ਫੁੱਲਾਂ ਦੀ ਖੇਤੀ ਕਰਨ ਵਾਲੇ ਕਿਸਾਨ ਅਤੇ ਪ੍ਰੋਜੈਕਟ ਡਾਇਰੈਕਟਰ ਜਾਣਕਾਰੀ ਦਿੰਦੇ ਹੋਏ। ਫਰੀਦਕੋਟ :ਜਿੱਥੇ ਅੱਜ ਦੇ ਮਜ਼ੂਦਾ ਹਾਲਾਤ ਇਹ ਬਣੇ ਹੋਏ ਹਨ ਕਿ ਪੰਜਾਬ ਦੀ ਨੌਜਵਾਨ ਪੀੜੀ ਲਗਾਤਾਰ ਵਿਦੇਸ਼ਾਂ ਨੂੰ ਜਾ ਰਹੀ ਹੈ। ਓਥੇ ਹੀ ਫਰੀਦਕੋਟ ਜਿਲ੍ਹੇ ਦੇ ਪਿੰਡ ਸੰਧਵਾਂ ਦਾ ਨੌਜਵਾਨ ਮਨਜਿੰਦਰ ਕੁਮਾਰ ਇੰਗਲੈਂਡ ਦੀ ਧਰਤੀ ਤੋਂ ਵਾਪਸ ਆਕੇ ਖੇਤੀ ਕਰਨ ਲਗ ਪਿਆ ਹੈ ਪਰ ਸਭ ਤੋਂ ਅਹਿਮ ਉਪਰਾਲਾ ਉਸਦਾ ਇਹ ਦੇਖਣ ਨੂੰ ਮਿਲਿਆ ਕੇ ਉਸਨੇ ਰਵਾਇਤੀ ਖੇਤੀ (ਕਣਕ, ਝੋਨੇ) ਤੋਂ ਹਟਕੇ ਫੁੱਲਾਂ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ। ਉਕਤ ਨੌਜਵਾਨ ਦੇ ਇਸ ਉਪਰਾਲੇ ਨਾਲ ਕਣਕ ਝੋਨੇ ਦੇ ਫਸਲੀ ਚੱਕਰ ਨਾਲ ਜੁੜੇ ਕਿਸਾਨ ਅਤੇ ਖਾਸ ਕਰਕੇ ਬਾਹਰਲੇ ਦੇਸ਼ਾਂ ਨੂੰ ਧੜਾ ਧੜ ਜਾ ਰਹੇ ਨੌਜਵਾਨ ਮੁੜ ਰਹੇ ਹਨ। ਕਿਉਂਕਿ ਉਸਦੀ ਇਸ ਸੋਚ ਤੋਂ ਪ੍ਰਭਾਵਿਤ ਹੋਕੇ ਕਾਫੀ ਕਿਸਾਨ ਫੁੱਲਾਂ ਦੀ ਖੇਤੀ ਕਰਨ ਬਾਰੇ ਸੋਚ ਰਹੇ ਹਨ। ਨੌਜਵਾਨ ਮਨਜਿੰਦਰ ਕੁਮਾਰ ਦੇ ਚਾਚੇ ਨੇ ਵੀ ਉਸਨੂੰ ਦੇਖਦੇ ਹੋਏ ਖੁਦ ਫੁੱਲਾਂ ਦੀ ਖੇਤੀ ਸ਼ੁਰੂ ਕਰ ਦਿੱਤੀ ਹੈ।
ਰੋਜ਼ਾਨਾ ਹੁੰਦੀ ਹੈ ਕਮਾਈ :ਮਨਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਵੀ ਆਮ ਨੌਜਵਾਨਾਂ ਵਾਂਗ ਵਿਦੇਸ਼ ਗਿਆ ਸੀ ਪਰ ਉੱਥੇ ਜਾ ਕੇ ਉੱਧਰਲੇ ਲੋਕਾਂ ਥੱਲੇ ਕੰਮ ਕਰਨਾਂ ਉਸਨੂੰ ਚੰਗਾ ਨਹੀਂ ਲੱਗਿਆ। ਉਸਨੇ ਸੋਚਿਆ ਕਿ ਕਿਉਂ ਨਾ ਵਾਪਸ ਪੰਜਾਬ ਦੀ ਧਰਤੀ ਉੱਤੇ ਜਾ ਕੇ ਮਿਹਨਤ ਕਰੇ ਅਤੇ ਖੁਦ ਮਾਲਕ ਬਣਕੇ ਕੰਮ ਕਰੇ। ਇਸ ਤੋਂ ਬਾਅਦ ਉਹ ਵਾਪਿਸ ਆ ਕੇ ਕਣਕ, ਝੋਨੇ ਤੋਂ ਹਟਕੇ ਫੁੱਲਾਂ ਦੀ ਖੇਤੀ ਕਰਨ ਲੱਗ ਪਿਆ ਕਿਉਂਕਿ ਕਣਕ ਝੋਨੇ ਦੀ ਫਸਲ ਦੇ 6 ਮਹੀਨੇ ਬਾਅਦ ਪੈਸੇ ਮਿਲਦੇ ਸੀ ਇਸ ਖੇਤੀ ਵਿੱਚ ਰੋਜ਼ਾਨਾ ਦੀ ਕਮਾਈ ਹੈ।
