ETV Bharat / state

ਨਵੇਂ ਵਰ੍ਹੇ ਦੇ ਪਹਿਲੇ ਦਿਨ ਤੋਂ ਡਿਪੂ ਹੋਲਡਰਾਂ ਦੀ ਹੜਤਾਲ; ਨਾ ਚੁੱਕਿਆ ਤੇ ਨਾ ਵੰਡਿਆ ਜਾਵੇਗਾ ਰਾਸ਼ਨ, ਮੋਦੀ ਸਰਕਾਰ ਤੋਂ ਨਾਰਾਜ਼

author img

By ETV Bharat Punjabi Team

Published : Dec 30, 2023, 2:03 PM IST

Depot Holders Protest : ਦੇਸ਼ ਭਰ ਵਿੱਚ ਰਾਸ਼ਨ ਡੀਪੂਆਂ ਦੀ ਹੜਤਾਲ ਦਾ ਲੋਕਾਂ ਨੂੰ ਖਾਮਿਆਜ਼ਾ ਭੁਗਤਨਾ ਪੈ ਸਕਦਾ ਹੈ। 1 ਜਨਵਰੀ, 2024 ਤੋਂ ਦੇਸ਼ ਅੰਦਰ ਡੀਪੂ ਹੋਲਡਰਾਂ ਵੱਲੋਂ ਰਾਸ਼ਨ ਬੰਦ ਕਰਨ ਦਾ ਐਲਾਨ ਕੀਤਾ ਗਿਆ। 16 ਜਨਵਰੀ ਨੂੰ ਰਾਮਲੀਲਾ ਗਰਾਊਂਡ ਵਿੱਚ ਰੈਲੀ ਅਤੇ ਫਿਰ ਸੰਸਦ ਦਾ ਘਿਰਾਓ ਕਰਨ ਦਾ ਵੀ ਐਲਾਨ। ਇਸ ਰਿਪੋਰਟ ਰਾਹੀਂ ਸਮਝੋ, ਕਿਉਂ ਰਾਸ਼ਨ ਡੀਪੂਆਂ ਵਲੋਂ ਇਹ ਐਲਾਨ ਕੀਤੇ ਗਏ ਅਤੇ ਕਿੰਨੇ ਲੋਕ ਇਸ ਹੜਤਾਲ ਕਰਕੇ ਪ੍ਰਭਾਵਿਤ ਹੋਣਗੇ।

Depot Holders Protest In Delhi
Depot Holders Protest

ਨਵੇਂ ਵਰ੍ਹੇ ਦੇ ਦਿਨ ਤੋਂ ਰਾਸ਼ਨ ਡੀਪੂਆਂ ਦੀ ਹੜਤਾਲ

ਲੁਧਿਆਣਾ: ਦੇਸ਼ ਭਰ ਦੇ ਡੀਪੂ ਹੋਲਡਰਾਂ ਵੱਲੋਂ ਇੱਕ ਜਨਵਰੀ, 2024 ਤੋਂ ਮੁੰਕਮਲ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਆਲ ਇੰਡੀਆ ਫੇਅਰ ਪ੍ਰਾਈਮ ਸ਼ੋਪ ਡੀਲਰ ਫੈਡਰੇਸ਼ਨ, ਪੰਜਾਬ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਦੀ ਪੰਜ ਸਾਲ ਦੀ ਮੁਫ਼ਤ ਅਨਾਜ ਦੀ ਦਿੱਤੀ ਗਰੰਟੀ ਦਾ ਵੀ ਡੀਲਰਾਂ ਵੱਲੋਂ ਬਾਈਕਾਟ ਕੀਤਾ ਜਾਵੇਗਾ। 16 ਜਨਵਰੀ ਨੂੰ ਰਾਮਲੀਲਾ ਗਰਾਊਂਡ ਵਿੱਚ ਇਹ ਡੀਲਰ ਵੱਡੀ ਰੈਲੀ ਕਰਨਗੇ ਅਤੇ ਉਸ ਤੋਂ ਬਾਅਦ ਸੰਸਦ ਦਾ ਘਿਰਾਓ ਕਰਨ ਦਾ ਵੀ ਇਨ੍ਹਾਂ ਵੱਲੋਂ ਐਲਾਨ ਕੀਤਾ ਗਿਆ ਹੈ।

