ਪੰਜਾਬ

punjab

'ਆਪ' ਪਾਰਟੀ ਨੇ 'ਆਮ' ਨਹੀਂ 'ਖਾਸ' ਬੰਦੇ ਰਾਜ ਸਭਾ 'ਚ ਭੇਜੇ : ਮਹਿਲਾ ਕਿਸਾਨ ਯੂਨੀਅਨ

By

Published : Mar 21, 2022, 10:11 PM IST

ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਸਭਾ ਦੇ 5 ਮੈਂਬਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਭਗਵੰਤ ਮਾਨ ਸਰਕਾਰ ਵੱਲੋਂ ਐਲਾਨੇ ਰਾਜ ਸਭਾ ਮੈਂਬਰਾਂ ਦੇ ਨਾਮਾਂ ਨੂੰ ਲੈਕੇ ਵੱਡਾ ਬਵਾਲ ਖੜ੍ਹਾ ਹੋ ਗਿਆ ਹੈ। ਸਿਆਸੀ ਪਾਰਟੀਆਂ ਤੋਂ ਇਲਾਵਾ ਆਮ ਲੋਕਾਂ ਵੱਲੋਂ ਸਰਕਾਰ ’ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।

ਰਾਜਸਭਾ ਮੈਂਬਰਾਂ ਦੇ ਨਾਮਾਂ ਨੂੰ ਲੈਕੇ ਆਪ ਤੇ ਵੱਡੇ ਸਵਾਲ
ਰਾਜਸਭਾ ਮੈਂਬਰਾਂ ਦੇ ਨਾਮਾਂ ਨੂੰ ਲੈਕੇ ਆਪ ਤੇ ਵੱਡੇ ਸਵਾਲ

ਜਲੰਧਰ: ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਆਮ ਆਦਮੀ ਪਾਰਟੀ (ਆਪ) ਉੱਤੇ ਇਲਜ਼ਾਮ ਲਗਾਇਆ ਗਿਆ ਹੈੈ ਕਿ ਉਸ ਨੇ ਚੋਣਾਂ ਜਿੱਤਣ ਵੇਲੇ 'ਬਦਲਾਓ' ਲਿਆਉਣ ਦੇ ਵਾਅਦੇ ਨੂੰ ਤਿਲਾਂਜਲੀ ਦਿੰਦਿਆਂ ਪੰਜਾਬ ਅਤੇ ਪੰਜਾਬੀਅਤ ਦੇ ਹੱਕਾਂ ਉੱਤੇ ਪਹਿਰਾ ਦੇਣ ਵਾਲੇ "ਆਮ" ਵਾਲੰਟੀਅਰਾਂ ਦੀ ਥਾਂ ਚਹੇਤੇ "ਖਾਸ" ਬੰਦਿਆਂ ਨੂੰ ਰਾਜ ਸਭਾ ਮੈਂਬਰ ਬਣਾਇਆ ਹੈ ਜਿੰਨ੍ਹਾਂ ਵਿੱਚੋਂ ਦੋ ਪੰਜਾਬ ਤੋਂ ਬਾਹਰਲੇ ਹਨ ਜੋ ਪੰਜਾਬੀ ਸੱਭਿਆਚਾਰ, ਪੰਜਾਬ ਦੇ ਇਤਿਹਾਸ ਅਤੇ ਮਾਂ-ਬੋਲੀ ਪੰਜਾਬੀ ਭਾਸ਼ਾ ਤੋਂ ਵੀ ਜਾਣੂ ਨਹੀਂ ਜਦ ਕਿ ਇੱਕ "ਗੰਗਾਪੁੱਤਰ" ਦਾ ਹੁਣ ਤੱਕ ਸਬੰਧ ਭਾਜਪਾ ਨਾਲ ਰਿਹਾ ਹੈ।

ਅੱਜ ਇੱਥੇ ਜਾਰੀ ਇੱਕ ਬਿਆਨ ਵਿਚ ਮਹਿਲਾ ਕਿਸਾਨ ਯੂਨੀਅਨ ਦੀ ਸੂਬਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜੂ ਨੇ ਕਿਹਾ ਕਿ ਆਪ ਪਾਰਟੀ ਦਾ ਸੂਬੇ ਵਿੱਚ ਇਨਕਲਾਬ ਰਾਹੀਂ 'ਬਦਲਾਅ' ਲਿਆਉਣ ਦਾ ਨਾਅਰਾ ਇੱਕ ਹਫਤੇ ਵਿੱਚ ਹੀ ਠੁੱਸ ਹੋ ਗਿਆ ਜਦੋਂ ਪੰਜਾਬ ਤੇ ਪੰਜਾਬੀਅਤ ਲਈ ਆਵਾਜ਼ ਉਠਾਉਣ ਵਾਲੀਆਂ ਸਖਸ਼ੀਅਤਾਂ ਨੂੰ ਨਿਵਾਜਣ ਦੀ ਥਾਂ ਉਨ੍ਹਾਂ ਚਹੇਤੇ ਅਤੇ ਧਨੀ ਬੰਦਿਆਂ ਨੂੰ ਸੂਬੇ ਦੀ ਰਹਿਨੁਮਾਈ ਲਈ ਉਪਰਲੀ ਸੰਸਦ ਵਿੱਚ ਭੇਜਿਆ ਹੈ ਜਿੰਨ੍ਹਾਂ ਨੇ ਕਦੇ ਵੀ ਖੁੱਲ੍ਹ ਕੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਨਹੀਂ ਕੀਤੀ।

