ਪੰਜਾਬ

punjab

ਚੰਡੀਗੜ੍ਹ ਸਰਹੱਦ ’ਤੇ ਕਿਸਾਨਾਂ ਦਾ ਧਰਨਾ ਜਾਰੀ, ਮੁੱਖਮੰਤਰੀ ਦੇ ਨਾਲ ਹੋਵੇਗੀ ਮੀਟਿੰਗ

By

Published : May 18, 2022, 10:31 AM IST

Updated : May 18, 2022, 11:04 AM IST

ਕਿਸਾਨ ਜਥੇਬੰਦੀਆਂ ਦਾ ਧਰਨਾ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ। ਕਿਸਾਨਾਂ ਵੱਲੋਂ ਆਪਣੀ ਅਗਲੀ ਰਣਨੀਤੀ ਦੇ ਲਈ ਮੀਟਿੰਗ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਸਾਫ ਤੌਰ ’ਤੇ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਪੱਕੇ ਧਰਨੇ ਦੀ ਪੂਰੀ ਤਿਆਰੀ ਹੈ। ਜਦੋ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਪੂਰੀ ਨਹੀਂ ਕਰਦੀ ਉਹ ਆਪਣਾ ਧਰਨਾ ਜਾਰੀ ਰੱਖਣਗੇ।

ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ
ਚੰਡੀਗੜ੍ਹ ਬਾਰਡਰ ’ਤੇ ਕਿਸਾਨਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ

ਮੋਹਾਲੀ: ਸੰਯੁਕਤ ਕਿਸਾਨ ਮੋਰਚੇ ਦਾ ਚੰਡੀਗੜ੍ਹ ਬਾਰਡਰ ਵਿਖੇ ਧਰਨਾ ਦੂਜੇ ਦਿਨ ਵੀ ਲਗਾਤਾਰ ਜਾਰੀ ਹੈ। ਕਿਸਾਨਾਂ ਵੱਲੋਂ ਆਪਣੀ ਅਗਲੀ ਰਣਨੀਤੀ ਨੂੰ ਲੈ ਕੇ ਮੀਟਿੰਗ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨਾਂ ਵੱਲੋਂ ਮੋਹਾਲੀ ਦੇ ਗੁਰਦੁਆਰਾ ਦੇ ਅੰਬ ਸਾਹਿਬ ਵਿਖੇ ਮੀਟਿੰਗ ਕੀਤੀ ਗਈ।

12 ਵਜੇ ਕਿਸਾਨਾਂ ਦੀ ਸੀਐੱਮ ਨਾਲ ਮੀਟਿੰਗ: ਦੱਸ ਦਈਏ ਕਿ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਦਾ ਕਹਿਣਾ ਹੈ ਕਿ ਸੀਐੱਮ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਮੁਲਾਕਾਤ ਦੇ ਲਈ ਸੱਦਾ ਆ ਗਿਆ ਹੈ। ਸੀਐੱਮ ਮਾਨ ਨੇ ਉਨ੍ਹਾਂ ਨੂੰ 12 ਵਜੇ ਮੁਲਾਕਾਤ ਦੇ ਲਈ ਬੁਲਾਇਆ ਗਿਆ ਹੈ। ਦੱਸ ਦਈਏ ਕਿ ਬੀਤੇ ਦਿਨ ਕਿਸਾਨਾਂ ਵੱਲੋਂ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਦੇ ਨਾਲ ਸੀਐੱਮ ਮਾਨ ਦੀ ਮੀਟਿੰਗ ਨਹੀਂ ਹੁੰਦੀ ਤਾਂ ਉਨ੍ਹਾਂ ਦੀ ਅਗਲੀ ਰਣਨੀਤੀ ਚੰਡੀਗੜ੍ਹ ਵੱਲ ਨੂੰ ਕੂਚ ਕੀਤਾ ਜਾਵੇਗਾ।

