ਪੰਜਾਬ

punjab

Barnala Policeman Murder Update: ਚਾਰੇ ਮੁਲਜ਼ਮ ਕਾਬੂ, ਇੱਕ ਦੇ ਲੱਗੀ ਗੋਲੀ, ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ, ਐਸਐਸਪੀ ਨੇ ਕੀਤੇ ਇਹ ਖੁਲਾਸੇ

By ETV Bharat Punjabi Team

Published : Oct 24, 2023, 2:13 PM IST

Updated : Oct 24, 2023, 4:17 PM IST

ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਕਤਲ ਮਾਮਲੇ ਵਿੱਚ ਚਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੰਮਾ ਉੱਤੇ ਇਕ ਹੋਰ ਮਾਮਲਾ ਦਰਜ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਨੂੰ ਲੈ ਕੇ ਐਸਐਸਪੀ ਸੰਦੀਪ ਮਲਿਕ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਸਾਂਝੀ ਕੀਤੀ ਹੈ। (Barnala Policeman Murder Update)

Barnala Policeman Murder Update
Barnala Policeman Murder Update

ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਕਤਲ ਮਾਮਲੇ ਐਸਐਸਪੀ ਨੇ ਕੀਤੇ ਖੁਲਾਸੇ

ਬਰਨਾਲਾ:ਐਤਵਾਰ ਦੇਰ ਰਾਤ ਕਬੱਡੀ ਖਿਡਾਰੀਆਂ ਤੋਂ ਕਤਲ ਹੋਏ ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਦੇ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰਨ ਮੌਕੇ ਪੁਲਿਸ ਨੂੰ ਗੋਲੀ ਚਲਾਉਣੀ ਪਈ ਅਤੇ ਗੋਲੀ ਮੁਲਜ਼ਮ ਕਬੱਡੀ ਖਿਡਾਰੀ ਪੰਮਾ ਠੀਕਰੀਵਾਲਾ ਦੇ ਪੈਰ ਵਿੱਚ ਲੱਗੀ ਹੈ। ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਤੋਂ ਇੱਕ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਪੰਮਾ ਠੀਕਰੀਵਾਲਾ ਵਿਰੁੱਧ ਪੁਲਿਸ ਨੇ ਇੱਕ ਹੋਰ ਇਰਾਦਾ ਏ ਕਤਲ ਦਾ ਕੇਸ ਥਾਣਾ ਧਨੌਲਾ ਵਿਖੇ ਦਰਜ ਕਰ ਲਿਆ ਹੈ। ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਵਲੋਂ ਸਾਂਝੀ ਕੀਤੀ ਗਈ ਹੈ।

ਮੁਲਜ਼ਮਾਂ ਨੇ ਹੌਲਦਾਰ ਨਾਲ ਕੀਤੀ ਕੁੱਟਮਾਰ: ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਪਿਛਲੇ ਦਿਨੀਂ ਬਰਨਾਲਾ ਦੇ 25 ਏਕੜ ਵਿੱਚ ਰੈਸਟੋਰੈਂਟ ਵਿੱਚ ਲੜਾਈ ਹੋ ਗਈ ਸੀ, ਜਿੱਥੇ ਸਾਡੀ ਪੁਲਿਸ ਪਾਰਟੀ ਮੌਕੇ ਉੱਤੇ ਪਹੁੰਚੀ। ਪੁਲਿਸ ਨੇ ਰੈਸਟੋਰੈਂਟ ਵਾਲਿਆਂ ਨਾਲ ਲੜਾਈ ਕਰ ਰਹੇ ਚਾਰੇ ਵਿਅਕਤੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਚਾਰੇ ਵਿਅਕਤੀਆਂ ਪਰਮਜੀਤ ਸਿੰਘ ਪੰਮਾ, ਗੁਰਮੀਤ ਸਿੰਘ, ਜਗਰਾਜ ਸਿੰਘ ਰਾਜਾ ਅਤੇ ਵਜੀਰ ਸਿੰਘ ਨੇ ਪੁਲਿਸ ਉਪਰ ਹੀ ਹਮਲਾ ਕਰ ਦਿੱਤਾ। ਇਸ ਕਾਰਨ ਹੈਡ ਕਾਂਸਟੇਬਲ ਦਰਸ਼ਨ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ, ਤਾਂ ਉਨ੍ਹਾਂ ਦੀ ਮੌਤ ਹੋ ਗਈ।

ਇੰਝ ਕੀਤੇ ਚਾਰੋਂ ਮੁਲਜ਼ਮ ਕਾਬੂ: ਇਸ ਮਾਮਲੇ ਸਬੰਧੀ ਬਰਨਾਲਾ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆਂ ਚਾਰੇ ਮੁਲਜ਼ਮਾਂ ਵਿਰੁੱਧ ਕਤਲ ਕੇਸ ਦਰਜ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਸੇ ਤਹਿਤ ਸੀਆਈਏ ਸਟਾਫ਼, ਬਰਨਾਲਾ ਥਾਣਾ ਸਿਟੀ ਤੇ ਧਨੌਲਾ ਥਾਣੇ ਦੀ ਪੁਲਿਸ ਦੀ ਇੱਕ ਟੀਮ ਬਣਾ ਕੇ ਕੰਮ ਕੀਤਾ ਅਤੇ ਗ੍ਰਿਫ਼ਤਾਰੀ ਲਈ ਕੋਸ਼ਿਸ਼ ਕੀਤੀ। ਤਿੰਨ ਮੁਲਜ਼ਮਾਂ ਗੁਰਮੀਤ ਸਿੰਘ, ਵਜ਼ੀਰ ਸਿੰਘ ਅਤੇ ਜਗਰਾਜ ਸਿੰਘ ਰਾਜਾ ਨੂੰ ਪਹਿਲਾਂ ਗ੍ਰਿਫ਼ਤਾਰ ਕਰ ਲਿਆ ਸੀ। ਉਨ੍ਹਾਂ ਦੱਸਿਆ ਕਿ ਧਨੌਲਾ ਥਾਣੇ ਪੁਲਿਸ ਵਲੋਂ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਨ੍ਹਾਂ ਮੁਲਜ਼ਮਾਂ ਦੀ ਭਾਲ ਅਤੇ ਦੁਸਹਿਰੇ ਸਬੰਧੀ ਤਲਾਸ਼ੀ ਮੁਹਿੰਮ ਜਾਰੀ ਸੀ। ਇਸੇ ਦੌਰਾਨ ਮੁਲਜ਼ਮ ਪਰਮਜੀਤ ਸਿੰਘ ਪੰਮਾ ਮੌਕੇ ਉੱਤੇ ਪਹੁੰਚਿਆ ਅਤੇ ਪੁਲਿਸ ਦੇ ਰੋਕਣ ਉੱਤੇ ਉਸ ਨੇ ਗੱਡੀ ਭਜਾ ਲਈ। ਜਦੋਂ ਪੁਲਿਸ ਨੇ ਮੁਲਜ਼ਮ ਦਾ ਪਿੱਛਾ ਕੀਤਾ, ਤਾਂ ਉਸ ਨੇ ਪੁਲਿਸ ਵੱਲ ਪਿਸਤੌਲ ਨਾਲ ਫਾਇਰ ਕਰ ਦਿੱਤਾ ਅਤੇ ਜਵਾਬੀ ਕਾਰਵਾਈ ਵਜੋਂ ਪੁਲਿਸ ਵਲੋਂ ਵੀ ਫ਼ਾਇਰਿੰਗ ਕੀਤੀ ਗਈ। ਪੁਲਿਸ ਦੀ ਗੋਲੀ ਮੁਲਜ਼ਮ ਪੰਮਾ ਠੀਕਰੀਵਾਲਾ ਦੇ ਪੈਰ ਵਿੱਚ ਲੱਗੀ। ਜਿਸ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਰਕਾਰੀ ਹਸਪਤਾਲ ਬਰਨਾਲਾ ਦਾਖ਼ਲ ਕਰਵਾਇਆ ਗਿਆ।

