ਪੰਜਾਬ

punjab

ਸਰਦੀਆਂ 'ਚ ਘੱਟ ਸਕਦੀ ਦੁੱਧ ਦੀ ਪੈਦਾਵਾਰ; ਪਸ਼ੂ ਹੋ ਸਕਦੇ ਨਿਮੋਨੀਆ ਦੇ ਸ਼ਿਕਾਰ, ਮਾਹਿਰ ਤੋਂ ਸੁਣੋ ਕਿਵੇਂ ਕਰਨੀ ਦੇਖਭਾਲ

By ETV Bharat Punjabi Team

Published : Jan 3, 2024, 12:39 PM IST

ਸਰਦੀਆਂ ਵਿੱਚ ਆਪਣੇ ਦੁਧਾਰੂ ਪਸ਼ੂਆਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਨਹੀਂ ਤਾਂ 5 ਕਿੱਲੋ ਤੱਕ ਘੱਟ ਦੁੱਧ ਦੀ ਪੈਦਾਵਰ ਸਕਦੀ ਹੈ। ਮਾਹਿਰ ਡਾਕਟਰ ਤੋਂ ਜਾਣੋ ਕਿਵੇਂ ਪਸ਼ੂਆਂ ਲਈ ਸ਼ੈੱਡ ਨਿਰਮਾਣ, ਖੁਰਾਕ ਤੇ ਤਾਪਮਾਨ ਨੂੰ ਬਰਾਬਰ ਰੱਖਿਆ (cattle care) ਜਾ ਸਕਦਾ ਹੈ, ਵੇਖੋ ਇਸ ਖਾਸ ਰਿਪੋਰਟ ਵਿੱਚ ...

Dairy cattle and Pigs care
Dairy cattle and Pigs care

ਮਾਹਿਰ ਡਾਕਟਰ ਤੋਂ ਸੁਣੋ ਕਿਵੇਂ ਕਰਨੀ ਹੈ ਦੇਖਭਾਲ

ਲੁਧਿਆਣਾ:ਪੂਰੇ ਉਤਰ ਭਾਰਤ ਵਿੱਚ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਇਨ੍ਹਾਂ ਦਿਨਾਂ ਵਿੱਚ ਅਕਸਰ ਹੀ ਦੁਧਾਰੂ ਪਸ਼ੂਆਂ ਦਾ ਦੁੱਧ ਘਟਨਾ ਸ਼ੁਰੂ ਹੋ ਜਾਂਦਾ ਹੈ। ਨਾ ਸਿਰਫ ਦੁਧਾਰੂ ਪਸ਼ੂ, ਸਗੋਂ ਪਿਗਰੀ ਫਾਰਮ ਚਲਾਉਣ ਵਾਲਿਆਂ ਲਈ ਵੀ ਚਿੰਤਾ ਦਾ ਵਿਸ਼ਾ ਵੱਧ ਜਾਂਦਾ ਹੈ। ਕਿਉਂਕਿ, ਜਦੋਂ ਤਾਪਮਾਨ ਚਾਰ ਡਿਗਰੀ ਦੇ ਨੇੜੇ ਪਹੁੰਚ ਜਾਂਦਾ ਹੈ, ਤਾਂ ਇਸ ਦਾ ਸਿੱਧਾ ਅਸਰ ਪਸ਼ੂਆਂ ਉੱਤੇ ਪੈਣਾ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਨਾਲ ਹੀ ਦੁੱਧ ਦੇਣ ਦੀ ਸਮਰੱਥਾ ਘਟਣ ਦੇ ਨਾਲ-ਨਾਲ ਛਾਤੀ ਵਿੱਚ ਇਨਫੈਕਸ਼ਨ ਆਦਿ ਦੀਆਂ ਬਿਮਾਰੀਆਂ ਦਾ ਉਹ ਸ਼ਿਕਾਰ ਹੋ ਜਾਂਦੇ ਹਨ। ਇਸ ਨਾਲ ਨਾ ਸਿਰਫ ਉਨ੍ਹਾਂ ਦੇ ਦੁੱਧ ਦੇਣ ਦੀ ਸਮਰੱਥਾ ਘਟਦੀ ਹੈ, ਸਗੋਂ ਸਰੀਰਕ ਵਿਕਾਸ ਵਿੱਚ ਵੀ ਫ਼ਰਕ ਪੈਂਦਾ ਹੈ। ਨਾਲ ਹੀ, ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਜਾਵੇ ਤਾਂ ਪਸ਼ੂ ਦੀ ਮੌਤ ਤੱਕ ਵੀ ਹੋ ਜਾਂਦੀ ਹੈ। ਅਜਿਹੇ ਵਿੱਚ ਪਸ਼ੂਆਂ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਹੈ।

