ਪੰਜਾਬ

punjab

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਖਰਾਂ 'ਤੇ ਪ੍ਰਚਾਰ, ਆਗੂ ਦਿਖਾ ਰਹੇ ਦਮ ਖਮ

By

Published : Feb 17, 2022, 3:18 PM IST

ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਪ੍ਰਚਾਰ ਤੇਜ਼ ਹੋ ਚੁੱਕਿਆ ਹੈ। ਹਰ ਇੱਕ ਪਾਰਟੀ ਵਲੋਂ ਉਮੀਦਵਾਰ ਦੇ ਹੱਕ 'ਚ ਪ੍ਰਚਾਰ ਕੀਤਾ ਜਾ ਰਿਹਾ ਹੈ, ਜਿਥੇ ਕਈ ਵੱਡੇ ਆਗੂ ਵੀ ਸ਼ਾਮਲ ਹੋ ਰਹੇ ਹਨ।

ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਖਰਾਂ 'ਤੇ ਪ੍ਰਚਾਰ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਖਰਾਂ 'ਤੇ ਪ੍ਰਚਾਰ

ਚੰਡੀਗੜ੍ਹ: ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਜਿਸ ਨੂੰ ਲੈਕੇ ਹਰ ਸਿਆਸੀ ਪਾਰਟੀ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਕਾਂਗਰਸ ਤੋਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਅਤੇ 'ਆਪ' ਤੋਂ ਅਰਵਿੰਦ ਕੇਜਰੀਵਾਲ ਪੰਜਾਬ ਦੇ ਚੋਣ ਦੰਗਲ 'ਚ ਆਪਣੇ-ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰ ਰਹੇ ਹਨ।

ਪ੍ਰਧਾਨ ਮੰਤਰੀ ਮੋਦੀ ਦੀ ਅਬੋਹਰ ਰੈਲੀ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਆਪਣੇ ਉਮੀਦਵਾਰਾਂ ਦੇ ਹੱਕ 'ਚ ਪ੍ਰਚਾਰ ਕਰਦਿਆਂ ਵਿਰੋਧੀਆਂ 'ਤੇ ਜਮ ਕੇ ਨਿਸ਼ਾਨੇ ਸਾਧੇ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੰਜਾਬ ਨੂੰ ਅਜਿਹੀ ਸਰਕਾਰ ਦੀ ਲੋੜ ਹੈ ਜੋ ਦੇਸ਼ ਭਗਤੀ ਦੀ ਪ੍ਰੇਰਨਾ ਲੈ ਕੇ ਪੰਜਾਬ ਦੇ ਵਿਕਾਸ ਤੋਂ ਪ੍ਰੇਰਿਤ ਹੋਵੇ। ਭਾਜਪਾ ਪੰਜਾਬ ਦੀ ਸੁਰੱਖਿਆ ਅਤੇ ਵਿਕਾਸ ਦੇ ਸੰਕਲਪ ਨਾਲ ਸਮਰਪਣ ਦੇ ਨਾਲ ਤੁਹਾਡੇ ਸਾਹਮਣੇ ਆਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਹਮੇਸ਼ਾ ਕਿਸਾਨਾਂ ਨਾਲ ਧੋਖਾ ਕੀਤਾ ਹੈ। ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ। ਉਹ ਫਾਈਲਾਂ 'ਤੇ ਬੈਠੇ ਰਹੇ ਪਰ ਝੂਠ ਬੋਲਦੇ ਰਹੇ। ਜਦੋਂ ਅਸੀਂ ਕੇਂਦਰ ਵਿੱਚ ਆਪਣੀ ਸਰਕਾਰ ਬਣਾਈ, ਅਸੀਂ ਉਨ੍ਹਾਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ

ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਇੱਕ ਖੇਤਰ ਦੇ ਲੋਕਾਂ ਨੂੰ ਦੂਜਿਆਂ ਦੇ ਵਿਰੁੱਧ ਖੜ੍ਹੀ ਕਰਦੀ ਹੈ। ਕਾਂਗਰਸ ਦੇ ਮੁੱਖ ਮੰਤਰੀ ਨੇ ਬੀਤੇ ