ਪੰਜਾਬ

punjab

ਸੀਐੱਮ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰਾਜੈਕਟ ਜਲਦ ਕਰਨਗੇ ਲੋਕ ਅਰਪਿਤ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਦਾਅਵਾ

By

Published : Aug 12, 2023, 4:54 PM IST

ਪਟਿਆਲਾ ਵਿੱਚ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਹੂਲਤ ਲਈ ਬਣ ਰਿਹਾ ਨਹਿਰੀ ਪਾਣੀ ਅਧਾਰਿਤ ਪ੍ਰਾਜੈਕਟ ਪੱਬਰਾ ਹੁਣ ਪੂਰਾ ਹੋਣ ਵੱਲ ਹੈ। ਪ੍ਰਾਜੈਕਟ ਦਾ ਦੌਰਾ ਕਰਨ ਪਹੁੰਚੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਦਾਅਵਾ ਕੀਤਾ ਕਿ ਬਹੁਤ ਜਲਦ ਇਸ ਪ੍ਰਾਜੈਕਟ ਨੂੰ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਵਿੱਚ ਹਾਜ਼ਿਰ ਕੀਤਾ ਜਾਵੇਗਾ।

Patiala's Pabra water supply project will be handed over to the people soon
ਸੀਐੱਮ ਮਾਨ ਪਟਿਆਲਾ ਦਾ ਪੱਬਰਾ ਜਲ ਸਪਲਾਈ ਪ੍ਰਾਜੈਕਟ ਜਲਦ ਕਰਨਗੇ ਲੋਕ ਅਰਪਿਤ, ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕੀਤਾ ਦਾਅਵਾ

ਚੰਡੀਗੜ੍ਹ: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਪਟਿਆਲਾ ਜ਼ਿਲ੍ਹੇ ਦੇ ਨਹਿਰੀ ਪਾਣੀ ਆਧਾਰਤ ਪ੍ਰੋਜੈਕਟ ਪੱਬਰਾ ਦਾ ਉੱਚ ਅਧਿਕਾਰੀਆਂ ਸਮੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ।


ਵਾਟਰ ਪ੍ਰਾਜੈਕਟ ਲੱਗਭੱਗ ਤਿਆਰ ਹੈ:ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਬ੍ਰਹਮ ਸ਼ੰਕਰ ਜਿੰਪਾ ਨੂੰ ਦੱਸਿਆ ਕਿ ਪਿੰਡ ਪੱਬਰਾ ਵਿਖੇ ਬਣ ਰਹੇ ਨਹਿਰੀ ਪਾਣੀ 'ਤੇ ਆਧਾਰਿਤ ਪੀਣ ਵਾਲੇ ਪਾਣੀ ਦਾ ਪ੍ਰਾਜੈਕਟ ਲਗਭਗ ਤਿਆਰ ਹੈ ਅਤੇ ਇਸ ਨੂੰ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ। ਜਿੰਪਾ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਉਦਘਾਟਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਕੀਤੀ ਜਾਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਵੇਗਾ ਉਦਘਾਟਨ:ਜਿੰਪਾ ਨੇ ਅਧਿਕਾਰੀਆਂ ਨੂੰ ਪੱਬਰਾ ਪ੍ਰਾਜੈਕਟ ਨੂੰ ਜਲਦੀ ਪੂਰਾ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੂੰ ਸਾਫ ਪਾਣੀ ਦੀ ਨਿਰਵਿਘਨ ਸਪਲਾਈ ਦੇਣੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਪਹਿਲ ਹੈ ਅਤੇ ਇਸ ਮਕਸਦ ਲਈ ਪੱਬਰਾ ਪ੍ਰਾਜੈਕਟ ਨੂੰ ਸਮੇਂ ਸਿਰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਵੀ ਇਸ ਗੱਲ ਦੀ ਵਕਾਲਤ ਕਰਦੇ ਰਹੇ ਹਨ ਕਿ ਪਿੰਡਾਂ ਨੂੰ ਸਾਫ ਪਾਣੀ ਦੇਣਾ ਸਾਰੀਆਂ ਸਰਕਾਰਾਂ ਦੀ ਪਹਿਲ ਹੋਣੀ ਚਾਹੀਦੀ ਹੈ। ਇਸ ਮਕਸਦ ਲਈ ਭਗਵੰਤ ਮਾਨ ਸੂਬੇ ਦੇ ਪਿੰਡਾਂ ਖਾਸ ਤੌਰ ‘ਤੇ ਸਰਹੱਦੀ ਇਲਾਕੇ ਦਾ ਖੁਦ ਦੌਰਾ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੱਬਰਾ ਪ੍ਰਾਜੈਕਟ ਦਾ ਉਦਘਾਟਨ ਮੁੱਖ ਮੰਤਰੀ ਹੱਥੋਂ ਕਰਵਾਉਣਾ ਮਾਣ ਵਾਲੀ ਗੱਲ ਹੋਵੇਗੀ।

ਪ੍ਰਾਜੈਕਟ ਦੀ ਕੁੱਲ ਲਾਗਤ 120.60 ਕਰੋੜ ਰੁਪਏ:ਪੱਬਰਾ ਜਲ ਸਪਲਾਈ ਪ੍ਰਾਜੈਕਟ ਦੀ ਕੁੱਲ ਲਾਗਤ 120.60 ਕਰੋੜ ਰੁਪਏ ਹੈ ਅਤੇ ਇਸ ਨਾਲ ਰਾਜਪੁਰਾ, ਪਟਿਆਲਾ ਅਤੇ ਸਰਹੰਦ ਦੇ 112 ਪਿੰਡਾਂ ਨੂੰ ਲਾਭ ਪੁੱਜੇਗਾ। 21,693 ਘਰਾਂ ਦੀ 1 ਲੱਖ 30 ਹਜ਼ਾਰ 159 ਆਬਾਦੀ ਨੂੰ ਸਾਫ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਨ੍ਹਾਂ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਕੁਆਲਿਟੀ ਖਰਾਬ ਹੈ ਅਤੇ ਇਸ ਵਿੱਚ ਫਲੋਰਾਈਡ, ਨਾਈਟਰੇਟ ਅਤੇ ਹੈਵੀਮੈਟਲ ਦੀ ਜ਼ਿਆਦਾ ਮਾਤਰਾ ਹੈ। ਉਕਤ ਪ੍ਰਾਜੈਕਟ ਦੇ ਸ਼ੁਰੂ ਹੋ ਜਾਣ ਤੋਂ ਬਾਅਦ ਇਨ੍ਹਾਂ ਪਿੰਡਾਂ ਨੂੰ ਸਾਫ ਅਤੇ ਸ਼ੁੱਧ ਪਾਣੀ ਦੀ ਸਪਲਾਈ ਮਿਲੇਗੀ।

ABOUT THE AUTHOR

...view details