ਸ਼ੈੱਡ ਤੋਂ ਸ਼ਰੂਆਤ:ਗੁਰੂ ਅੰਗਦ ਦੇਵ ਵੈਟਨਰੀ ਸਾਇੰਸ ਐਨੀਮਲ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪਸ਼ੂਆਂ ਨੂੰ ਅਤੇ ਜਾਨਵਰਾਂ ਨੂੰ ਠੰਡ ਤੋਂ ਬਚਾਉਣ ਲਈ ਹਮੇਸ਼ਾ ਹੀ ਜਦੋਂ ਸ਼ੈਡ ਦਾ ਨਿਰਮਾਣ ਕਰਨਾ ਹੈ, ਤਾਂ ਉਸ ਵੇਲ੍ਹੇ ਹੀ ਕਈ ਗੱਲਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਘਰ ਦਾ ਨਿਰਮਾਣ ਲੋਕ ਚੜਦੇ ਵੱਲ ਘਰ ਦਾ ਮੂੰਹ ਰੱਖ ਕੇ ਕਰਦੇ ਹਨ, ਉਸੇ ਤਰ੍ਹਾਂ ਜਦੋਂ ਵੀ ਪਸ਼ੂਆਂ ਲਈ ਜਾਂ ਫਿਰ ਹੋਰ ਜਾਨਵਰਾਂ ਲਈ ਸ਼ੈਡ ਦਾ ਨਿਰਮਾਣ ਕਰਨਾ ਹੈ, ਤਾਂ ਉਸ ਦਾ ਮੂੰਹ ਪੂਰਬ ਤੋਂ ਪੱਛਮੀ ਵੱਲ ਹੋਣਾ ਚਾਹੀਦਾ ਹੈ, ਤਾਂ ਜੋ ਉਸ ਨੂੰ ਉੱਤਰ ਤੋਂ ਚੱਲਣ ਵਾਲੀ ਸ਼ੀਤ ਲਹਿਰ ਤੋਂ ਬਚਾਇਆ ਜਾ ਸਕੇ ਅਤੇ ਨਾਲ ਹੀ ਪਸ਼ੂਆਂ ਨੂੰ ਲੋੜ ਦੇ ਮੁਤਾਬਿਕ ਧੁੱਪ ਵੀ ਲੱਗ ਸਕੇ।

ਕਿਵੇਂ ਕਰਨੀ ਹੈ ਦੇਖਭਾਲ

ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬਬਲ ਸ਼ੀਟ ਦੀ ਵਰਤੋਂ ਕਿਸਾਨ ਸ਼ੈਡ ਦੀ ਛੱਤ ਉੱਤੇ ਕਰ ਸਕਦੇ ਹਨ, ਜੋ ਕਿ ਬਾਜ਼ਾਰ ਵਿੱਚ ਕਾਫੀ ਆਸਾਨੀ ਦੇ ਨਾਲ ਉਪਲਬਧ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸ਼ੈਡ ਦੇ ਚਾਰੇ ਪਾਸੇ ਕਵਰ ਲਾਉਣੇ ਚਾਹੀਦੇ ਹਨ। ਭਾਵੇਂ ਉਹ ਕਿਸੇ ਚਾਦਰਾਂ ਦੇ ਹੋਣ ਜਾਂ ਫਿਰ ਕਿਸੇ ਪੱਲੀ ਦੇ ਵੀ ਬਣਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤਾਪਮਾਨ ਚਾਰ ਤੋਂ ਪੰਜ ਡਿਗਰੀ ਤੋਂ ਹੇਠਾਂ ਚਲਾ ਜਾਂਦਾ ਹੈ, ਤਾਂ ਉਸ ਵੇਲੇ ਦੁਧਾਰੂ ਪਸ਼ੂਆਂ ਨੂੰ ਸਮੱਸਿਆ ਹੁੰਦੀ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਗਰਮੀਆਂ ਵਿੱਚ ਵਧ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਸਰਦੀਆਂ ਵਿੱਚ ਜਿਆਦਾ ਧਿਆਨ ਛੋਟੇ ਬਛੜੇ ਤੇ ਕੱਟੂ ਆਦਿ ਦਾ ਰੱਖਣ ਦੀ ਲੋੜ ਪੈਂਦੀ ਹੈ। ਸ਼ੈੱਡ ਦੇ ਨਿਰਮਾਣ ਵੇਲੇ ਹੀ ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

ਪਰਾਲੀ ਦੀ ਸੁਚੱਜੀ ਵਰਤੋਂ:ਪਰਾਲੀ ਦੀ ਵਰਤੋਂ ਵੀ ਪਸ਼ੂਆਂ ਨੂੰ ਠੰਡ ਤੋਂ ਬਚਾ ਸਕਦੀ ਹੈ। ਕੁਲਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਕੋਈ ਸ਼ੈੱਡ ਦੇ ਉੱਤੇ ਬਬਲ ਸ਼ੀਟ ਆਦਿ ਨਹੀਂ ਲਗਾ ਸਕਦਾ, ਤਾਂ ਉਹ ਪਰਾਲੀ ਵਿਛਾ ਕੇ ਵੀ ਇਸ ਦਾ ਹੱਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੇ ਪੱਲੇ ਬਣਾ ਕੇ ਉਸ ਨੂੰ ਹਵਾ ਰੋਕਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਜਾਨਵਰਾਂ ਨੂੰ ਸਰਦੀਆਂ ਵਿੱਚ ਸੁੱਕਾ ਰੱਖਣ ਲਈ ਪਰਾਲੀ ਵੀ ਵਰਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਵਰਤੋਂ ਸਿੱਧੀ ਨਹੀਂ ਕਰਨੀ, ਸਗੋਂ ਉਸ ਦਾ ਕੁਤਰਾ ਕਰਕੇ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਰਾਲੀ ਵਿਛਾਉਣ ਦੇ ਨਾਲ ਹੀ ਪਸ਼ੂਆਂ ਨੂੰ ਕਾਫੀ ਨਿੱਘ ਮਿਲਦਾ ਹੈ। ਤਾਪਮਾਨ ਵੀ ਇਸ ਨਾਲ ਬਰਾਬਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਕਿਸਾਨਾਂ ਨੂੰ ਆਮ ਉਪਲਬਧ ਹੁੰਦੀ ਹੈ, ਹਾਲਾਂਕਿ ਪਰਾਲੀ ਨੂੰ ਅਕਸਰ ਹੀ ਅਸੀਂ ਇੱਕ ਵੇਸਟੇਜ ਵਜੋਂ ਵੇਖਦੇ ਹਨ, ਪਰ ਇਸ ਦੀ ਸਰਦੀਆਂ ਵਿੱਚ ਬਹੁਤ ਕਮਾਲ ਦੀ ਵਰਤੋਂ ਹੁੰਦੀ ਹੈ, ਜੋ ਕਿ ਸਾਡੇ ਦੁਧਾਰੂ ਪਸ਼ੂਆਂ ਨੂੰ ਠੰਡ ਤੋਂ ਬਚਾ ਸਕਦੇ ਹਨ।

ਡਾਕਟਰ ਕੁਲਵਿੰਦਰ ਸਿੰਘ

ਚੰਗੀ ਖੁਰਾਕ:ਡਾਕਟਰ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਸਭ ਤੋਂ ਜਿਆਦਾ ਅਸਰ ਛੋਟੇ ਪਸ਼ੂਆਂ 'ਤੇ ਹੁੰਦਾ ਹੈ। ਉਨ੍ਹਾਂ ਕਿਹਾ ਕਿ ਵੱਡੇ ਪਸ਼ੂ ਫਿਰ ਵੀ ਠੰਡ ਬਰਦਾਸ਼ਤ ਕਰ ਲੈਂਦੇ ਹਨ, ਪਰ ਛੋਟੇ ਕੱਟੜੂ ਆਦਿ ਉੱਤੇ ਇਸ ਦਾ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਭ ਤੋਂ ਵੱਡੀ ਗ਼ਲਤੀ ਉਨ੍ਹਾਂ ਦੀ ਖੁਰਾਕ ਵਿੱਚ ਕਰਦੇ ਹਨ। ਅਕਸਰ ਹੀ ਉਨ੍ਹਾਂ ਨੂੰ ਸਵੇਰੇ ਅਤੇ ਸ਼ਾਮ ਨੂੰ ਦੁੱਧ ਪਿਲਾਇਆ ਜਾਂਦਾ ਹੈ, ਜਦਕਿ ਅਜਿਹੇ ਮੌਸਮ ਵਿੱਚ ਉਹ ਨਿਮੋਨੀਆ ਦਾ ਸ਼ਿਕਾਰ ਹੋ ਸਕਦੇ ਹਨ।

ਇਸ ਕਰਕੇ ਕੱਟੜੂ ਨੂੰ ਬਣਦੀ ਖੁਰਾਕ ਦੇਣ ਦੀ ਲੋੜ ਹੈ। ਮਾਹਿਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਛੋਟੇ ਕੱਟੜੂ ਜਾਂ ਛੋਟੇ ਪਸ਼ੂਆਂ ਨੂੰ ਜਿਨਾਂ ਦੀ ਉਮਰ ਬਹੁਤ ਘੱਟ ਹੈ, ਉਨ੍ਹਾਂ ਲਈ ਘੱਟੋ ਘੱਟ ਦਿਨ ਵਿੱਚ 9 ਤੋਂ 10 ਵਾਰ ਬਾਉਲੀ/ਦੁੱਧ ਪਿਲਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜਿਆਦਾਤਰ ਪੰਜਾਬ ਵਿੱਚ ਦੁਧਾਰੂ ਪੱਸ਼ੂ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਹੀ ਸਿਉਂਦੇ ਹਨ। ਇਸ ਕਰਕੇ ਛੋਟੇ ਬਛੜੇ ਆਦਿ ਸਰਦੀਆਂ ਵਿੱਚ ਪੈਦਾ ਹੁੰਦੇ ਹਨ, ਅਜਿਹੇ ਵਿੱਚ ਉਨ੍ਹਾਂ ਦਾ ਧਿਆਨ ਰੱਖਣਾ ਬੇਹਦ ਜ਼ਰੂਰੀ ਬਣ ਜਾਂਦਾ ਹੈ।

ਪਿੱਗ ਫਾਰਮ: ਮਾਹਿਰ ਡਾਕਟਰ ਕੁਲਵਿੰਦਰ ਸਿੰਘ ਮੁਤਾਬਿਕ ਪੰਜਾਬ ਵਿੱਚ ਪਿਗਰੀ ਦੇ ਸਹਾਇਕ ਧੰਦੇ ਵੱਲ ਵੱਡੀ ਗਿਣਤੀ ਵਿੱਚ ਕਿਸਾਨ ਆਕਰਸ਼ਿਤ ਹੋਏ ਹਨ। ਪਿਛਲੇ ਕੁਝ ਸਾਲਾਂ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਪਿੱਗਫਾਰਮ ਦਾ ਸਹਾਇਕ ਧੰਦਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੱਗ ਦੀ ਚਮੜੀ ਕਾਫੀ ਮੋਟੀ ਹੁੰਦੀ ਹੈ, ਉਸ ਨੂੰ ਠੰਡ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ, ਪਰ ਉਨ੍ਹਾਂ ਦੇ ਜੋ ਛੋਟੇ ਬੱਚੇ (Pigslets) ਹੁੰਦੇ ਹਨ, ਉਨ੍ਹਾਂ ਦੀ ਚਮੜੀ ਕਾਫੀ ਪਤਲੀ ਹੁੰਦੀ ਹੈ। ਇਸ ਕਰਕੇ ਉਹ ਅਕਸਰ ਹੀ ਠੰਡ ਦੀ ਲਪੇਟ ਵਿੱਚ ਆ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਪਿਗਲੇਟਸ ਨੂੰ ਘੱਟੋ ਘੱਟ 30 ਡਿਗਰੀ ਟੈਂਪਰੇਚਰ ਵਿੱਚ ਰੱਖਣਾ ਪੈਂਦਾ ਹੈ। ਜੇਕਰ, ਟੈਂਪਰੇਚਰ ਘੱਟ ਜਾਂਦਾ ਹੈ, ਤਾਂ ਉਹ ਨਿਮੋਨੀਆ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਵੱਡੇ ਸੂਰਾਂ ਨੂੰ ਰੱਖਣ ਲਈ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸ਼ੈੱਡ ਦੇ ਚਾਰੇ ਪਾਸੇ ਕਵਰੇਜ ਕੀਤੀ ਜਾ ਸਕਦੀ ਹੈ, ਪਰ ਖਾਸ ਕਰਕੇ ਛੋਟੇ ਪਿੱਗ ਦੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਕਿਸਾਨ ਵੀਰ ਬਲਬ ਜਾਂ ਫਿਰ ਕਿਸੇ ਬੰਦ ਕਮਰੇ ਵਿੱਚ ਘੱਟੋ-ਘੱਟ ਟੈਂਪਰੇਚਰ 30 ਡਿਗਰੀ ਰੱਖ ਸਕਦੇ ਹਨ ਜਿਸ ਨਾਲ ਉਨ੍ਹਾਂ ਦੀ ਮੌਤ ਨਹੀਂ ਹੋਵੇਗੀ ਅਤੇ ਉਹ ਸਰਦੀਆਂ ਵਿੱਚ ਚੰਗੀ ਤਰ੍ਹਾਂ ਵੱਧ ਫੁੱਲ ਸਕਣਗੇ।

ABOUT THE AUTHOR

...view details