ਮਾਨਸਾ : ਕਣਕ ਦੇ ਰੇਟ ਵਿਚ ਕੀਤੀ ਗਈ ਕਟੌਤੀ ਦੇ ਵਿਰੁੱਧ ਪੰਜਾਬ ਦੇ 18 ਜਿਲਿਆਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ਼ ਰੇਲਵੇ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਮਾਨਸਾ ਤੇ ਬੁਢਲਾਡਾ ਰੇਲਵੇ ਸਟੇਸ਼ਨ ਉੱਤੇ ਵੀ ਕਿਸਾਨਾਂ ਵੱਲੋਂ 4 ਘੰਟੇ ਦੇ ਲਈ ਰੇਲਵੇ ਆਵਾਜਾਈ ਠੱਪ ਕੀਤੀ ਗਈ। ਕਿਸਾਨਾਂ ਨੇ ਕਟੌਤੀ ਨੂੰ ਵਾਪਸ ਲੈਣ ਅਤੇ ਕਣਕ ਉੱਤੇ ਬੋਨਸ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਬੀਜੇਪੀ ਦੀ ਸਰਕਾਰ ਆਈ ਹੈ, ਉਦੋਂ ਤੋਂ ਹੀ ਕਿਸਾਨਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਕਿਸਾਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਅਟਲ ਬਿਹਾਰੀ ਬਾਜਪਾਈ ਦੇਸ਼ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਸਮੇਂ ਵੀ 25 ਰੁਪਏ ਝੋਨੇ ਦਾ ਰੇਟ ਘਟਾਇਆ ਗਿਆ ਸੀ। ਉਸ ਸਮੇਂ ਵੀ ਕਿਸਾਨਾਂ ਵੱਲੋਂ ਪ੍ਰਦਰਸ਼ਨ ਕਰਕੇ ਆਪਣਾ ਪੂਰਾ ਹੱਕ ਲਿਆ ਗਿਆ ਸੀ। ਹੁਣ ਕਿਸਾਨਾਂ ਦੀ ਕਣਕ ਖ਼ਰਾਬ ਹੋਈ ਹੈ। ਇਸ ਦਾ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਸੀ ਪਰ ਕਿਸਾਨਾਂ ਦੀ ਕਣਕ ਦਾ ਰੇਟ ਘਟਾ ਦਿੱਤਾ ਗਿਆ ਹੈ। ਕਿਸਾਨ ਆਗੂ ਰੁਲਦੂ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਪਣੀ ਇੱਕ ਟੀਮ ਭੇਜੀ ਗਈ ਕਿ ਕਣਕਾਂ ਦੇ ਹੋਏ ਨੁਕਸਾਨ ਦੀ ਰਿਪੋਰਟ ਦਿੱਤੀ ਜਾਵੇ ਪਰ ਟੀਮ ਨੇ ਕੇਂਦਰ ਕੋਲ ਰਿਪੋਰਟ ਦਿੱਤੀ ਹੈ ਕਿ ਪੰਜ ਰੁਪਏ ਤੋਂ 35 ਰੁਪਏ ਤੱਕ ਘੱਟ ਲੱਗੇਗੀ ਕਿਉਂਕਿ ਕਣਕ ਦੇ ਦਾਣੇ ਖਰਾਬ ਹਨ। ਇਸ ਦੇ ਖਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਲਿਆ ਕਿ ਦੇਸ਼ ਭਰ ਦੇ ਵਿੱਚ ਰੇਲਾਂ ਦਾ ਚੱਕਾ ਜਾਮ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇ।