ਪੰਜਾਬ

punjab

ਵਿਧਵਾ ਮਾਂ ਦੇ ਤਿੰਨ ਪੁੱਤ ਨਸ਼ੇ ਨੇ ਖਾਧੇ, ਤੀਜੇ ਦਾ ਅੰਤਿਮ ਸਸਕਾਰ ਕਰਨ ਲਈ ਵੀ ਨਹੀਂ ਪੈਸੇ !

By

Published : Jan 24, 2023, 8:25 AM IST

ਗੁਰੂ ਨਗਰੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਉਸ ਦੀ ਲਾਸ਼ ਦੇ ਅੰਤਿਮ ਸਸਕਾਰ ਲਈ ਵੀ ਪਰਿਵਾਰ ਕੋਲ ਪੈਸੇ ਨਹੀਂ ਹਨ। ਦੱਸ ਦਈਏ ਕਿ ਵਿਧਵਾ ਔਰਤ ਰਾਜਬੀਰ ਕੌਰ ਦੇ 2 ਜਵਾਨ ਪੁੱਤ ਪਹਿਲਾਂ ਵੀ ਨਸ਼ੇ ਨਾਲ ਮਰ ਚੁੱਕੇ ਹਨ।

Drugs in Village Chatiwind, Amritsar
Drugs in Village Chatiwind, Amritsar

ਵਿਧਵਾ ਮਾਂ ਦੇ ਤਿੰਨ ਪੁੱਤ ਨਸ਼ੇ ਨੇ ਖਾਧੇ, ਤੀਜੇ ਦਾ ਅੰਤਿਮ ਸਸਕਾਰ ਕਰਨ ਲਈ ਵੀ ਨਹੀ ਸਨ ਪੈਸੇ

ਅੰਮ੍ਰਿਤਸਰ : ਪਿੰਡ ਚਾਟੀਵਿੰਡ ਵਿੱਚ ਨਸ਼ੇ ਨੇ ਇੱਕ ਹੋਰ ਘਰ ਤਬਾਹ ਕਰ ਦਿੱਤਾ ਹੈ। ਸਰਕਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਨਸ਼ਾ ਮੁਕਤ ਪੰਜਾਬ ਹੋ ਰਿਹਾ। ਪੁਲਿਸ ਵੱਲੋਂ ਵੀ ਆਏ ਦਿਨ ਕਿਹਾ ਜਾ ਰਿਹਾ ਕਿ ਨਸ਼ੇ ਉੱਤੇ ਕਾਫੀ ਨਕੇਲ ਕੱਸੀ ਗਈ ਹੈ। ਨਸ਼ੇ ਉੱਤੇ ਕਿੰਨੀ ਕੁ ਨਕੇਲ ਕੱਸੀ ਗਈ ਹੈ, ਇਸ ਦੀ ਸੱਚਾਈ ਇਸ ਗਰੀਬ ਔਰਤ ਦੇ ਮੂੰਹ ਤੋਂ ਸੁਣ ਲਓ ਜਿਸ ਦਾ ਹੱਸਦਾ ਵੱਸਦਾ ਘਰ ਨਸ਼ੇ ਨੇ ਤਬਾਹ ਕਰ ਦਿੱਤਾ ਹੈ।

ਤਿੰਨੋਂ ਜਵਾਨ ਪੁੱਤਾਂ ਦੀ ਨਸ਼ੇ ਨੇ ਮੌਤ :ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਬਜ਼ੁਰਗ ਵਿਧਵਾ ਔਰਤ ਰਾਜਬੀਰ ਕੌਰ ਨੇ ਦੱਸਿਆ ਕਿ ਇਸ ਚੰਦਰੇ ਨਸ਼ੇ ਨੇ ਉਸ ਦਾ ਹੱਸਦਾ ਵੱਸਦਾ ਘਰ ਤਬਾਹ ਕਰ ਕੇ ਰੱਖ ਦਿੱਤਾ ਹੈ। ਉਸ ਨੇ ਦੱਸਿਆ ਕਿ ਇਸ ਨਸ਼ੇ ਨੇ ਪਹਿਲਾਂ ਹੀ, ਉਸ ਦੇ ਦੋ ਜਵਾਨ ਪੁੱਤ ਖਾ ਲਏ ਤੇ ਹੁਣ ਇੱਕ ਪੁੱਤ ਬਚਿਆ ਸੀ ਤੇ ਉਸ ਨੂੰ ਵੀ ਨਸ਼ੇ ਨੇ ਖਾਹ ਲਿਆ। ਉਸ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ਵਿੱਚ ਗੋਹਾ ਚੁੱਕਣ ਦਾ ਕੰਮ ਕਰਦੀ ਹੈ ਅਤੇ ਘਰ ਗੁਜ਼ਾਰਾ ਕਰਦੀ ਹੈ। ਉਸ ਨੇ ਦੱਸਿਆ ਕਈ ਵਾਰ ਖਾਣੇ ਦਾ ਪ੍ਰਬੰਧ ਉਹ ਗੁਰਦੁਆਰਿਆਂ ਵਿੱਚ ਜਾ ਕੇ ਕਰਦੀ ਹੈ।



