ਪੰਜਾਬ

punjab

ਮਾਸੂਮ ਦਲਿਤ ਭੈਣ ਭਰਾ ਦੇ ਬਲੀ ਕਾਂਡ ਦਾ ਸਜ਼ਾ ਜਾਫ਼ਤਾ ਮੁੱਖ ਮੁਲਜ਼ਮ ਲਖਵਿੰਦਰ ਲੱਖੀ ਹੋਇਆ ਫ਼ਰਾਰ

By ETV Bharat Punjabi Team

Published : Dec 15, 2023, 11:38 AM IST

Main accused in sacrificial incident is absconding: ਬਠਿੰਡਾ 'ਚ ਕੁਝ ਸਾਲ ਪਹਿਲਾਂ ਮਾਸੂਮ ਬੱਚਿਆਂ ਦੇ ਬਲੀ ਕਾਂਡ ਨਾਲ ਜੁੜਿਆ ਮੁੱਖ ਮੁਲਜ਼ਮ ਲਖਵਿੰਦਰ ਲੱਖੀ ਫ਼ਰਾਰ ਹੋ ਗਿਆ। ਜਿਸ ਨੂੰ ਲੈਕੇ ਸਮਾਜਸੇਵੀਆਂ ਵਲੋਂ ਪੁਲਿਸ ਦੀ ਕਾਰਗੁਜਾਰੀ 'ਤੇ ਸਵਾਲ ਚੁੱਕੇ ਹਨ।

ਬਲੀ ਕਾਂਡ ਦਾ ਸਜ਼ਾ ਜਾਫਤਾ ਮੁੱਖ ਮੁਲਜ਼ਮ ਫ਼ਰਾਰ
ਬਲੀ ਕਾਂਡ ਦਾ ਸਜ਼ਾ ਜਾਫਤਾ ਮੁੱਖ ਮੁਲਜ਼ਮ ਫ਼ਰਾਰ

ਬਲੀ ਕਾਂਡ ਦੇ ਮੁਲਜ਼ਮ ਸਬੰਧੀ ਮੀਡੀਆ ਨਾਲ ਗੱਲਬਾਤ ਕਰਦੇ ਸਮਾਜ ਸੇਵੀ

ਬਠਿੰਡਾ: ਪਿੰਡ ਕੋਟਫੱਤਾ ’ਚ ਮਾਸੂਮ ਦਲਿਤ ਭੈਣ ਭਰਾ ਬਲੀ ਕਾਂਡ ਇਕ ਵਾਰ ਫਿਰ ਚਰਚਾ ’ਚ ਆ ਗਿਆ, ਜਦੋਂ ਇਸ ਦੂਹਰੇ ਕਤਲ ਕਾਂਡ ਦਾ ਸਜ਼ਾ ਜਾਫ਼ਤਾ ਉਮਰ ਕੈਦੀ ਮੁੱਖ ਮੁਲਜ਼ਮ ਤਾਂਤਰਿਕ ਲਖਵਿੰਦਰ ਸਿੰਘ ਲੱਖੀ ਪੁਲਿਸ ਪ੍ਰਸ਼ਾਸਨ ਦੇ ਢਿੱਲੇ ਪ੍ਰਬੰਧਾਂ ਕਾਰਣ ਫਰਾਰ ਹੋਣ ਵਿਚ ਸਫ਼ਲ ਹੋ ਗਿਆ। ਇਸ ਸਬੰਧੀ ਐਕਸ਼ਨ ਕਮੇਟੀ ਦੇ ਆਗੂਆਂ ਭਾਈ ਪਰਨਜੀਤ ਸਿੰਘ ਜੱਗੀ ਕੋਟਫ਼ੱਤਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਪੁਲਿਸ ਦੀ ਢਿੱਲੀ ਭੂਮਿਕਾ ਨੇ ਨਾ ਕੇਵਲ ਉਨ੍ਹਾਂ ਦੀ ਛੇ ਸਾਲਾਂ ਦੀ ਮਿਹਨਤ ਨੂੰ ਮਿੰਟਾਂ ’ਚ ਮਿੱਟੀ ਕਰ ਦਿੱਤਾ, ਸਗੋਂ ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਸਜਾ ਜਾਫ਼ਤਾ ਦੋਸ਼ੀ ਮੁੱਖ ਮੁਲਜ਼ਮ ਲੱਖੀ 'ਤੇ ਪੁਲਿਸ ਪ੍ਰਸ਼ਾਸਨ ਜਿੰਮੇਵਾਰ ਹੋਣਗੇ।

