ਪੰਜਾਬ

punjab

ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਬਿਆਨ, ਕਿਹਾ- 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਕਰਵਾਇਆ ਮੁਕਤ, ਬਾਜ਼ਾਰੀ ਮੁੱਲ ਕਰੀਬ 45 ਕਰੋੜ ਰੁਪਏ

By ETV Bharat Punjabi Team

Published : Dec 1, 2023, 9:58 PM IST

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਡੇਰਾ ਬੱਸੀ ਦੇ ਪਿੰਡ ਭਗਵਾਸੀ ਦੀ 53 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਛੁਡਵਾਈ ਗਈ ਜ਼ਮੀਨ ਦਾ ਬਾਜ਼ਾਰੀ ਮੁੱਲ 45 ਕਰੋੜ ਰੁਪਏ ਦੇ ਕਰੀਬ ਹੈ। Panchayat land. illegal occupation.

illegal occupation,  Laljit Singh Bhullar
Laljit Singh Bhullar

ਚੰਡੀਗੜ੍ਹ/ਡੇਰਾ ਬੱਸੀ :ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸ਼ੁੱਕਰਵਾਰ ਨੂੰ ਇੱਥੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਹੁਣ ਤੱਕ ਸੂਬੇ ਵਿੱਚ ਕਰੀਬ 12000 ਏਕੜ ਪੰਚਾਇਤੀ ਜ਼ਮੀਨ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਇਆ ਹੈ।

ਵਿਭਾਗ ਨੇ ਕਬਜ਼ੇ ਵਿੱਚ ਲਈ ਜ਼ਮੀਨ :ਡੇਰਾ ਬੱਸੀ ਬਲਾਕ ਦੇ ਪਿੰਡ ਭਗਵਾਸੀ ਵਿਖੇ ਅੱਜ ਬਾਅਦ ਦੁਪਹਿਰ 53 ਏਕੜ ਪੰਚਾਇਤੀ ਜ਼ਮੀਨ ਨੂੰ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਕਬਜ਼ਿਆਂ ਵਿਰੁੱਧ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਇਸ ਪਿੰਡ ਵਿੱਚ ਕੁੱਲ 64 ਏਕੜ ਪੰਚਾਇਤੀ ਜ਼ਮੀਨ ਕਬਜ਼ੇ ਹੇਠ ਸੀ, ਪਰ ਕਿਉਂਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੁੱਲ 64 ਵਿੱਚੋਂ 11 ਏਕੜ ਜ਼ਮੀਨ ’ਤੇ ਫ਼ਿਲਹਾਲ ਸਟੇਅ ਲਗਾ ਦਿੱਤੀ ਹੈ, ਇਸ ਲਈ ਅੱਜ ਬਾਕੀ ਰਹਿੰਦੀ 53 ਏਕੜ ਜ਼ਮੀਨ ਵਿਭਾਗ ਵਲੋਂ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ।

ਕਬਜ਼ਿਆਂ ਵਿਰੁੱਧ ਵਿੱਢੀ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵਿਭਾਗ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਹੁਣ ਤੱਕ ਕਰੀਬ 12000 ਏਕੜ ਜ਼ਮੀਨ ਕਬਜ਼ਿਆਂ ਤੋਂ ਮੁਕਤ ਕਰਵਾਈ ਜਾ ਚੁੱਕੀ ਹੈ, ਜਿਸ ਨਾਲ ਪੰਚਾਇਤੀ ਜ਼ਮੀਨਾਂ ਦੇ ਮਾਲੀਏ ਵਿੱਚ 50 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਕਿਉਂਕਿ ਕਬਜ਼ਾ-ਮੁਕਤ ਕਰਵਾਈਆਂ ਗਈਆਂ ਜ਼ਮੀਨਾਂ ਅੱਗੇ ਪਿੰਡ ਦੇ ਵਸਨੀਕਾਂ ਨੂੰ ਚਕੋਤੇ 'ਤੇ ਖੇਤੀ/ਵਾਹੀ ਲਈ ਦਿੱਤੀਆਂ ਗਈਆਂ ਹਨ।

