ਪੰਜਾਬ

punjab

ਕਿਸਾਨਾਂ ਵੱਲੋਂ ਜਲੰਧਰ ਲੁਧਿਆਣਾ ਰੇਲ ਮਾਰਗ ਪੂਰੀ ਤਰ੍ਹਾਂ ਬੰਦ, ਕਈ ਟ੍ਰੇਨਾਂ ਹੋਈਆਂ ਰੱਦ ਤਾਂ ਕਈਆਂ ਦੇ ਬਦਲੇ ਰੂਟ, ਖੱਜਲ ਹੋ ਰਹੇ ਆਮ ਲੋਕ

By ETV Bharat Punjabi Team

Published : Nov 23, 2023, 4:46 PM IST

Kissan Protest in Railway Track: ਕਿਸਾਨਾਂ ਵਲੋਂ ਗੰਨੇ ਦੀ ਬਕਾਇਆ ਰਾਸ਼ੀ ਜਾਰੀ ਕਰਨ ਨੂੰ ਲੈਕੇ ਪਿਛਲੇ ਕਈ ਦਿਨਾਂ ਤੋਂ ਧਰਨਾ ਦਿੱਤਾ ਜਾ ਰਿਹਾ ਸੀ, ਜਿਸ ਦੇ ਚੱਲਦੇ ਅੱਜ ਕਿਸਾਨਾਂ ਵਲੋਂ ਰੇਲਵੇ ਟ੍ਰੇਕ 'ਤੇ ਵੀ ਤੰਬੂ ਲਾ ਲਏ ਗਏ। ਇਸ ਦੇ ਚੱਲਦੇ ਕਈ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਜਿਦਕਿ ਕਈਆਂ ਦੇ ਰੂਟ ਬਦਲੇ ਗਏ।

ਰੇਲ ਮਾਰਗ ਪੂਰੀ ਤਰ੍ਹਾਂ ਬੰਦ
ਰੇਲ ਮਾਰਗ ਪੂਰੀ ਤਰ੍ਹਾਂ ਬੰਦ

ਟ੍ਰੇਨਾਂ ਦੀ ਉਡੀਕ ਕਰ ਰਹੇ ਖੱਜਲ ਹੋ ਰਹੇ ਯਾਤਰੀ

ਲੁਧਿਆਣਾ: ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਲੁਧਿਆਣਾ ਮਾਰਗ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ 'ਤੇ ਯਾਤਰੀ ਖੱਜਲ ਖੁਆਰ ਹੋ ਰਹੇ ਹਨ। ਦਿੱਲੀ ਤੋਂ ਚੱਲ ਕੇ ਆਈ ਸ਼ਾਨ ਏ ਪੰਜਾਬ ਟ੍ਰੇਨ ਅੱਗੇ ਨਹੀਂ ਗਈ, ਲੁਧਿਆਣਾ ਦੇ ਵਿੱਚ ਹੀ ਉਸ ਨੂੰ ਰੱਦ ਕਰ ਦਿੱਤਾ ਗਿਆ। ਉਥੇ ਹੀ ਦੂਜੇ ਪਾਸੇ ਇੰਦੌਰ ਤੋਂ ਚੱਲ ਕੇ ਜੰਮੂ ਕੱਟੜਾ ਜਾਣ ਵਾਲੀ ਮਾਲਵਾ ਐਕਸਪਰੈਸ ਟ੍ਰੇਨ ਵੀ ਫਿਲੋਰ ਦੇ ਰਸਤੇ ਪਠਾਨਕੋਟ ਪਹੁੰਚੇਗੀ। ਇਸ ਦੇ ਚੱਲਦੇ ਖਾਸ ਕਰਕੇ ਜਲੰਧਰ ਅੰਮ੍ਰਿਤਸਰ ਜਾਣ ਵਾਲੇ ਮੁਸਾਫਿਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਈ-ਕਈ ਘੰਟੇ ਯਾਤਰੀ ਹੋਏ ਖੱਜਲ: ਸਟੇਸ਼ਨ 'ਤੇ ਬੈਠੇ ਯਾਤਰੀਆਂ ਨੇ ਕਿਹਾ ਕਿ ਉਹ ਦੋ-ਦੋ, ਤਿੰਨ-ਤਿੰਨ ਘੰਟੇ ਤੋਂ ਟ੍ਰੇਨ ਦੀ ਉਡੀਕ ਕਰ ਰਹੇ ਹਨ ਪਰ ਉਹਨਾਂ ਨੂੰ ਕੁਝ ਵੀ ਸਾਫ ਨਹੀਂ ਦੱਸਿਆ ਜਾ ਰਿਹਾ। ਉਹਨਾਂ ਨੇ ਕਿਹਾ ਕਿ ਕਿਸੇ ਨੇ ਕਿਸੇ ਵਿਆਹ 'ਚ ਜਾਣਾ ਸੀ ਤਾਂ ਕਿਸੇ ਨੇ ਕੰਮ 'ਤੇ ਜਾਣਾ ਸੀ ਅਤੇ ਕਿਸੇ ਨੇ ਆਪਣੇ ਪੋਤੇ ਦੇ ਜਨਮਦਿਨ ਦੀ ਪਾਰਟੀ ਦੇ ਵਿੱਚ ਜਾਣਾ ਸੀ ਪਰ ਟ੍ਰੇਨਾਂ ਰੱਦ ਹੋਣ ਕਰਕੇ ਉਹ ਇੱਥੇ ਹੀ ਰਹਿ ਗਏ। ਟ੍ਰੇਨਾਂ ਰੱਦ ਹੋਣ ਕਰਕੇ ਪਰੇਸ਼ਾਨ ਹੋਏ ਯਾਤਰੀਆਂ ਨੇ ਕਿਸਾਨਾਂ ਦੇ ਖਿਲਾਫ ਆਪਣੀ ਭੜਾਸ ਵੀ ਕੱਢੀ ਅਤੇ ਕਿਹਾ ਕਿ ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ।

