ਪੰਜਾਬ

punjab

Buisness With E NAM Portal : ਪੰਜਾਬ ਦੀਆਂ 79 ਮੰਡੀਆਂ ਈ-ਨੈਮ ਪੋਰਟਲ ਨਾਲ ਜੁੜੀਆਂ, ਹੋਇਆ 10 ਹਜ਼ਾਰ ਕਰੋੜ ਦਾ ਵਪਾਰ

By ETV Bharat Punjabi Team

Published : Aug 25, 2023, 7:56 PM IST

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਕਿਹਾ ਕਿ ਇਲੈਕਟ੍ਰਾਨਿਕ ਨੈਸ਼ਨਲ ਐਗਰੀਕਲਚਰ ਮਾਰਕੀਟ ਦੇ ਪੋਰਟਲ ਨਾਲ ਜੁੜੀਆਂ ਪੰਜਾਬ ਦੀਆਂ 79 ਮੰਡੀਆਂ ਰਾਹੀਂ 10,000 ਕਰੋੜ ਰੁਪਏ ਦੇ ਖੇਤੀਬਾੜੀ ਉਤਪਾਦਾਂ ਦਾ ਈ-ਟ੍ਰੇਡਿੰਗ ਰਾਹੀਂ ਵਪਾਰ ਕੀਤਾ ਗਿਆ ਹੈ। (Trading of agricultural products through e-trading)

79 mandis of Punjab connected with e-name portal did business of 10 thousand crores
business of 10 thousand crores: ਪੰਜਾਬ ਦੀਆਂ 79 ਮੰਡੀਆਂ ਈ-ਨੈਮ ਪੋਰਟਲ ਨਾਲ ਜੁੜੀਆਂ, ਹੋਇਆ 10 ਹਜ਼ਾਰ ਕਰੋੜ ਦਾ ਵਪਾਰ

ਚੰਡੀਗੜ੍ਹ: ਪੰਜਾਬ ਮੰਡੀ ਬੋਰਡ ਵੱਲੋਂ ਫੈਡਰੇਸ਼ਨ ਆਫ ਇੰਡੀਅਨ ਚੈਂਬਰਜ਼ ਆਫ ਕਾਮਰਸ ਐਂਡ ਇੰਡਸਟਰੀ (ਐਫ.ਆਈ.ਸੀ.ਸੀ.ਆਈ) ਦੇ ਸਹਿਯੋਗ ਨਾਲ ਕਰਵਾਈ ਗਈ ‘ਟੂ ਵੈਂਚਰ ਦਿ ਈ-ਨੈਮ ਪਲੇਟਫਾਰਮ ਆਫ ਪੰਜਾਬ’ ਸਿਰਲੇਖ ਵਾਲੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਹੁਣ ਤੱਕ 2,17,426 ਕਿਸਾਨਾਂ, 8,703 ਕਮਿਸ਼ਨ ਏਜੰਟ, ਅਤੇ 2,423 ਵਪਾਰੀਆਂ ਨੂੰ ਈ-ਨੈਮ ਪੋਰਟਲ ਨਾਲ ਰਜਿਸਟਰ ਕੀਤਾ ਗਿਆ ਹੈ> ਆਲੂ, ਬਾਸਮਤੀ, ਮੱਕੀ, ਕਿੰਨੂ, ਮੂੰਗੀ, ਕਪਾਹ, ਹਰੇ ਮਟਰ, ਸ਼ਿਮਲਾ ਮਿਰਚ, ਤਰਬੂਜ, ਲੀਚੀ ਅਤੇ ਸੂਰਜਮੁਖੀ ਸਮੇਤ ਕੁੱਲ 28.10 ਲੱਖ ਟਨ ਖੇਤੀਬਾੜੀ ਜਿਣਸਾਂ ਦਾ ਈ-ਟ੍ਰੇਡ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਇਨ੍ਹਾਂ ਪ੍ਰਮੁੱਖ ਫ਼ਸਲਾਂ ਦੇ ਵਧੀਆ ਭਾਅ ਨੂੰ ਯਕੀਨੀ ਬਣਾਉਣ ਲਈ ਸਿਰਫ਼ ਇਨ੍ਹਾਂ 11 ਜਿਣਸਾਂ ਦੇ ਈ-ਟ੍ਰੇਡਿੰਗ ਲਈ ਈ-ਨਾਮ ਸਕੀਮ ਨੂੰ ਪ੍ਰਵਾਨਗੀ ਦਿੱਤੀ ਹੈ, ਜਿਨ੍ਹਾਂ ਦੀ ਖਰੀਦ ਸਰਕਾਰੀ ਏਜੰਸੀਆਂ ਵੱਲੋਂ ਨਹੀਂ ਕੀਤੀ ਜਾ ਰਹੀ।

ਈ-ਨੈਮ ਪੋਰਟਲ ਕਿਸਾਨਾਂ ਲਈ ਲਾਹੇਵੰਦ: ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਕਿਸਾਨਾਂ ਵਿੱਚ ਈ-ਮਾਰਕੀਟਿੰਗ ਜਾਗਰੂਕਤਾ ਪੈਦਾ ਕਰਨ 'ਤੇ ਜ਼ੋਰ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਉਹ ਇਹ ਜਾਣ ਕੇ ਬਹੁਤ ਖੁਸ਼ ਹਨ ਕਿ ਕਿਸਾਨਾਂ ਨੂੰ ਈ-ਨੈਮ ਸਕੀਮ ਪ੍ਰਤੀ ਉਤਸ਼ਾਹਿਤ ਕਰਨ ਦੇ ਨਾਲ-ਨਾਲ ਈ-ਨੈਮ ਪੋਰਟਲ ਅਤੇ ਮੋਬਾਈਲ ਐਪ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਈ-ਮਾਰਕੀਟਿੰਗ ਕਿਸਾਨਾਂ ਨੂੰ ਆਪਣੇ ਉਤਪਾਦਾਂ ਨੂੰ ਦੇਸ਼ ਦੇ ਦੂਜੇ ਰਾਜਾਂ ਅਤੇ ਦੁਨੀਆਂ ਭਰ ਵਿੱਚ ਵੇਚਣ ਦੀ ਸਹੂਲਤ ਦਿੰਦੀ ਹੈ। ਉਨ੍ਹਾਂ ਕਿਹਾ ਕਿ ਈ-ਮਾਰਕੀਟ 24 ਘੰਟੇ ਖੁੱਲ੍ਹਾ ਰਹਿਣ ਵਾਲਾ ਪਲੇਟਫਾਰਮ ਹੈ ਇਸ ਲਈ ਕਿਸਾਨ ਆਪਣੀ ਉਪਜ ਨੂੰ ਕਿਸੇ ਵੀ ਸਮੇਂ ਅਤੇ ਜਦੋਂ ਵੀ ਵੇਚਣਾ ਚਾਹੁਣ ਵੇਚ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਅਤੇ ਖਾਸ ਕਰਕੇ ਨੌਜਵਾਨ ਕਿਸਾਨ ਖੇਤੀਬਾੜੀ ਨੂੰ ਵਧੇਰੇ ਲਾਹੇਵੰਦ ਧੰਦਾ ਬਣਾਉਣ ਲਈ ਆਨਲਾਈਨ ਕਰਿਆਨਾ ਪੋਰਟਲ, ਸੋਸ਼ਲ ਮੀਡੀਆ ਸਾਈਟਾਂ 'ਤੇ ਉਪਲਬਧ ਮਾਰਕੀਟ ਪਲੇਸ ਵਿਕਲਪਾਂ ਦੀ ਪੜਚੋਲ ਕਰਨ ਅਤੇ ਆਪਣੇ ਖੁਦ ਦੇ ਵੈਬ ਪੋਰਟਲ ਬਣਾਉਣ ਲਈ ਉਪਰਾਲੇ ਕਰਨ ਤਾਂ ਜੋ ਉਹ ਆਪਣੇ ਉਤਪਾਦਾਂ ਨੂੰ ਸਿੱਧੇ ਖਪਤਕਾਰਾਂ ਨੂੰ ਵੇਚ ਸਕਣ। ਇਸ ਮੰਤਵ ਲਈ ਈ-ਨੈਮ ਪੋਰਟਲ (Buisness With E NAM Portal) ਕਿਸਾਨਾਂ ਲਈ ਲਾਹੇਵੰਦ ਹੋਵੇਗਾ।