ਪੰਚਾਇਤੀ ਜ਼ਮੀਨਾਂ ਦੇ ਕੇਸਾਂ ਦਾ ਜਲਦ ਨਿਪਟਾਰਾ ਹੋਵੇਗਾ: ਭੁੱਲਰ ਨੇ ਦੱਸਿਆ ਕਿ ਅੱਜ ਖ਼ਾਲੀ ਕਰਵਾਈ ਗਈ ਪੰਚਾਇਤੀ ਜ਼ਮੀਨ ਦੀ ਕੀਮਤ 40 ਤੋਂ 45 ਕਰੋੜ ਰੁਪਏ ਹੈ ਕਿਉਂਕਿ ਇਹ ਉਦਯੋਗਿਕ ਜ਼ੋਨ ਵਿੱਚ ਆਉਂਦੀ ਹੈ। ਕੈਬਨਿਟ ਮੰਤਰੀ ਨੇ ਪੰਚਾਇਤੀ ਜ਼ਮੀਨਾਂ ਦੇ ਕੇਸਾਂ ਨਾਲ ਨਜਿੱਠਣ ਵਾਲੇ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕੇਸਾਂ ਦਾ ਜਲਦੀ ਤੋਂ ਜਲਦੀ ਨਿਪਟਾਰਾ ਕਰਨ ਤਾਂ ਜੋ ਜ਼ਮੀਨ ਵਾਪਸ ਲਈ ਜਾ ਸਕੇ ਅਤੇ ਇਹ ਪੰਚਾਇਤਾਂ ਲਈ ਆਮਦਨੀ ਦਾ ਸਰੋਤ ਬਣ ਸਕੇ।

ਉਨ੍ਹਾਂ ਨੇ ਸੂਬੇ ਭਰ ਵਿੱਚ ਉਹ ਪੰਚਾਇਤੀ ਜ਼ਮੀਨਾਂ, ਜੋ ਅਜੇ ਵੀ ਨਾਜਾਇਜ਼ ਕਬਜ਼ਿਆਂ ਅਧੀਨ ਹਨ, ਦੇ ਕਾਬਜ਼ਕਾਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਨੂੰ ਸਵੈ-ਨਿਰਭਰ ਸੂਬਾ ਬਣਾਉਣ ਅਤੇ ਇਸ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਸੂਬਾ ਸਰਕਾਰ ਦੇ ਉਪਰਾਲੇ ਵਿੱਚ ਮਦਦ ਕਰਨ ਲਈ ਸਵੈ-ਇੱਛਾ ਨਾਲ ਪੰਚਾਇਤੀ ਜ਼ਮੀਨਾਂ ਤੋਂ ਕਬਜ਼ਾ ਛੱਡਣ।

ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਸੰਯੁਕਤ ਡਾਇਰੈਕਟਰ (ਸ਼ਾਮਲਾਤ ਸੈੱਲ) ਜਗਵਿੰਦਰਜੀਤ ਸਿੰਘ ਸੰਧੂ, ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ, ਏ.ਐਸ.ਪੀ ਡੇਰਾ ਬੱਸੀ ਸ੍ਰੀਮਤੀ ਦਰਪਨ ਆਹਲੂਵਾਲੀਆ, ਤਹਿਸੀਲਦਾਰ ਡੇਰਾ ਬੱਸੀ ਕੁਲਦੀਪ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਰਿੰਦਰਪਾਲ ਸਿੰਘ ਚੌਹਾਨ ਅਤੇ ਬੀ.ਡੀ.ਪੀ.ਓ ਬਲਾਕ ਡੇਰਾ ਬੱਸੀ ਰਵਨੀਤ ਕੌਰ ਮੌਜੂਦ ਸਨ। (ਪ੍ਰੈਸ ਨੋਟ)

ABOUT THE AUTHOR

...view details