ਅੰਮ੍ਰਿਤਸਰ:ਸ਼ਹਿਰ ਦੇ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੇ ਕਤਲ ਕੇਸ ਵਿੱਚ ਮੁੱਖ ਗਵਾਹ ਦੀ ਗਵਾਹੀ ਅੱਜ ਸੋਮਵਾਰ ਨੂੰ ਅਦਾਲਤ ਵਿੱਚ ਹੋਣੀ ਹੈ, ਪਰ ਦੋਸ਼ ਹਨ ਕਿ ਜੇਲ੍ਹ ਵਿੱਚ ਬੰਦ ਗੈਂਗਸਟਰ ਗਵਾਹ ਨੂੰ ਗਵਾਹੀ ਨਾ ਦੇਣ ’ਤੇ ਧਮਕੀਆਂ ਦੇ ਰਹੇ ਹਨ। ਇਸ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ, ਬੌਬੀ ਮਲਹੋਤਰਾ ਅਤੇ ਉਨ੍ਹਾਂ ਦੇ ਸਾਥੀ ਮੁੱਖ ਹਨ। ਗਵਾਹ ਸੁਖਬੀਰ ਸਿੰਘ ਨੇ ਦੱਸਿਆ ਕਿ ਜੱਗੂ ਭਗਵਾਨਪੁਰੀਆ ਗਰੁੱਪ ਵੱਲੋਂ ਉਸ ਦੇ ਭਰਾ ਗੁਰਦੀਪ ਪਹਿਲਵਾਨ ਦਾ ਕਤਲ ਕੀਤਾ ਗਿਆ ਸੀ ਅਤੇ ਉਦੋਂ ਤੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਮਾਨ ਸਰਕਾਰ ਨੇ ਵਾਪਸ ਲਈ ਸੁਰੱਖਿਆ:ਸੁਖਬੀਰ ਨੇ ਦੱਸਿਆ ਕਿ ਗੈਂਗਸਟਰ ਧਮਕੀਆਂ ਦੇ ਰਹੀ ਹਨ ਕਿ ਜੇਕਰ ਅਸੀਂ ਗਵਾਹੀ ਦਿੱਤੀ ਤਾਂ ਤੁਹਾਨੂੰ ਵੀ ਮਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉੰਝ ਸਰਕਾਰ ਕਹਿੰਦੀ ਹੈ ਕਿ ਇਸ ਗੈਂਗਵਾਰ ਨੂੰ ਖ਼ਤਮ ਕਰਨ ਲਈ ਸਰਕਾਰ ਦਾ ਸਾਥ ਦਵੋ, ਪਰ ਜੇਕਰ ਅਸੀਂ ਗੈਂਗਸਟਰਾਂ ਨੂੰ ਸਜ਼ਾਵਾਂ ਦੇਣ ਦੀ ਗਵਾਹੀ ਦੇ ਰਹੇ ਹਾਂ, ਤਾਂ ਸਾਨੂੰ ਸੁਰੱਖਿਆ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਕੱਲ੍ਹ ਨੂੰ ਸਾਡੇ 'ਤੇ ਗੈਂਗਸਟਰਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ, ਜਾਂ ਸਾਡਾ ਕੋਈ ਨੁਕਸਾਨ ਹੁੰਦਾ ਹੈ, ਤਾਂ ਉਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ਕਿਉਂਕਿ ਮੌਜੂਦਾ ਸਰਕਾਰ ਨੇ ਸਾਡੀ ਸੁਰੱਖਿਆ ਵੀ ਵਾਪਿਸ ਲੈ ਲਈ ਹੈ।