ਬੱਸਾਂ ਰਾਹੀ ਸਫ਼ਰ ਕਰਨ ਲਈ ਮਜ਼ਬੂਰ ਹੋਏ ਯਾਤਰੀ:ਮਾਲਵਾ ਐਕਸਪ੍ਰੈਸ ਆਪਣੇ ਸਮੇਂ ਤੋਂ 3 ਘੰਟੇ ਦੇ ਕਰੀਬ ਦੇਰੀ ਨਾਲ ਪੁੱਜਣ ਦੀ ਉਮੀਦ ਹੈ, ਜਦੋਂ ਕਿ ਸ਼ਾਨ ਏ ਪੰਜਾਬ ਟ੍ਰੇਨ ਲੁਧਿਆਣਾ ਸਟੇਸ਼ਨ 'ਤੇ ਹੀ ਰੱਦ ਕਰ ਦਿੱਤੀ ਗਈ ਹੈ। ਇਸ ਦੌਰਾਨ ਰੇਲਵੇ ਸਟੇਸ਼ਨ ਤੋਂ ਉੱਠ ਕੇ ਯਾਤਰੀ ਬੱਸਾਂ ਲੈਣ ਲਈ ਬੱਸ ਸਟੈਂਡ ਚਲੇ ਗਏ। ਲੋਕਾਂ ਨੇ ਕਿਹਾ ਕਿ ਕਿਸਾਨਾਂ ਦਾ ਰੋਜ਼ਾਨਾ ਕੰਮ ਹੈ, ਕਿਸੇ ਨੇ ਵਿਆਹ 'ਤੇ ਜਾਣਾ ਸੀ ਅਤੇ ਕਿਸੇ ਨੇ ਕਿਸੇ ਪ੍ਰੋਗਰਾਮ 'ਤੇ ਜਾਣਾ ਸੀ। ਇਸ ਤੋਂ ਇਲਾਵਾ ਮਾਲਵਾ ਐਕਸਪ੍ਰੈਸ ਵੀ ਦੇਰੀ ਦੇ ਨਾਲ ਹੀ ਜੰਮੂ ਕੱਟੜਾ ਪਹੁੰਚੇਗੀ, ਉਸਦਾ ਰੂਟ ਵੀ ਡਾਈਵਰਟ ਕੀਤਾ ਗਿਆ ਹੈ ਲਗਾਤਾਰ ਰੇਲਵੇ ਸਟੇਸ਼ਨ 'ਤੇ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਜਲੰਧਰ-ਅੰਮ੍ਰਿਤਸਰ ਟ੍ਰੇਨ ਰੱਦ ਕਰ ਦਿੱਤੀ ਗਈ ਹੈ ਅਤੇ ਮਾਲਵਾ ਐਕਸਪ੍ਰੈਸ ਵੀ ਫਿਲੋਰ ਦੇ ਰਸਤੇ ਤੋਂ ਅੱਗੇ ਜਾਵੇਗੀ।