ਜਾਅਲੀ ਸਰਟੀਫਿਕੇਟ ਦੀ ਪੁਲਿਸ ਨੇ ਨਹੀਂ ਕੀਤੀ ਪੜ੍ਹਤਾਲ:ਪਰਨਜੀਤ ਸਿੰਘ ਜੱਗੀ ਨੇ ਕਿਹਾ ਕਿ ਇਸ ਤੋਂ ਪਹਿਲਾ ਵੀ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਡਾਕ ਰਾਹੀ ਲਿਖਤੀ ਧਮਕੀਆਂ ਆਈਆਂ ਹਨ, ਜਿਸ ਬਾਰੇ ਥਾਣਾ ਕੋਟਫ਼ੱਤਾ ਪੁਲਿਸ ਨੂੰ ਸੂਚਿਤ ਕਰਨ ਦੇ ਬਾਵਜੂਦ ਵੀ ਪੁਲਿਸ ਨੇ ਗੰਭੀਰਤਾ ਨਾਲ ਨਹੀਂ ਲਿਆ।ਉਹਨਾਂ ਦਸਤਾਵੇਜ ਪ੍ਰੈਸ ਅੱਗੇ ਪੇਸ਼ ਕਰਦਿਆਂ ਦੱਸਿਆ ਕਿ ਉਹਨਾਂ ਵੱਲੋਂ ਲਗਾਤਾਰ ਛੇ ਸਾਲ ਕਾਨੂੰਨੀ ਤੇ ਸੰਘਰਸ਼ ਕਾਰਣ ਸਾਰੇ ਮੁਲਜ਼ਮਾਂ ਨੂੰ ਉਮਰ ਕੈਦਾਂ ਹੋਈਆਂ ਸਨ ਪਰ ਮੁੱਖ ਮੁਲਜ਼ਮ ਲੱਖੀ ਤਾਂਤਰਿਕ ਵੱਲੋਂ ਆਪਣੀ ਤੰਦਰੁਸਤ ਮਾਂ ਬਲਜੀਤ ਕੌਰ ਨੂੰ ਕੈਂਸਰ ਦੇ ਆਪਰੇਸ਼ਨ ਦਾ 19 ਜੂਨ 2023 ਨੂੰ ਮਹਾਰਾਜਾ ਅਗਰਸੈਨ ਮੈਡੀਕਲ ਕਾਲਜ, ਹਿਸਾਰ ਤੋਂ ਇਕ ਜਾਅਲੀ ਮੈਡੀਕਲ ਰਿਪੋਰਟ ਬਣਾ ਕੇ ਅੰਤਰਿਮ ਜਮਾਨਤ ਲਈ ਅਦਾਲਤ ’ਚ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੰਨਾਂ ਸੰਵੇਦਨਸ਼ੀਲ ਮੁੱਦਾ ਹੋਣ ਦੇ ਬਾਵਜੂਦ ਵੀ ਪੁਲਿਸ ਨੇ ਜਾਅਲੀ ਦਸਤਾਵੇਜਾਂ ਦੀ ਪੜ੍ਹਤਾਲ ਨਹੀਂ ਕੀਤੀ, ਜਿਸ ਕਾਰਣ ਉਮਰ ਕੈਦ ਦਾ ਦੋਸ਼ੀ ਲੱਖੀ ਜੇਲ੍ਹ ਵਿਚੋਂ ਅੰਤਰਿਮ ਜਮਾਨਤ ’ਤੇ ਬਾਹਰ ਆ ਗਿਆ ਤੇ ਮੁੜ ਪੇਸ਼ ਨਹੀਂ ਹੋਇਆ।