ਅੰਤਰ-ਰਾਸ਼ਟਰੀ ਮਾਰਕਿਟ ਤਜਰਬੇ ਸਾਂਝੇ ਕੀਤੇ: ਇਸ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮੰਡੀ ਬੋਰਡ ਨੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਪਣੇ ਬੁਨਿਆਦੀ ਢਾਂਚੇ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਹਨ। ਉਨ੍ਹਾਂ ਕਿਸਾਨ ਭਵਨ, ਜਿਸ ਨੇ ਹਾਲ ਹੀ ਵਿੱਚ ਆਪਣੀ ਆਮਦਨ ਤਿੰਨ ਗੁਣਾ ਕੀਤੀ ਹੈ, ਦੀ ਮਿਸਾਲ ਦਿੰਦਿਆਂ ਕਿਹਾ ਕਿ ਬੋਰਡ ਮਾਲੀਏ ਦੇ ਨਵੇਂ ਵਸੀਲੇ ਪੈਦਾ ਕਰਨ ਲਈ ਵੀ ਕੰਮ ਕਰ ਰਿਹਾ ਹੈ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਇਸ ਸਾਲ ਦੇ ਅਖੀਰ ਤੱਕ 15 ਹੋਰ ਮੰਡੀਆਂ ਈ-ਨੈਮ ਪੋਰਟਲ ਨਾਲ ਜੋੜ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਡਾ. ਜੇ.ਐਸ. ਯਾਦਵ, ਐਮ.ਡੀ. ਕੋਸਾਂਬ, ਨਵੀਂ ਦਿੱਲੀ ਅਤੇ ਸ਼੍ਰੀ ਦੁਸ਼ਯੰਤ ਤਿਆਗੀ, ਸੀ.ਈ.ਓ. ਫਾਰਮਗੇਟ ਟੈਕਨੋਲਜੀ (ਨਾਗਾਰੁਜਨਾ ਗਰੁੱਪ) ਵੱਲੋਂ ਆਪਣੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਮਾਰਕਿਟ ਤਜਰਬੇ ਸਾਂਝੇ ਕੀਤੇ ਗਏ।

ਕਿਸਾਨਾਂ ਨੂੰ ਸਮਰੱਥ ਬਣਾਇਆ ਜਾਵੇ:ਵਿਸ਼ੇਸ਼ ਮੁੱਖ ਸਕੱਤਰ ਸ਼੍ਰੀ ਕੇ.ਏ.ਪੀ. ਸਿਨਹਾ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮਨੋਰਥ ਹੈ ਕਿ ਕਿਸਾਨਾਂ ਨੂੰ ਸਮਰੱਥ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਈ-ਮਾਰਕੀਟਿੰਗ ਵਰਗੇ ਮੌਕੇ ਪ੍ਰਦਾਨ ਕਰਨ 'ਤੇ ਕੰਮ ਕਰ ਰਹੀ ਹੈ ਤਾਂ ਜੋ ਉਹ ਇਸ ਤੇਜ਼ੀ ਨਾਲ ਬਦਲ ਰਹੇ ਸੰਸਾਰ ਦਾ ਮੁਕਾਬਲਾ ਕਰ ਸਕਣ। ਇਸ ਮੌਕੇ ਸਕੱਤਰ ਪੰਜਾਬ ਮੰਡੀ ਬੋਰਡ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਮੁੱਖ ਮਹਿਮਾਨ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਕਾਨਫਰੰਸ ਵਿੱਚ ਜੀ ਆਇਆਂ ਆਖਿਆ। ਉਹਨਾਂ ਵੱਲੋਂ ਮੰਡੀ ਆਪ੍ਰੇਸ਼ਨਾਂ ਨੂੰ ਡੀਜੀਟਾਈਜ ਕਰਨ ਉੱਤੇ ਜੋਰ ਦਿੱਤਾ ਗਿਆ। ਇਸ ਮੌਕੇ ਪੰਜਾਬ ਮੰਡੀ ਬੋਰਡ ਦੇ ਵਧੀਕ ਸਕੱਤਰ ਸ੍ਰੀ ਰਾਹੁਲ ਗੁਪਤਾ, ਕੋਸਾਂਬ, ਨਾਗਾਰੁਜਨਾ ਗਰੁੱਪ, ਫਲਾਇੰਗ ਟ੍ਰੇਡ ਇੰਡੀਆ ਲਿਮ, ਪੈਗਰੋ ਫੂਡ ਪ੍ਰਾਈਵੇਟ ਲਿਮ ਅਤੇ ਐਫ.ਆਈ.ਸੀ.ਸੀ.ਆਈ ਦੇ ਨੁਮਾਇੰਦੇ ਸ੍ਰੀ ਏ.ਵੀ.ਐਸ.ਬਰਸਟ ਵੀ ਹਾਜ਼ਰ ਸਨ।(ਪ੍ਰੈੱਸ ਨੋਟ)

ABOUT THE AUTHOR

...view details