ਉਨ੍ਹਾਂ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁੱਛਿਆ ਹੈ ਕਿ ਹੋਰਨਾਂ ਨੂੰ ਪਾਰਦਰਸ਼ਤਾ ਦਾ ਪਾਠ ਪੜ੍ਹਾਉਣ ਵਾਲੇ ਭਗਵੰਤ ਮਾਨ ਕੀ ਹੁਣ ਰਾਜ ਸਭਾ ਦੇ ਪੰਜ ਮੈਂਬਰਾਂ ਦੀ ਚੋਣ ਕਰਨ ਦੇ ਮਾਪਦੰਡਾਂ ਬਾਰੇ ਖੁਲਾਸਾ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਪਾਰਦਰਸ਼ੀ ਹੋਣ ਦਾ ਸਬੂਤ ਦੇਣਗੇ। ਕਿਸਾਨ ਆਗੂ ਨੇ ਕਿਹਾ ਕਿ ਭਗਵੰਤ ਮਾਨ ਇਹ ਵੀ ਲੋਕਾਂ ਨੂੰ ਦੱਸਣ ਕਿ ਬਾਹਰਲੇ ਰਾਜਾਂ ਤੋਂ ਸੰਸਦ ਮੈਂਬਰ ਬਣਾਉਣ ਵਾਲੀ ਇਹ ਸੂਚੀ ਕੀ ਉਨ੍ਹਾਂ ਦੀ ਸਹਿਮਤੀ ਨਾਲ ਬਣੀ ਹੈ?

ਮਹਿਲਾ ਆਗੂ ਨੇੇ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਇਹ ਸਵਾਲ ਵੀ ਪੁੱਛਿਆ ਹੈ ਕਿ ਕੀ ਧਨਾਢ ਬੰਦਿਆਂ ਦੀ ਥਾਂ ਆਪ ਪਾਰਟੀ ਨੂੰ ਆਪਣੀ ਕੋਈ ਵੀ ਵਾਲੰਟੀਅਰ ਮਹਿਲਾ ਜਾਂ ਟਕਸਾਲੀ ਵਰਕਰ ਨਹੀਂ ਲੱਭਿਆ ਜੋ ਰਾਜ ਸਭਾ ਵਿੱਚ ਪੰਜਾਬ ਤੇ ਪੰਜਾਬੀਅਤ ਲਈ ਸੂਬੇ ਦੀ ਆਵਾਜ਼ ਬਣ ਸਕਦਾ ? ਉਨ੍ਹਾਂ ਇਲਜ਼ਾਮ ਲਾਇਆ ਕਿ ਭਗਵੰਤ ਮਾਨ ਨੇ ਪੰਜਾਬ ਦੇ ਹੱਕਾਂ ਦਾ ਪਹਿਰੇਦਾਰ ਹੋਣ ਦੀ ਥਾਂ "ਦਿੱਲੀ ਦੇ ਆਕਾਵਾਂ" ਦੀਆਂ ਇੱਛਾਵਾਂ ਦਾ ਪਹਿਰਾ ਦੇਣ ਨੂੰ ਵੱਧ ਤਰਜ਼ੀਹ ਦਿੱਤੀ ਹੈ।

ਮਹਿਲਾ ਕਿਸਾਨ ਆਗੂ ਨੇ ਆਖਿਆ ਕਿ ਕ੍ਰਿਕਟਰ ਹਰਭਜਨ ਸਿੰਘ ਭੱਜੀ ਨੇ ਕਿਸਾਨ ਅੰਦੋਲਨ ਅਤੇ ਕਿਸਾਨੀ ਮੰਗਾਂ ਦੀ ਕਦੇ ਵੀ ਹਮਾਇਤ ਨਹੀਂ ਕੀਤੀ ਅਤੇ ਨਾ ਹੀ ਆਪ ਪਾਰਟੀ ਵੱਲੋਂ ਰਾਜ ਸਭਾ ਲਈ ਨਵੇਂ ਚੁਣੇ ਦੋਵੇਂ ਧਨੀ ਵਿਅਕਤੀਆਂ ਨੇ ਕਿਸਾਨੀ ਮੰਗਾਂ ਲਈ ਕਦੇ ਹਾਅ ਦਾ ਨਾਅਰਾ ਮਾਰਿਆ ਹੈ।

ਇਹ ਵੀ ਪੜ੍ਹੋ:ਪੰਜਾਬ ਤੋਂ ਰਾਜ ਸਭਾ ਲਈ 'ਆਪ' ਦੇ 5 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ

ABOUT THE AUTHOR

...view details