Depot Holders Protest In Delhi
ਰਾਸ਼ਨ ਡਿਪੂ ਹੋਲਡਰਾਂ ਦੀ ਹੜਤਾਲ

ਡੀਪੂ ਹੋਲਡਰ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਦੇ ਖਿਲਾਫ ਹੜਤਾਲ ਉੱਤੇ ਜਾ ਰਹੇ ਹਨ ਜਿਸ ਨਾਲ ਦੇਸ਼ ਭਰ ਦੇ 82 ਕਰੋੜ ਲੋਕਾਂ ਤੇ ਸਿੱਧੇ ਤੌਰ ਉੱਤੇ ਅਸਰ ਪਵੇਗਾ। ਇਕ ਜਨਵਰੀ ਤੋਂ ਪੂਰੇ ਦੇਸ਼ ਅੰਦਰ ਡੀਪੂ ਹੋਲਡਰ ਨਾ ਤਾਂ ਕਣਕ ਚੁੱਕਣਗੇ ਅਤੇ ਨਾ ਹੀ ਕਣਕ ਵੰਡਣਗੇ। ਮੁਕੰਮਲ ਤੌਰ ਉੱਤੇ ਬਾਇਓਮੈਟ੍ਰਿਕ ਮਸ਼ੀਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕਰਨਗੇ। ਇਸ ਦੀ ਪੁਸ਼ਟੀ ਫੈਡਰੇਸ਼ਨ ਦੇ ਪੰਜਾਬ ਪ੍ਰਧਾਨ ਕਰਮਜੀਤ ਸਿੰਘ ਨੇ ਕੀਤੀ ਹੈ।

ਕੀ ਹਨ ਮੰਗਾਂ: ਡੀਪੂ ਹੋਲਡਰਾਂ ਦੀ ਮੁੱਖ ਮੰਗਾਂ ਵਿੱਚੋਂ ਡੀਪੂ ਹੋਲਡਰਾਂ ਨੂੰ 200 ਰੁਪਏ ਕੁਇੰਟਲ ਕਮਿਸ਼ਨ, ਇੱਕ ਦੇਸ਼ ਇੱਕ ਕਮਿਸ਼ਨ, ਡੀਪੂ ਹੋਲਡਰ ਨੂੰ 50 ਲੱਖ ਤੱਕ ਬੀਮਾ ਯੋਜਨਾ ਵਿੱਚ ਸ਼ਾਮਿਲ ਕਰਨਾ, ਮੁਫਤ ਵੰਡੇ ਅਨਾਜ ਦਾ ਕਮਿਸ਼ਨ ਤੁਰੰਤ ਜਾਰੀ ਕਰਨਾ, ਨਕਦ ਮਿਲਣ ਵਾਲੀ ਕਣਕ ਚਾਵਲ ਕੋਟੇ ਨੂੰ ਮੁੜ ਤੋਂ ਚਾਲੂ ਕਰਨਾ, ਡੀਪੂ ਹੋਲਡਰ ਨੂੰ 50,000 ਰੁਪਏ ਮਹੀਨੇ ਗਰੰਟੀ ਦੇਣ ਦੀ ਯੋਜਨਾ ਵਿੱਚ ਸ਼ਾਮਿਲ ਕਰਨਾ ਆਦਿ ਹਨ। ਫੈਡਰੇਸ਼ਨ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਪੰਜਾਬ ਦੇਸ਼ ਦਾ ਅਜਿਹਾ ਸੂਬਾ ਹੈ, ਜਿੱਥੇ ਸਭ ਤੋਂ ਘੱਟ 50 ਰੁਪਏ ਪ੍ਰਤੀ ਕੁਇੰਟਲ ਕਮਿਸ਼ਨ ਦਿੱਤਾ ਜਾਂਦਾ ਹੈ, ਜਦਕਿ ਬਾਕੀ ਸੂਬਿਆਂ ਵਿੱਚ 100 ਰੁਪਏ ਤੋਂ ਲੈ ਕੇ 200 ਪ੍ਰਤੀ ਕੁਇੰਟਲ ਤੱਕ ਦਾ ਕਮਿਸ਼ਨ ਹੈ।