24 ਘੰਟਿਆਂ 'ਚ 120 ਟ੍ਰੇਨਾਂ ਦੀ ਆਵਾਜਾਈ ਹੋਵੇਗੀ ਪ੍ਰਭਾਵਿਤ: ਰੇਲਵੇ ਟ੍ਰੈਕ ਬੰਦ ਹੁੰਦੇ ਹੀ ਸ਼ਤਾਬਦੀ ਐਕਸਪ੍ਰੈਸ ਨੂੰ ਕਪੂਰਥਲਾ ਦੇ ਫਗਵਾੜਾ ਵਿਖੇ ਰੋਕ ਦਿੱਤਾ ਗਿਆ। ਇਹ ਪ੍ਰਦਰਸ਼ਨ ਜਲੰਧਰ ਕੈਂਟ ਸਟੇਸ਼ਨ ਨੇੜੇ ਹੋ ਰਿਹਾ ਹੈ। ਇਸ ਲਈ ਆਮਰਪਾਲੀ ਐਕਸਪ੍ਰੈਸ ਨੂੰ ਜਲੰਧਰ ਸਿਟੀ ਸਟੇਸ਼ਨ 'ਤੇ ਰੋਕਿਆ ਜਾਵੇਗਾ। ਰੇਲਵੇ ਮੁਤਾਬਕ ਇਸ ਟ੍ਰੈਕ 'ਤੇ ਹਰ 24 ਘੰਟਿਆਂ 'ਚ 120 ਟ੍ਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਵੇਗੀ।

80 ਟ੍ਰੇਨਾਂ ਨੂੰ ਕੀਤਾ ਜਾ ਰਿਹਾ ਡਾਇਵਰਟ: ਵੀਰਵਾਰ ਨੂੰ 40 ਟ੍ਰੇਨਾਂ ਰਵਾਨਾ ਹੋ ਚੁੱਕੀਆਂ ਸਨ, ਹੁਣ 80 ਟ੍ਰੇਨਾਂ ਨੂੰ ਡਾਇਵਰਟ ਕੀਤਾ ਜਾ ਰਿਹਾ ਹੈ। ਜਲੰਧਰ ਸਿਟੀ ਸਟੇਸ਼ਨ ਤੋਂ ਗੱਡੀਆਂ ਦਾ ਡਾਇਵਰਸ਼ਨ ਕੀਤਾ ਗਿਆ ਹੈ। ਇਸ ਦੌਰਾਨ ਲੁਧਿਆਣਾ, ਅੰਬਾਲਾ, ਪਾਣੀਪਤ, ਦਿੱਲੀ ਤੋਂ ਹੁੰਦੇ ਹੋਏ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਨਕੋਦਰ ਤੋਂ ਫਗਵਾੜਾ ਦੇ ਰਸਤਿਓ ਰਵਾਨਾ ਹੋਣਗੀਆਂ।

ਕਈ ਟ੍ਰੇਨਾਂ ਨੂੰ ਕਰਨਾ ਪਿਆ ਰੱਦ: ਦਿੱਲੀ ਤੋਂ ਆਈ ਸ਼ਤਾਬਦੀ (12031) ਨੂੰ ਫਗਵਾੜਾ ਤੱਕ ਹੀ ਜਾਣ ਦਿੱਤਾ ਗਿਆ। ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਵੀ ਉਥੇ ਉਤਰਨਾ ਪਿਆ। ਇਸ ਦੇ ਨਾਲ ਹੀ ਸ਼ਾਮ ਨੂੰ ਅੰਮ੍ਰਿਤਸਰ ਤੋਂ ਦਿੱਲੀ ਲਈ ਚੱਲਣ ਵਾਲੀ ਸ਼ਤਾਬਦੀ (12032) ਲੁਧਿਆਣਾ ਤੋਂ ਰਵਾਨਾ ਹੋਵੇਗੀ। ਇਸੇ ਤਰ੍ਹਾਂ ਦਿੱਲੀ ਤੋਂ ਅੰਮ੍ਰਿਤਸਰ ਆਉਣ ਵਾਲੀ ਸ਼ਾਨੇ-ਏ-ਪੰਜਾਬ (12497) ਨੂੰ ਲੁਧਿਆਣਾ ਵਿੱਚ ਰੋਕ ਦਿੱਤਾ ਗਿਆ ਹੈ। ਇਹ ਟ੍ਰੇਨ (12498) ਲੁਧਿਆਣਾ ਤੋਂ ਹੀ ਚੱਲੇਗੀ।