'ਮੈ ਗੱਲ ਕਰਨ ਨੂੰ ਤਿਆਰ':ਬੀਤੇ ਦਿਨ ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਦਿੱਲੀ ਤੋਂ ਆਉਂਦੇ ਹੀ ਕਿਹਾ ਕਿ ਉਹ ਕਿਸਾਨਾਂ ਨੂੰ ਮਿਲਣ ਲਈ ਤਿਆਰ ਹਨ ਪਰ ਮੁਰਦਾਬਾਦ ਦਾ ਨਾਅਰਾ ਲਗਾਉਣਾ ਸਹੀ ਤਰੀਕਾ ਨਹੀਂ ਹੈ। ਉਹ ਖੁਦ ਵੀ ਕਿਸਾਨ ਦੇ ਪੁੱਤਰ ਹਨ। ਜਦੋਂ ਉਹ ਕਹਿ ਰਹੇ ਹਨ ਕਿ ਬਾਸਮਤੀ ਅਤੇ ਮੂੰਗੀ ਦਾਲ ਐਮਐਸਪੀ ’ਤੇ ਹੋਵੇਗੀ। ਘੱਟੋ ਘੱਟ ਕੋਸ਼ਿਸ਼ਾਂ ਕਰੋ। ਸਭ ਕੁਝ ਮੁਰਦਾਬਾਦ ਨਹੀਂ ਹੋ ਸਕਦਾ ਹੈ।

ਕਾਂਗਰਸ ਪ੍ਰਧਾਨ ਨੇ ਸਾਧੇ ਸੀਐੱਮ ’ਤੇ ਨਿਸ਼ਾਨੇ:ਇਸ ਬਿਆਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਸੀਐੱਮ ਭਗਵੰਤ ਮਾਨ ਜੀ ਕਿਸਾਨ ਦੇ ਪੁੱਤ ਹੋ ਤਾਂ ਕਿਸਾਨਾਂ ਦੇ ਲਈ ਸੋਚੋ। ਕਿਸਾਨਾਂ ਨੂੰ ਰਾਤ ਕਹੇ ਇਹ ਸ਼ਬਦ “ਗੱਲ-ਬਾਤ ਦਾ ਤਰੀਕਾ ਮੁਰਦਾਬਾਦ ਨਹੀਂ”ਇਹ ਤੁਹਾਡੇ ਨਹੀਂ ਲੱਗਦੇ, ਇੰਝ ਲੱਗਦੇ ਕੱਲ੍ਹ ਦੀ ਕੁੱਝ ਕੁ ਘੰਟੇ ਦਿੱਲੀ ਦੀ ਯਾਤਰਾ ਨੇ ਤੁਹਾਡੇ ਸ਼ਬਦ ਬਦਲ ਦਿੱਤੇ।

ਪੱਕੇ ਧਰਨੇ ਦੀ ਪੂਰੀ ਤਿਆਰੀ:ਕਾਬਿਲੇਗੌਰ ਹੈ ਕਿ ਬੀਤੇ ਦਿਨ ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਆਪਣੇ ਪੱਕੇ ਧਰਨੇ ਦੇ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਸ ਸਮੇਂ ਤੱਕ ਉਹ ਆਪਣਾ ਧਰਨਾ ਜਾਰੀ ਰੱਖਣਗੇ।

ਸ਼ਾਂਤਮਈ ਧਰਨਾ ਰਹੇਗਾ ਜਾਰੀ:ਇਸ ਦੇ ਨਾਲ ਹੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਕਹਿਣਾ ਕਿ ਕਿਸਾਨ ਅੱਗੇ ਵਧਣਾ ਜਾਰੀ ਰੱਖਣਗੇ ਅਤੇ ਜਿਥੇ ਵੀ ਉਨ੍ਹਾਂ ਨੂੰ ਪ੍ਰਸ਼ਾਸਨ ਵਲੋਂ ਰੋਕਿਆ ਜਾਂਦਾ ਹੈ ਤਾਂ ਉਥੇ ਉਹ ਆਪਣਾ ਸ਼ਾਂਤਮਈ ਧਰਨਾ ਜਾਰੀ ਰਖਣਗੇ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਕਿਹਾ ਜਾ ਰਿਹਾ ਕਿ ਪ੍ਰਸ਼ਾਸਨ ਨਾਲ ਗੱਲਬਾਤ ਕਰ ਲਓ ਪਰ ਇਸ ਗੱਲ ਨਾਲ ਉਹ ਸਹਿਮਤ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਵਲੋਂ ਮੁੱਖ ਮੰਤਰੀ ਨਾਲ ਹੀ ਗੱਲਬਾਤ ਕੀਤੀ ਜਾਵੇਗੀ।

