ਪੰਜਾਬ

punjab

ਪਾਣੀ ਦੀ ਤਬਾਹੀ ਨੂੰ ਰੋਕਣ ਲਈ ਪ੍ਰਨੀਤ ਕੌਰ ਨੇ ਘੱਗਰ 'ਚ ਰਿਵਾਇਤੀ ਨੱਥ ਅਤੇ ਚੂੜਾ ਕੀਤੇ ਭੇਟ, ਜਾਣੋ ਇੰਝ ਕਰਨ ਦਾ ਦਿਲਚਸਪ ਕਾਰਣ

By

Published : Jul 11, 2023, 4:10 PM IST

ਪਟਿਆਲਾ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਇਲਾਕੇ ਵਿੱਚ ਹੜ੍ਹ ਨੇ ਤਬਾਹੀ ਮਚਾਈ ਹੋਈ ਅਤੇ ਇਸ ਵਿਚਾਲੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਸਥਾਨਕ ਘੱਗਰ ਦਰਿਆ ਵਿੱਚ ਨੱਥ ਅਤੇ ਚੂੜਾ ਇਸ ਤਬਾਹੀ ਨੂੰ ਰੋਕਣ ਲਈ ਭੇਟ ਕੀਤਾ ਹੈ। ਪ੍ਰਨੀਤ ਕੌਰ ਦਾ ਅਜਿਹਾ ਕਰਨ ਦਾ ਕਾਰਣ ਉਨ੍ਹਾਂ ਦਾ ਮਹਾਰਾਜੇ ਖਾਨਦਾਨ ਨਾਲ ਜੁੜਿਆ ਹੋਇਆ ਹੋਣਾ ਹੈ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਪਟਿਆਲਾ ਵਿੱਚ ਪਾਣੀ ਤਬਾਹੀ ਨਹੀਂ ਮਚਾਏਗਾ।

Praneet Kaur made an effort to stop the destruction of water in Patiala
ਪਾਣੀ ਦੀ ਤਬਾਹੀ ਨੂੰ ਰੋਕਣ ਲਈ ਪ੍ਰਨੀਤ ਕੌਰ ਨੇ ਘੱਗਰ 'ਚ ਰਵਾਇਤੀ ਨੱਥ ਅਤੇ ਚੂੜਾ ਕੀਤੇ ਭੇਟ, ਜਾਣੋ ਇੰਝ ਕਰਨ ਦਾ ਦਿਲਚਸਪ ਕਾਰਣ

ਪਾਣੀ ਦੇ ਪ੍ਰਕੋਪ ਨੂੰ ਸ਼ਾਂਤ ਕਰਨ ਲਈ ਨੱਥ ਅਤੇ ਚੂੜਾ ਭੇਟ

ਪਟਿਆਲਾ: ਇਸ ਸਮੇਂ ਪੂਰੇ ਉੱਤਰ ਭਾਰਤ ਸਮੇਤ ਪੰਜਾਬ ਵਿੱਚ ਬਰਸਾਤ ਹੜ੍ਹ ਨਾਲ ਲੈਕੇ ਆਈ ਹੈ। ਪਾਣੀਆਂ ਦੀ ਧਰਤੀ ਕਹੇ ਜਾਣ ਵਾਲੇ ਪੰਜਾਬ ਨੂੰ ਪਾਣੀ ਹੀ ਡੋਬ ਰਿਹਾ ਹੈ। ਪਟਿਆਲਾ ਵਿੱਚ ਵੀ ਪਾਣੀ ਨੇ ਭਾਰੀ ਤਬਾਹੀ ਮਚਾਈ ਹੈ ਅਤੇ ਪਟਿਆਲਾ ਸ਼ਹਿਰ ਤੋਂ ਇਲਾਵਾ ਜ਼ਿਲ੍ਹੇ ਦੇ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਪਾਣੀ ਦੇ ਇਸ ਪ੍ਰਕੋਪ ਨੂੰ ਰੋਕਣ ਲਈ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਮਹਾਰਾਜਾ ਪਰਿਵਾਰ ਦੀ ਰਿਵਾਇਤ ਮੁਤਾਬਿਕ ਘੱਗਰ ਦਰਿਆ ਵਿੱਚ ਨੱਥ ਅਤੇ ਚੂੜਾ ਇਸ ਤਬਾਹੀ ਨੂੰ ਰੋਕਣ ਲਈ ਭੇਟ ਕੀਤਾ ਹੈ। ਇਸ ਪਿੱਛੇ ਇੱਕ ਦਿਲਚਸਪ ਕਾਰਣ ਵੀ ਦੱਸਿਆ ਜਾਂਦਾ ਹੈ।