2 ਲੋਕਲ ਟ੍ਰੇਨਾਂ ਵੀ ਹੋਈਆਂ ਰੱਦ: ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਲੰਬੀ ਤੋਂ ਅੰਮ੍ਰਿਤਸਰ ਨੂੰ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਨੂੰ ਫਗਵਾੜਾ ਦੇ ਰਸਤੇ ਲੋਹੀਆਂ ਖਾਸ ਤੋਂ ਆਉਣਾ ਪਵੇਗਾ। ਜਿਨ੍ਹਾਂ ਯਾਤਰੀਆਂ ਨੇ ਜਲੰਧਰ ਸਿਟੀ ਅਤੇ ਕੈਂਟ ਸਟੇਸ਼ਨਾਂ 'ਤੇ ਰੇਲ ਗੱਡੀਆਂ ਫੜਨੀਆਂ ਸਨ, ਉਨ੍ਹਾਂ ਨੂੰ ਹੁਣ ਫਗਵਾੜਾ ਜਾਂ ਲੁਧਿਆਣਾ ਤੋਂ ਰੇਲਗੱਡੀ ਫੜਨੀ ਪਵੇਗੀ। ਨਕੋਦਰ-ਨੂਰਮਹਿਲ ਜਾਣ ਵਾਲੀਆਂ ਦੋ ਲੋਕਲ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ।

ਮੁੱਖ ਮੰਤਰੀ ਮਾਨ ਵੀ ਕਰ ਚੁੱਕੇ ਅਪੀਲ:ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਹਾਈਵੇਅ ਜਾਮ ਕਰਕੇ ਲੋਕਾਂ ਨੂੰ ਪਰੇਸ਼ਾਨ ਨਾ ਕਰਨ ਦੀ ਸਲਾਹ ਦਿੱਤੀ ਸੀ। ਹਾਲਾਂਕਿ ਬੈਰੀਕੇਡਿੰਗ ਦੇ ਬਾਵਜੂਦ ਜਲੰਧਰ ਪੁਲਿਸ ਕਿਸਾਨਾਂ ਨੂੰ ਰੋਕ ਨਹੀਂ ਸਕੀ। ਫਿਲਹਾਲ ਹਾਈਵੇਅ 'ਤੇ ਸਰਵਿਸ ਲੇਨ ਰਾਹੀਂ ਆਵਾਜਾਈ ਨੂੰ ਜਾਣ ਦਿੱਤਾ ਗਿਆ ਹੈ।

ਪ੍ਰਸ਼ਾਸਨ ਨਾਲ ਮੀਟਿੰਗ ਨਾ ਹੋਣ ਕਾਰਨ ਭੜਕੇ ਕਿਸਾਨ: ਇਸ ਤੋਂ ਪਹਿਲਾਂ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੀਟਿੰਗ ਹੋਣੀ ਸੀ, ਜੋ ਨਹੀਂ ਹੋ ਸਕੀ। ਇਸ ਤੋਂ ਨਾਰਾਜ਼ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਜਦੋਂ ਤੱਕ ਸਰਕਾਰ ਗੰਨੇ ਦੇ ਰੇਟ ਵਧਾਉਣ ਦੀ ਉਨ੍ਹਾਂ ਦੀ ਮੰਗ ਨਹੀਂ ਮੰਨਦੀ, ਉਦੋਂ ਤੱਕ ਧਰਨਾ ਜਾਰੀ ਰਹੇਗਾ। ਰੇਲਵੇ ਟ੍ਰੈਕ ਨੂੰ ਰੋਕਣ ਦਾ ਫੈਸਲਾ ਅੱਜ ਹੀ ਮੀਟਿੰਗ ਵਿੱਚ ਲਿਆ ਜਾਵੇਗਾ। ਜਦੋਂਕਿ ਜਥੇਬੰਦੀ ਵੱਲੋਂ 26 ਨਵੰਬਰ ਨੂੰ ਚੰਡੀਗੜ੍ਹ ਵੱਲ ਰੋਸ ਮਾਰਚ ਕੀਤਾ ਜਾਵੇਗਾ।

ABOUT THE AUTHOR

...view details