ਕੈਬਨਿਟ ਮੀਟਿੰਗ ਅੱਜ: ਇੱਕ ਪਾਸੇ ਜਿੱਥੇ ਕਿਸਾਨਾਂ ਦਾ ਧਰਨਾ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਅੱਜ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵੀ ਹੋਵੇਗੀ। ਇਸ ਦੌਰਾਨ ਕਈ ਅਹਿਮ ਫੈਸਲੇ ’ਤੇ ਮੋਹਰ ਲੱਗਣ ਦੀ ਉਮੀਦ ਹੈ। ਦੱਸਿਆ ਜਾ ਰਿਹਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਦੇ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ’ਤੇ 1500 ਰੁਪਏ ਸਬੰਧੀ ਮਨਜ਼ੂਰੀ ਮਿਲ ਸਕਦੀ ਹੈ।

ਕਿਸਾਨਾਂ ਦੀਆਂ ਮੰਗਾਂ:ਕਿਸਾਨ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰਨ ਦੀ ਤਿਆਰੀ ਚ ਹਨ। ਦੱਸ ਦਈਏ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਚੋਣ ਵਾਅਦੇ ਮੁਤਾਬਿਕ ਕਿਸਾਨਾਂ ਦਾ ਕਰਜ਼ ਮੁਆਫੀ, ਕਰਜ਼ ਕਾਰਨ ਕਿਸਾਨਾਂ ਦੇ ਵਾਰੰਟ ਅਤੇ ਕੁਰਕੀਆਂ ਬੰਦ ਕੀਤੀ ਜਾਵੇ, ਬੈਂਕਾਂ ਵੱਲੋਂ ਕਿਸਾਨਾਂ ’ਤੇ ਪਾਏ 22,000 ਕੇਸ ਵਾਪਸ ਹੋਣ, ਗੰਨੇ ਦੀ ਫਸਲ ਦਾ ਬਕਾਇਆ 35 ਰੁਪਏ ਵਾਧੇ ਨਾਲ ਦਿੱਤਾ ਜਾਵੇ ਅਤੇ ਬੀਬੀਐਮਬੀ ਚ ਪੰਜਾਬ ਦਾ ਨੁਮਾਇੰਦਾ ਬਹਾਲ ਕਰਵਾਇਆ ਜਾਵੇ। ਇਹ ਕਿਸਾਨਾਂ ਦੀਆਂ ਮੰਗਾਂ ਹਨ ਜਿਨ੍ਹਾਂ ਨੂੰ ਪੂਰਾ ਕਰਵਾਉਣ ਦੇ ਲਈ ਕਿਸਾਨਾਂ ਵੱਲੋਂ ਇਹ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ।

ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਝੋਨੇ ਦੀ ਲੁਆਈ 10 ਜੂਨ ਤੋਂ ਸ਼ੁਰੂ ਹੋਵੇ, ਕਣਕ ਦੇ ਘੱਟ ਝਾੜ ’ਤੇ 500 ਰੁਪਏ ਬੋਨਸ, ਚਿਪ ਵਾਲੇ ਮੀਟਰ ਲਗਾਉਣ ਦਾ ਫੈਸਲਾ ਰੱਦ ਕੀਤਾ ਜਾਵੇ, ਮੱਕੀ ਅਤੇ ਮੂੰਗੀ ਦੀ ਐਮਐਸਪੀ ’ਤੇ ਖਰੀਦ ਦਾ ਨੋਟੀਫਿਕੇਸ਼ਨ ਜਾਰੀ ਹੋਵੇ, ਅਤੇ ਨਾਲ ਹੀ ਬਾਸਮਤੀ ਦਾ ਭਾਅ 4500 ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ:ਪੰਜਾਬ ਕੈਬਨਿਟ ਦੀ ਮੀਟਿੰਗ ਅੱਜ, ਲੱਗ ਸਕਦੀ ਹੈ ਇਨ੍ਹਾਂ ਫੈਸਲਿਆਂ ’ਤੇ ਮੋਹਰ

Last Updated : May 18, 2022, 11:04 AM IST

ABOUT THE AUTHOR

...view details