ਅੰਤਿਮ ਸਸਕਾਰ ਕਰਨ ਲਈ ਪਿੰਡ ਵਾਲਿਆਂ ਨੇ ਇੱਕਠੇ ਕੀਤੇ ਪੈਸੇ : ਰਾਜਬੀਰ ਕੌਰ ਨੇ ਦੱਸਿਆ ਕਿ ਉਸ ਨੇ ਤਿੰਨੇ ਪੁੱਤ ਬੜੇ ਚਾਵਾ ਨਾਲ਼ ਵਿਆਹੇ ਸਨ, ਪਰ ਇਸ ਚੰਦਰੇ ਨਸ਼ੇ ਦੀ ਮੇਰੇ ਘਰ ਨੂੰ ਨਜ਼ਰ ਲੱਗ ਗਈ। ਦੋ ਪੁੱਤ ਮੇਰੇ ਨਸ਼ੇ ਕਰਕੇ ਮਰ ਚੁੱਕੇ ਹਨ। ਹੁਣ ਤੀਜੇ ਪੁੱਤਰ ਦੀ ਵੀ ਨਸ਼ੇ ਨਾਲ ਮੌਤ ਹੋ ਗਈ। ਰਾਜਬੀਰ ਕੌਰ ਦੱਸਿਆ ਕਿ ਮੇਰੇ ਕੋਲ ਉਸ ਦੇ ਸਸਕਾਰ ਕਰਨ ਜੋਗੇ ਵੀ ਪੈਸੇ ਨਹੀਂ ਹਨ। ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਮੈਨੂੰ ਸਸਕਾਰ ਕਰਨ ਲਈ ਦਿੱਤੇ ਹਨ। ਉਸ ਦੇ ਘਰ ਵਿੱਚ ਤਿੰਨ ਪੋਤੇ- ਪੋਤੀ ਰਹਿ ਗਏ ਹਨ ਜਿਸ ਦਾ ਗੁਜ਼ਾਰਾ ਹੁਣ ਉਸ ਦੇ ਸਿਰ ਉੱਤੇ ਹੈ।

ਪਿੰਡ 'ਚ ਸ਼ਰੇਆਮ ਵਿੱਕਦਾ ਨਸ਼ਾ, ਪੁਲਿਸ ਕੁਝ ਨਹੀਂ ਕਹਿੰਦੀ:ਰਾਜਬੀਰ ਕੌਰ ਨੇ ਕਿਹਾ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ, ਪਰ ਪੁਲਿਸ ਕੁਝ ਨਹੀਂ ਕਹਿੰਦੀ। ਉਸ ਨੇ ਕਿਹਾ ਕਿ ਸਰਕਾਰਾਂ ਕਹਿੰਦੀਆਂ ਕਿ ਨਸ਼ਾ ਖ਼ਤਮ ਕਰ ਦਿੱਤਾ ਹੈ, ਜੇਕਰ ਨਸ਼ਾ ਖ਼ਤਮ ਕਰ ਦਿੱਤਾ ਹੈ ਕਿ ਸਾਡੇ ਪਿੰਡ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ। ਉਸ ਨੇ ਕਿਹਾ ਕਿ ਪੁਲਿਸ ਨੂੰ ਕਈ ਵਾਰ ਕਿਹਾ ਹੈ, ਪਰ ਪੁਲਿਸ ਪਿੰਡ ਵਿਚ ਵੜਦੀ ਹੀ ਨਹੀਂ। ਰਾਜਬੀਰ ਨੇ ਕਿਹਾ ਜੇਕਰ ਪੁਲਿਸ ਇਸ ਨਸ਼ੇ ਨੂੰ ਰੋਕਦੀ, ਤਾਂ ਅੱਜ ਮੇਰਾ ਘਰ ਤਬਾਹ ਨਹੀਂ ਹੋਣਾ ਸੀ। ਮੇਰੇ ਤਿੰਨੋਂ ਪੁੱਤ ਮੇਰੇ ਘਰ ਵਿੱਚ ਹੋਣੇ ਸੀ। ਉਸ ਨੇ ਕਿਹਾ ਕਿ ਮੈਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕਰਦੀ ਹਾਂ ਕਿ ਇਸ ਨਸ਼ੇ ਨੂੰ ਖ਼ਤਮ ਕੀਤਾ ਜਾਵੇ, ਤਾਂ ਜੋ ਕਿਸੇ ਹੋਰ ਦਾ ਘਰ ਤਬਾਹ ਨਾ ਹੋਵੇ। ਉਸ ਨੇ ਪੰਜਾਬ ਸਰਕਾਰ ਕੋਲੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ: ਅਜਨਾਲਾ ਤੋਂ ਕਿਡਨੈਪ ਹੋਈ ਲੜਕੀ ਸਮੇਤ ਅਗਵਾਹ ਕਰਨ ਵਾਲਾ ਕਾਬੂ, ਪੁਲਿਸ ਨੂੰ ਪ੍ਰੇਮ ਸਬੰਧਾਂ ਦਾ ਸ਼ੱਕ !

ABOUT THE AUTHOR

...view details