ਸਰਕਾਰ ਤੋਂ ਮੰਡੀਕਰਨ ਦੀ ਰੱਖੀ ਮੰਗ :ਉਸਨੇ ਇਸ ਬਾਰੇ ਇੰਟਰਨੈੱਟ ਅਤੇ ਖੇਤੀਬਾੜੀ ਯੂਨੀਵਰਸਿਟੀ ਤੋਂ ਜਾਣਕਰੀ ਹਾਸਿਲ ਕੀਤੀ ਅਤੇ ਅੱਜ ਉਹ ਕਣਕ ਝੋਨੇ ਨਾਲੋਂ ਵੱਧ ਕਮਾਈ ਕਰ ਰਿਹਾ ਹੈ। ਇਸਦੇ ਨਾਲ ਹੀ ਪੰਜਾਬ ਵਿੱਚ ਵੱਧ ਰਹੇ ਪ੍ਰਦੂਸ਼ਿਤ ਤੋਂ ਵੀ ਮੁਕਤੀ ਮਿਲ ਰਹੀ ਹੈ। ਜੇਕਰ ਜਿਆਦਾਤਰ ਕਿਸਾਨ ਇਸ ਪਾਸੇ ਆਉਣਗੇ ਤਾਂ ਕਮਾਈ ਹੋਵੇਗੀ। ਉਨ੍ਹਾਂ ਸਰਕਾਰ ਅੱਗੇ ਮੰਗ ਵੀ ਰੱਖੀ ਹੈ ਕਿ ਜੇਕਰ ਸਰਕਾਰ ਇਸਦਾ ਮੰਡੀਕਰਨ ਉਪਲਬਧ ਕਰਵਾ ਦੇਵੇ ਤਾਂ ਬਹੁਤ ਕਿਸਾਨ ਇਸ ਪਾਸੇ ਆਉਣਗੇ। ਉਸਨੇ ਕਿਹਾ ਕਿ ਅਸੀਂ ਵੀ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ। ਉਸਦੇ ਚਾਚਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਮਨਜਿੰਦਰ ਨੂੰ ਦੇਖਦਿਆਂ ਇਹ ਖੇਤੀ ਸ਼ੁਰੂ ਕੀਤੀ ਕੀਤੀ ਹੈ। ਇਸ ਖੇਤੀ ਉੱਤੇ ਜਿਆਦਾ ਖਰਚਾ ਵੀ ਨਹੀਂ ਆਉਂਦਾ ਅਤੇ ਕਣਕ ਝੋਨੇ ਤੋਂ ਵੱਧ ਮੁਨਾਫ਼ਾ ਮਿਲ ਰਿਹਾ ਹੈ। ਉਹ ਪਹਿਲਾਂ ਸਬਜ਼ੀ ਦੀ ਖੇਤੀ ਕਰਦੇ ਸਨ, ਉਸ ਨਾਲੋਂ ਵੀ ਫੁੱਲਾਂ ਦੀ ਖੇਤੀ ਦਾ ਜਿਆਦਾ ਫਾਇਦਾ ਹੋਇਆ ਹੈ।
ਕਿਸਾਨਾਂ ਨੂੰ ਕੀਤੀ ਅਪੀਲ :ਇਸ ਮੌਕੇ ਫੁੱਲਾਂ ਦੇ ਖੇਤ 'ਚ ਪਹੁੰਚੇ ਆਤਮਾ ਦੇ ਪ੍ਰੋਜੈਕਟ ਡਾਇਰੈਕਟਰ ਅਮਨ ਕੇਸ਼ਵ ਅਤੇ ਡਿਪਟੀ ਡਾਇਰੈਕਟਰ ਆਤਮਾ ਭੁਪੇਸ਼ ਜੋਸ਼ੀ ਨੇ ਦੱਸਿਆ ਪੰਜਾਬ ਦੇ ਵਾਤਾਵਰਣ, ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਫਸਲੀ ਵਿਭੰਨਤਾ ਲਈ ਉਹ ਲਗਾਤਾਰ ਉਪਰਾਲੇ ਕਰ ਰਹੇ ਹਨ। ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਫੁੱਲਾਂ ਦੀ ਕਾਰਨ ਕਿਸਾਨ ਚੰਗਾ ਮੁਨਾਫ਼ਾ ਕਮਾ ਰਹੇ ਹਨ।ਉਨ੍ਹਾਂ ਦੂਜੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਫਸਲੀ ਚੱਕਰ ਤੋਂ ਨਿਕਲ ਕੇ ਅਜਿਹੀ ਖੇਤੀ ਲਈ ਅੱਗੇ ਆਉਣ ਤਾਂ ਜੋ ਰੋਜਾਨਾ ਕਮਾਈ ਕਾਰਨ ਉਨ੍ਹਾ ਦਾ ਆਰਥਿਕ ਫਾਇਦਾ ਹੋ ਸਕੇ।