Depot Holders Protest In Delhi
ਡਿਪੂ ਹੋਲਡਰਾਂ ਦੀਆਂ ਮੰਗਾਂ

ਮੁਫ਼ਤ ਅਨਾਜ ਯੋਜਨਾ ਦਾ ਬਾਈਕਾਟ: ਆਲ ਇੰਡੀਆ ਫੇਅਰ ਪ੍ਰਾਈਮ ਸ਼ੋਪ ਡੀਲਰਸ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਅੰਦਰ ਪੰਜ ਸਾਲ ਮੁਫ਼ਤ ਅਨਾਜ ਦੇਣ ਦੀ ਗਰੰਟੀ, ਜੋ ਕਿ ਜਨਵਰੀ 2024 ਤੋਂ ਚੱਲੇਗੀ। ਉਸ ਦਾ ਵੀ ਉਹ ਬਾਈਕਾਟ ਕਰਨਗੇ। ਉਨ੍ਹਾਂ ਕਿਹਾ ਕਿ 16 ਜਨਵਰੀ 2024 ਨੂੰ ਉਹ ਰਾਮਲੀਲਾ ਗਰਾਊਂਡ ਵਿੱਚ ਰੈਲੀ ਕਰਨਗੇ ਜਿਸ ਵਿੱਚ ਦੇਸ਼ ਭਰ ਦੇ ਡੀਪੂ ਹੋਲਡਰਾਂ ਸਣੇ ਉਹ ਸੰਸਦ ਦਾ ਵੀ (Ration Card In Punjab) ਘਿਰਾਓ ਕਰਨਗੇ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ 6 ਲੱਖ ਡੀਪੂ ਹੋਲਡਰ ਦੇਸ਼ ਦੇ 82 ਕਰੋੜ ਲੋਕਾਂ ਨੂੰ ਰਾਸ਼ਨ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਪਹਿਲਾਂ ਹੀ ਪੱਤਰ ਲਿਖ ਚੁੱਕੇ ਹਾਂ।

1955 ਤੋਂ ਹੋਂਦ ਵਿੱਚ ਆਏ ਡੀਪੂ ਹੋਲਡਰ : ਫੈਡਰੇਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਅੜੈਚਾ ਨੇ ਕਿਹਾ ਹੈ ਕਿ ਸਾਡੇ ਡੀਪੂ ਹੋਲਡਰ ਦੇਸ਼ ਵਿੱਚ 1955 ਅੰਦਰ ਹੋਂਦ ਵਿੱਚ ਆਏ ਸਨ। 1955 ਵਿੱਚ ਜਨਤਕ ਵੰਡ ਪ੍ਰਣਾਲੀ ਤਹਿਤ ਉਨ੍ਹਾਂ ਨੇ ਰਾਸ਼ਨ ਵੰਡਣਾ ਸ਼ੁਰੂ ਕੀਤਾ ਸੀ। ਦਿੱਲੀ ਵਿੱਚ ਜਿੱਥੇ 200 ਰੁਪਏ ਕਮਿਸ਼ਨ ਹੈ, ਹਰਿਆਣਾ ਵਿੱਚ 150 ਰੁਪਏ ਕਮਿਸ਼ਨ ਹੈ, ਜਦਕਿ ਪੰਜਾਬ ਵਿੱਚ ਸਭ ਤੋਂ ਘੱਟ ਕਮਿਸ਼ਨ ਹੈ। 13 ਮਹੀਨਿਆਂ ਤੋਂ ਉਨ੍ਹਾਂ ਨੂੰ ਕਮਿਸ਼ਨ ਨਹੀਂ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਕਣਕ ਤਕਸੀਮ ਦਾ ਉਨ੍ਹਾਂ ਨੂੰ ਕਮਿਸ਼ਨ ਨਹੀਂ ਦਿੱਤਾ ਗਿਆ ਹੈ।

Depot Holders Protest In Delhi
ਡੀਪੂ ਹੋਲਡਰ ਮੋਦੀ ਸਰਕਾਰ ਤੋਂ ਨਾਰਾਜ਼

ਦੂਜੇ ਪਾਸੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੇ ਰਜਨੀਸ਼ ਧੀਮਾਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਕੰਮ ਸਕੀਮ ਰਾਹੀਂ ਸੂਬਾ ਸਰਕਾਰਾਂ ਨੂੰ ਰਾਸ਼ਨ ਦੇਣਾ ਹੈ। ਉਸ ਤੋਂ ਬਾਅਦ ਸਥਾਨਕ ਸਰਕਾਰਾਂ ਵੱਲੋਂ ਉਸ ਨੂੰ ਵੰਡਿਆ ਜਾਂਦਾ ਹੈ, ਉਸ ਵਿੱਚ ਸੂਬਾ ਸਰਕਾਰ ਕੁਤਾਹੀ ਵਰਤ ਰਹੀ ਹੈ।

