ਖੇਤਰ ਵੱਲ ਅਜਿਹੀ ਸ਼ਾਨਦਾਰ ਸ਼ੁਰੂਆਤ ਹੋਈ ਕਿ ਫਿਰ ਅਸਲ ਮੈਦਾਨ ਪਿੱਛੇ ਹੀ ਪਿੱਛੇ ਹੁੰਦਾ ਗਿਆ।

ਹਾਲਾਂਕਿ ਮਨ ਵਿੱਚ ਕੋਈ ਮਲਾਲ ਨਹੀਂ ਹੈ, ਕਿਉਂਕਿ ਸ਼ਾਇਦ ਕਿਸਮਤ ਅਤੇ ਤਕਦੀਰ ਵਿੱਚ ਇਹੀ ਕਰਮਭੂਮੀ ਹੀ ਲਿਖੀ ਹੋਈ ਸੀ, ਜਿੱਥੇ ਜੋ ਅਵਸਰ ਅਤੇ ਪਿਆਰ ਸਨੇਹ ਮਿਲ ਰਿਹਾ, ਉਸ ਦੀ ਖੁਸ਼ੀ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ।

ਹਾਲ ਹੀ ਵਿੱਚ ਹਿੰਦੀ ਸਿਨੇਮਾ ਅਦਾਕਾਰਾ ਆਲੀਆ ਭੱਟ ਨਾਲ ਰਿਲੀਜ਼ ਹੋਈ ਇੱਕ ਵੱਡੀ ਐਡ ਫਿਲਮ ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨ੍ਹਾਂ ਨੇ ਆਪਣੀਆਂ ਆਗਾਮੀ ਸਿਨੇਮਾ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਜਲਦ ਹੀ ਉਹ ਕੁਝ ਹੋਰ ਵੱਡੀਆਂ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਵੀ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਵਿੱਚ ਵੀ ਉਹ ਕਾਫ਼ੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.