ਨਦੀ ਨੂੰ ਨੱਥ ਅਤੇ ਚੂੜਾ ਭੇਟ ਕਰਨ ਨਾਲ ਜੁੜੀ ਕਹਾਣੀ: ਘੱਗਰ ਨਦੀ ਵਿੱਚ ਨੱਥ ਅਤੇ ਚੂੜਾ ਸੁੱਟਣ ਪਿੱਛੇ ਇੱਕ ਕਹਾਣੀ ਇਹ ਵੀ ਪ੍ਰਚੱਲਿਤ ਹੈ ਕਿ ਪਟਿਆਲਾ ਲਈ ਇਹ ਸ਼ਰਾਪ ਦਿੱਤਾ ਗਿਆ ਸੀ ਕਿ ਹੜ੍ਹ ਨਾਲ ਪਟਿਆਲਾ ਦਾ ਵਜੂਦ ਖ਼ਤਮ ਹੋ ਜਾਵੇਗਾ। ਉਸ ਵੇੇਲੇ ਪਟਿਆਲਾ ਰਿਆਸਤ ਦੇ ਬਾਬਾ ਆਲਾ ਸਿੰਘ ਨੇ ਇਸ ਸ਼ਰਾਪ ਨਾਲ ਨਜਿੱਠਣ ਦਾ ਵਰ ਲਿਆ ਸੀ ਤਾਂ ਕਿ ਪਟਿਆਲਾ ਨੂੰ ਪਾਣੀ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਇਸ ਲਈ ਜਦੋਂ ਵੀ ਹੜ੍ਹ ਵਰਗੇ ਹਲਾਤ ਪੈਦਾ ਹੁੰਦੇ ਹਨ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਘੱਗਰ ਨਦੀ ਵਿੱਚ ਨੱਥ ਅਤੇ ਚੂੜਾ ਸੁੱਟ ਕੇ ਇਸ ਦੇ ਪ੍ਰਕੋਪ ਨੂੰ ਸ਼ਾਂਤ ਕੀਤਾ ਜਾਂਦਾ ਹੈ। ਇਹ ਰਿਵਾਇਤ ਪਟਿਆਲਾ ਰਿਆਸਤ ਵਿੱਚ ਚੱਲਦੀ ਆ ਰਹੀ ਹੈ। ਇਸ ਤੋਂ ਪਹਿਲਾਂ ਸਾਲ 1993 ਦੇ ਹੜ੍ਹ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਇਹ ਰਸਮ ਅਦਾ ਕੀਤੀ ਸੀ।

ਪਾਣੀ ਬਣਿਆ ਹੈ ਪਰਲੋ: ਦੱਸ ਦਈਏ ਪਿਛਲੇ ਹਫਤੇ ਸ਼ੁਰੂ ਹੋਏ ਇਸ ਕਹਿਰ ਦੇ ਮੀਂਹ ਨੇ ਹੁਣ ਤੱਕ ਪੰਜਾਬ ਦੇ ਸੈਂਕੜੇ ਪਿੰਡ ਡੁਬਾਏ ਹਨ ਅਤੇ ਜ਼ਿਲ੍ਹਿਆਂ ਨੂੰ ਪ੍ਰਭਾਵਿਤ ਕੀਤਾ ਹੈ। ਸ਼ਾਹੀ ਸ਼ਹਿਰ ਪਟਿਆਲਾ ਦੀ ਗੱਲ ਕਰੀਏ ਤਾਂ ਇੱਥੋਂ ਦੇ ਅਰਬਨ ਅਸਟੇਟ ਇਲਾਕੇ ਵਿੱਚ 5 ਫੁੱਟ ਤੱਕ ਪਾਣੀ ਘਰਾਂ ਵਿੱਚ ਵੜ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਗਈ ਟੀਮ ਵੀ ਲੋਕਾਂ ਦੀ ਮਦਦ ਲਈ ਨਹੀਂ ਪਹੁੰਚ ਸਕੀ। ਲੋਕਾਂ ਨੂੰ ਆਪ ਹੀ ਆਪਣੇ ਘਰ ਛੱਡਣੇ ਪਏ। ਦੱਸ ਦਈਏ ਪੰਜਾਬ ਦੇ ਹਾਲਾਤ ਜਾਣਨ ਲਈ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਦੀ ਮੀਟਿੰਗ ਕੀਤੀ ਹੈ। ਜਿਸ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਹੜ੍ਹਾਂ ਦੀ ਸਥਿਤੀ ਤੋਂ ਇਲਾਵਾ ਮਾਝੇ ਅਤੇ ਦੁਆਬੇ ਵਿੱਚ ਆ ਰਹੀਆਂ ਚੁਣੌਤੀਆਂ ਨਾਲ ਲੜਨ ਦੀ ਵਿਉਂਤਬੰਦੀ ਬਾਰੇ ਵੀ ਚਰਚਾ ਕੀਤੀ ਗਈ।

ABOUT THE AUTHOR

...view details