ਰਾਸ਼ਨ ਕਾਰਡ ਰੱਦ: ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲਗਭਗ ਸੂਬੇ ਦੇ ਵਿੱਚ 2.98 ਲੱਖ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰੇ ਹੀ ਲਾਭਪਾਤਰੀਆਂ ਨੂੰ ਮੁਫਤ ਅਨਾਜ ਮਿਲਣਾ ਬੰਦ ਹੋ ਚੁੱਕਾ ਹੈ। ਪੰਜਾਬ ਸਰਕਾਰ ਦੇ ਫੂਡ ਸਪਲਾਈ ਵਿਭਾਗ ਵੱਲੋਂ ਸਤੰਬਰ 2022 ਵਿੱਚ ਕਰੀਬ 40 ਲੱਖ, 50 ਹਜ਼ਾਰ ਰਾਸ਼ਨ ਕਾਰਡਾਂ ਦੀ ਜਾਂਚ ਕੀਤੀ ਗਈ ਸੀ। ਰਾਸ਼ਨ ਕਾਰਡ ਦੀ ਜਾਂਚ ਦਾ ਕੰਮ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ। ਪੰਜਾਬ ਸਰਕਾਰ ਵੱਲੋਂ ਪਰਿਵਾਰ ਦੀ ਆਰਥਿਕਤਾ ਨੂੰ ਵੇਖਦੇ ਹੋਏ ਨਵੇਂ ਸਿਰੇ ਤੋਂ ਰਾਸ਼ਨ ਕਾਰਡ ਬਣਾਏ ਜਾ ਰਹੇ ਹਨ। ਗਰੀਬੀ ਰੇਖਾ ਦੇ ਅਧੀਨ ਜਿੰਨੀ ਆਮਦਨ ਦੱਸੀ ਜਾ ਰਹੀ ਹੈ, ਲੋਕਾਂ ਦੇ ਮੁਤਾਬਿਕ ਉੰਨੀ ਆਮਦਨ ਵਿੱਚ ਰਾਸ਼ਨ ਕਾਰਡ ਬਣਾਉਣਾ ਸੰਭਵ ਹੀ ਨਹੀਂ ਹੈ।

Depot Holders Protest In Delhi
ਕੀ ਕਹਿਣਾ ਭਾਜਪਾ ਆਗੂ ਦਾ

ਪੰਜਾਬ ਵਿੱਚ ਕੇਂਦਰ ਸਰਕਾਰ ਵੱਲੋਂ ਮੁਫਤ ਵਿੱਚ ਅਨਾਜ ਤਕਸੀਮ ਕੀਤਾ ਜਾਂਦਾ ਹੈ, ਜਦਕਿ ਪਹਿਲਾਂ ਕਣਕ ਦੋ ਰੁਪਏ ਪ੍ਰਤੀ ਕਿਲੋ ਦਿੱਤੀ ਜਾਂਦੀ ਸੀ। ਸਾਲ 2023 ਵਿੱਚ 1 ਜਨਵਰੀ ਤੋਂ ਦਸੰਬਰ ਤੱਕ ਇਹ ਅਨਾਜ ਮੁਫਤ ਦਿੱਤਾ ਜਾਣਾ ਹੈ। ਪੰਜਾਬ ਵਿੱਚ ਕਰੀਬ 30 ਲੱਖ ਰਾਸ਼ਨ ਕਾਰਡ ਧਾਰਕ ਹਨ। ਇਸ ਨੂੰ ਲੈ ਕੇ ਭਾਜਪਾ ਵੱਲੋਂ ਹੁਣ ਸਵਾਲ ਵੀ ਖੜੇ ਕੀਤੇ ਜਾ ਰਹੇ ਹਨ। ਮੁੱਖ ਮੰਤਰੀ ਵੱਲੋਂ ਘਰ ਤੱਕ ਲੋਕਾਂ ਦੇ ਰਾਸ਼ਨ ਪਹੁੰਚਾਉਣ ਦੀ ਸਕੀਮ ਨੂੰ ਭਾਜਪਾ ਨੇ ਫੇਲ੍ਹ ਦੱਸਿਆ ਹੈ ਅਤੇ ਕਿਹਾ ਹੈ ਕਿ ਜੇਕਰ ਕਿਸੇ ਨੂੰ ਮੁਫਤ ਕਣਕ ਮਿਲਦੀ ਹੈ, ਤਾਂ ਸੂਬਾ ਸਰਕਾਰ ਉਸ ਵਿੱਚ ਕਿਉਂ ਦਖਲ ਅੰਦਾਜ਼ੀ ਕਰ ਰਹੀ ਹੈ। ਇਹ ਕਣਕ ਕੇਂਦਰ ਸਰਕਾਰ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਲੋੜ ਦੇ ਮੁਤਾਬਿਕ ਆਟਾ ਲੈਂਦਾ ਹੈ। ਇੱਕ ਕੁਇੰਟਲ ਕਣਕ ਦਾ ਆਟਾ ਕੋਈ ਕਿਵੇਂ ਪਿਸਵਾ ਕੇ ਰੱਖ ਲਵੇਗਾ ਤੇ ਉਸ ਦੀ ਵਰਤੋਂ ਕਿਵੇਂ ਕਰੇਗਾ, ਆਟਾ ਖ਼ਰਾਬ ਹੋ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.