ਮੁਲਜ਼ਮ ਪੰਮਾ ਉੱਤੇ ਇਕ ਹੋਰ ਮਾਮਲਾ ਦਰਜ: ਪੁਲਿਸ ਨੇ ਮੁਲਜ਼ਮ ਤੋਂ ਇੱਕ 315 ਬੋਰ ਪਿਸਤੌਲ ਅਤੇ ਦੋ ਜਿੰਦਾ ਕਾਰਤੂਸ ਤੇ ਇੱਕ ਆਲਟੋ ਗੱਡੀ ਬਰਾਮਦ ਕੀਤੀ ਹੈ। ਐਸਐਸਪੀ ਨੇ ਕਿਹਾ ਕਿ ਪੁਲਿਸ ਉਪਰ ਫਾਇਰਿੰਗ ਕਰਨ ਦੇ ਦੋਸ਼ਾਂ ਤਹਿਤ ਪਰਮਜੀਤ ਸਿੰਘ ਪੰਮਾ ਵਿਰੁੱਧ ਇੱਕ ਹੋਰ ਇਰਾਦਾ ਏ ਕਤਲ ਦੇ ਦੋਸ਼ਾਂ ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਹਮੇਸ਼ਾ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਅੱਗੇ ਹੋ ਕੇ ਕਰਦੀ ਆਈ ਹੈ। ਹੁਣ ਵੀ ਸਾਡੇ ਮੁਲਾਜ਼ਮ ਨੇ ਡਿਊਟੀ ਦਿੰਦੇ ਹੋਏ ਆਪਣੀ ਸ਼ਹਾਦਤ ਦਿੱਤੀ ਹੈ। ਸਾਡੀ ਪੁਲਿਸ ਪਾਰਟੀ ਪੂਰੀ ਮਿਹਨਤ ਤੇ ਤਨਦੇਹੀ ਨਾਲ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਲੱਗੀ ਹੋਈ ਸੀ ਅਤੇ 24 ਘੰਟਿਆਂ ਵਿੱਚ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ।

ਸ਼ਹੀਦ ਹੌਲਦਾਰ ਦੇ ਪਰਿਵਾਰ ਖੜੀ ਸਰਕਾਰ: ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਸਾਰੇ ਮੁਲਜ਼ਮਾਂ ਦਾ ਕ੍ਰਾਈਮ ਨਾਲ ਸਬੰਧਤ ਕੋਈ ਬੈਕਗ੍ਰਾਊਂਡ ਸਾਹਮਣੇ ਨਹੀਂ ਆਇਆ ਹੈ, ਪਰ ਫਿਰ ਵੀ ਇਹ ਲੋਕਾਂ ਨੂੰ ਡਰਾਊਣ ਧਮਕਾਉਣ ਦਾ ਕੰਮ ਜ਼ਰੂਰ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਪਹਿਲਾਂ ਕਬੱਡੀ ਖਿਡਾਰੀ ਰਹੇ ਹਨ। ਸ਼ਹਿਰ ਵਿੱਚ ਗੈਰ ਕਾਨੂੰਨੀ ਚੱਲ ਰਹੇ ਅਹਾਤਿਆਂ ਅਤੇ ਰੈਸਟੋਰੈਟਾਂ ਨੂੰ ਲੈ ਕੇ ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਸਖ਼ਤ ਕਾਰਵਾਈ ਲਈ ਕੰਮ ਕਰ ਰਹੀ ਹੈ। ਉੱਥੇ ਐਸਐਸਪੀ ਬਰਨਾਲਾ ਨੇ ਕਿਹਾ ਕਿ ਪੀੜਤ ਪਰਿਵਾਰ ਨਾਲ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁੱਖ ਦੀ ਘੜੀ ਵਿੱਚ ਖੜੀ ਹੈ। ਸਰਕਾਰ ਨੇ 2 ਕਰੋੜ ਰੁਪਏ ਦੀ ਸਹਾਇਤਾ ਨਾਲ ਵੱਡੀ ਰਾਹਤ ਦਿੱਤੀ ਹੈ, ਜਿਸ ਲਈ ਉਹ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਪੰਜਾਬ ਦਾ ਧੰਨਵਾਦ ਕਰਦੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਪੁਲਿਸ ਪੀੜਤ ਪਰਿਵਾਰ ਨੂੰ ਹਰ ਸਮੇਂ ਲੋੜ ਪੈਣ ਉੱਤੇ ਨਾਲ ਖੜੀ ਹੈ। ਇਸ ਕੇਸ ਦੀ ਪੈਰਵਾਈ ਕਰਕੇ ਪੁਲਿਸ ਜੋ ਵੀ ਬਣਦੀ ਸਜਾ ਹੈ, ਮੁਲਾਜ਼ਮਾਂ ਨੁੰ ਦਵਾਉਣ ਲਈ ਪੂਰੀ ਕੋਸਿਸ਼ ਕਰੇਗੀ।

Last Updated :Oct 24, 2023, 4:17 PM IST

ABOUT THE AUTHOR

...view details