ਛੇ ਸਾਲ ਦੀ ਮਿਹਨਤ ਹੋਈ ਪਾਣੀ:ਉਹਨਾਂ ਤਸਵੀਰਾਂ ਦਿਖਾਉਂਦਿਆ ਕਿਹਾ ਕਿ ਉਹਨਾਂ ਦਿਨਾਂ ਵਿਚ ਦੋਸ਼ੀ ਦੀ ਮਾਂ ਬਲਜੀਤ ਕੌਰ ਤੰਦਰੁਸਤ ਕੰਮ ਕਰ ਰਹੀ ਸੀ, ਜਿਸ ਦੀਆਂ ਉਹਨਾਂ ਕੋਲ ਵੀਡੀਓਜ਼ ਵੀ ਹਨ। ਇਸ ਦੇ ਨਾਲ ਹੀ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਅਦਾਲਤ ਵੱਲੋਂ ਕੱਢੇ ਵਾਰੰਟਾਂ ਦੀਆਂ ਕਾਪੀਆਂ ਦਿਖਾਉਂਦਿਆਂ ਕਿਹਾ ਕਿ ਬਹੁਤ ਹੀ ਭਰੋਸੇਯੋਗ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਲੱਖੀ ਜਾਅਲੀ ਪਾਸਪੋਰਟ ਬਣਾ ਕੇ ਵਿਦੇਸ਼ ਭੱਜਣ ਦੀ ਤਾਕ ਵਿਚ ਹੈ। ਉਹਨਾਂ ਇਸ ਸਬੰਧੀ ਪੁਲਿਸ ਦੀ ਭੂਮਿਕਾ 'ਤੇ ਚਵਾਲ ਚੁੱਕਦਿਆਂ ਕਿਹਾ ਕਿ ਥਾਣਾ ਕੋਟਫ਼ੱਤਾ ਤੋਂ ਲੈ ਕੇ ਪੁਲਿਸ ਦੇ ਕਈ ਆਲਾ ਅਫ਼ਸਰਸ਼ਾਹੀ ਵਲੋਂ ਬਲੀ ਕਾਂਡ ਹੋਣ ਵੇਲੇ ਹੀ ਉਸ ਵਿਰੁੱਧ ਐਫ.ਆਈ.ਆਰ. ਨੂੰ ਰੱਦ ਕਰਵਾ ਕੇ ਅਦਾਲਤ ’ਚ ਉਸ ਦੇ ਹੱਕ ਵਿਚ ਬਿਆਨ ਵੀ ਦਰਜ ਕਰਵਾਏ ਸਨ।

ਪੁਲਿਸ ਦੀ ਕਾਰਵਾਈ 'ਤੇ ਵੀ ਚੁੱਕੇ ਸਵਾਲ:ਪਰਨਜੀਤ ਸਿੰਘ ਜੱਗੀ ਨੇ ਕਿਹਾ ਕਿ ਸਬੰਧਿਤ ਪੁਲਿਸ ਅਫ਼ਸਰਾਂ ਵਿਰੁੱਧ ਸਿਕਾਇਤਾਂ ਹੋਣ ਦੇ ਬਾਵਜੂਦ ਵੀ ਮਹਿਕਮੇ ਨੇ ਕੋਈ ਕਾਰਵਾਈ ਕਰਨ ਦੀ ਬਜਾਏ ਪੁਲਿਸ ਵਾਲਿਆਂ ਦਾ ਬਚਾਅ ਕੀਤਾ, ਸਗੋਂ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਦੀ ਗਵਾਹੀ ਵੇਲੇ ਪੁਲਿਸ ਧਮਕੀਆਂ ਦਿੰਦੀ ਰਹੀ। ਉਨ੍ਹਾਂ ਦੱਸਿਆ ਕਿ ਕੁਝ ਸ਼ਰਾਰਤੀ ਅਨਸਾਰਾਂ ਨੇ ਉਹਨਾਂ ਨੂੰ ਘੇਰ ਕੇ ਜਾਨੀ ਨੁਕਸਾਨ ਪਜਾਉਣ ਦੀ ਕੋਸ਼ਿਸ਼ ਵੀ ਕੀਤੀ, ਜਿਸ ਦੀ ਸੂਚਨਾ ਪੁਲਿਸ ਨੂੰ ਦੇਣ ਦੇ ਬਾਵਜੂਦ ਵੀ ਮੁਲਜ਼ਮਾਂ ਦੀ ਪੜ੍ਹਤਾਲ ਕਰਕੇ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਪੁਲਿਸ ਪ੍ਰਸ਼ਾਸਨ ਦੀ ਨਲਾਇਕੀ ਦੀ ਹੱਦ ਹੈ ਕਿ ਬਲੀ ਕਾਂਡ ਵਰਗੇ ਸੰਵੇਦਨਸੀਲ ਮਾਮਲੇ ’ਚ ਮੁੱਖ ਦੋਸ਼ੀ ਜੋ ਉਮਰ ਕੈਦ ਦੀ ਸਜ਼ਾ ਜਾਫ਼ਤਾ ਲਖਵਿੰਦਰ ਲੱਖੀ ਵਾਸੀ ਕਾਲਿਆਂਵਾਲੀ ਫਰਾਰ ਹੋ ਗਿਆ।

ABOUT THE AUTHOR

...view details