ਇਸਲਾਮਾਬਾਦ: ਪਾਕਿਸਤਾਨ ਦੇ ਚੋਣ ਕਮਿਸ਼ਨ (ਈਸੀਪੀ) ਨੇ ਬੁੱਧਵਾਰ ਨੂੰ ਪਾਕਿਸਤਾਨ ਪੰਜਾਬ ਵਿਧਾਨ ਸਭਾ ਚੋਣਾਂ ਲਈ ਤਰੀਕ 14 ਮਈ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਫੈਸਲਾ ਪਾਕਿਸਤਾਨ ਸੁਪਰੀਮ ਕੋਰਟ (ਐੱਸ.ਸੀ.) ਦੇ ਨਿਰਦੇਸ਼ਾਂ ਤੋਂ ਬਾਅਦ ਆਇਆ ਹੈ ਕਿ ਚੋਣਾਂ 8 ਅਕਤੂਬਰ ਦੀ ਬਜਾਏ 14 ਮਈ ਨੂੰ ਕਰਵਾਈਆਂ ਜਾਣ। ਪੰਜਾਬ ਵਿਧਾਨ ਸਭਾ ਚੋਣਾਂ 30 ਅਪ੍ਰੈਲ ਤੋਂ 8 ਅਕਤੂਬਰ ਤੱਕ ਮੁਲਤਵੀ ਕਰਨ ਦੇ ਈਸੀਪੀ ਦੇ ਫੈਸਲੇ ਦੇ ਖਿਲਾਫ ਪੀਟੀਆਈ ਦੁਆਰਾ ਪਟੀਸ਼ਨ ਦਾਇਰ ਕੀਤੀ ਗਈ ਸੀ।
ਪਹਿਲਾਂ ਕਦੋਂ ਹੋਣੀਆਂ ਸਨ ਚੋਣਾਂ:ਪਾਕਿਸਤਾਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਇਸ ਸਾਲ ਜਨਵਰੀ 'ਚ ਹੋਣੀਆਂ ਸਨ ਜਦੋਂ ਸਦਨ ਨੂੰ ਭੰਗ ਕਰ ਦਿੱਤਾ ਗਿਆ ਸੀ। ਮਾਰਚ ਦੇ ਸ਼ੁਰੂ ਵਿੱਚ ਈਸੀਪੀ ਨੇ ਪ੍ਰਸਤਾਵ ਦਿੱਤਾ ਸੀ ਕਿ ਚੋਣਾਂ 30 ਅਪ੍ਰੈਲ ਤੋਂ 7 ਮਈ ਦੇ ਵਿਚਕਾਰ ਕਰਵਾਈਆਂ ਜਾਣ ਅਤੇ ਬਾਅਦ ਵਿੱਚ ਰਾਸ਼ਟਰਪਤੀ ਆਰਿਫ ਅਲਵੀ ਨੇ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਸਵੀਕਾਰ ਕਰ ਲਿਆ ਅਤੇ ਚੋਣਾਂ ਦੀ ਮਿਤੀ 30 ਅਪ੍ਰੈਲ ਨਿਰਧਾਰਤ ਕਰ ਦਿੱਤੀ। ਇਲੈਕਟੋਰਲ ਵਾਚਡੌਗ ਦੁਆਰਾ ਅਧਿਕਾਰਤ ਤੌਰ 'ਤੇ 8 ਮਾਰਚ ਨੂੰ ਸੂਚਿਤ ਕੀਤਾ ਗਿਆ ਸੀ, ਪਰ ਬਾਅਦ ਵਿੱਚ ਡਾਨ ਦੇ ਅਨੁਸਾਰ, 22 ਮਾਰਚ ਨੂੰ ਈਸੀਪੀ ਦੁਆਰਾ ਜਾਰੀ ਇੱਕ ਹੋਰ ਨੋਟੀਫਿਕੇਸ਼ਨ ਵਿੱਚ ਇਸ ਨੂੰ 8 ਅਕਤੂਬਰ ਤੱਕ ਮੁਲਤਵੀ ਕਰ ਦਿੱਤਾ ਗਿਆ ਸੀ।