ਲੁਧਿਆਣਾ: 1984 ਸਿੱਖ ਕਤਲੇਆਮ ਨੂੰ 40 ਸਾਲ ਦਾ ਸਮਾਂ ਹੋਣ ਜਾ ਰਿਹਾ ਹੈ। ਇਨਸਾਫ਼ ਲਈ ਅੱਜ ਵੀ ਪੀੜਤ ਆਸ ਭਰੀ ਨਜ਼ਰਾਂ ਨਾਲ ਉਡੀਕ ਕਰ ਰਹੇ ਨੇ। ਜਿਨ੍ਹਾਂ ਨੇ 1984 ਦਾ ਸੰਤਾਪ ਆਪਣੇ ਪਿੰਡੇ ਉੱਤੇ ਹੰਢਇਆ ਉਨ੍ਹਾ ਦੇ ਲੂ-ਕੰਡੇ ਅੱਜ ਵੀ ਉਸ ਮੰਜਰ ਨੂੰ ਯਾਦ ਕਰ ਕੇ ਖੜੇ ਹੋ ਜਾਂਦੇ ਨੇ। 2013 ਵਿੱਚ ਕੜਕੜਡੂਮਾ ਅਦਾਲਤ ਨੇ ਜਦੋਂ ਕਾਂਗਰਸ ਲੀਡਰ ਸੱਜਣ ਕੁਮਾਰ ਨੂੰ ਕਲੀਨ ਚਿੱਟ ਦਿੱਤੀ ਤਾਂ ਇਨਸਾਫ਼ ਦੀ ਆਸ ਫਿਰ ਚਲੀ ਗਈ ਪਰ 2014 ਵਿੱਚ ਕੇਂਦਰ ਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ 2018 ਵਿੱਚ ਮੁੜ ਚਾਰਜਸ਼ੀਟ ਦਾਖਿਲ ਹੋਈ ਅਤੇ ਸੱਜਣ ਕੁਮਾਰ ਨੂੰ ਉਮਰਕੈਦ ਦੀ ਸਜ਼ਾ ਹੋਈ। ਹੁਣ 1984 ਸਿੱਖ ਕਤਲੇਆਮ ਮਾਮਲੇ ਵਿੱਚ ਤਤਕਾਲੀ ਕਾਗਰਸੀ ਲੀਡਰ ਜਗਦੀਸ਼ ਟਾਇਟਲਰ ਨੂੰ ਵੀ ਦਿੱਲੀ ਕੋਰਟ ਨੇ ਸੰਮਨ ਜਾਰੀ ਕਰ 5 ਅਗਸਤ ਨੂੰ ਤਲਬ ਕੀਤਾ ਹੈ।
ਇਨਸਾਫ਼ 'ਤੇ ਕ੍ਰੈਡਿਟ:1984 ਸਿੱਖ ਕਤਲੇਆਮ ਪੀੜਤਾਂ ਦੀ ਆਸ ਤਾਂ ਬੱਝੀ ਹੈ ਪਰ ਨਾਲ ਹੀ ਕਾਂਗਰਸ ਨੇ ਸਵਾਲ ਖੜ੍ਹੇ ਕੀਤੇ ਨੇ, ਕਾਂਗਰਸ ਮੁਤਾਬਕ ਇਨਸਾਫ਼ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ, ਭਾਜਪਾ ਇਸ ਨੂੰ ਲੈਕੇ ਕ੍ਰੈਡਿਟ ਲੈਂਦੀ ਹੈ। ਕਾਂਗਰਸ ਦੇ ਬੁਲਾਰੇ ਮੁਤਾਬਿਕ ਅਦਾਲਤਾਂ ਦੇ ਫੈਸਲਿਆਂ ਵਿੱਚ ਸਿਆਸਤ ਨਹੀਂ ਹੋਣੀ ਚਾਹੀਦੀ। ਅੰਕੜਿਆਂ ਨਾਲ ਕਾਂਗਰਸ ਦੇ ਬੁਲਾਰੇ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ 2018 ਵਿੱਚ ਸੱਜਣ ਕੁਮਾਰ ਖ਼ਿਲਾਫ਼ ਕਾਰਵਾਈ ਅਤੇ 2024 ਲੋਕਸਭਾ ਚੋਣਾਂ ਤੋਂ ਪਹਿਲਾਂ 2023 ਵਿੱਚ ਜਗਦੀਸ਼ ਟਾਇਟਲਰ ਉੱਤੇ ਇਸ ਤਰ੍ਹਾਂ ਦੀ ਕਰਵਾਈ ਸਿਆਸਤ ਤੋਂ ਪ੍ਰੇਰਿਤ ਲੱਗਦੀ ਹੈ।
ਭਾਜਪਾ ਦਾ ਪਲਟਵਾਰ: ਇਸ ਮਾਮਲੇ ਨੂੰ ਲੈਕੇ ਸਿਆਸਤ ਗਰਮਾਈ ਹੋਈ ਹੈ ਭਾਜਪਾ ਨੇ ਇਸ ਦਾ ਕਰੜਾ ਜਵਾਬ ਵੀ ਦਿੱਤਾ ਹੈ। ਭਾਜਪਾ ਦੇ ਲੁਧਿਆਣਾ ਤੋਂ ਜ਼ਿਲ੍ਹਾ ਪ੍ਰਧਾਨ ਮੁਤਾਬਿਕ ਜੇਕਰ ਕਾਂਗਰਸ ਇਸ ਇਨਸਾਫ਼ ਉੱਤੇ ਸਵਾਲ ਚੁੱਕ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਉਹ ਨਹੀਂ ਚਾਹੁੰਦੇ ਕਿ ਕਿਸੇ ਤਰ੍ਹਾਂ ਦਾ ਵੀ ਇਨਸਾਫ਼ ਹੋਵੇ ਅਤੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਆਪਣੇ ਰਾਜ ਦੇ ਸਮੇਂ ਇਨ੍ਹਾਂ ਮੁਲਜ਼ਮਾਂ ਨੂੰ ਨਾ ਸਿਰਫ ਬਚਾਇਆ ਸਗੋਂ ਵੱਡੇ-ਵੱਡੇ ਅਹੁਦਿਆਂ ਦੇ ਨਾਲ ਨਵਾਜ਼ਿਆ ਜਦੋਂ ਕਿ ਭਾਜਪਾ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪੀੜਤਾਂ ਨੂੰ ਇਨਸਾਫ ਦਵਾਇਆ।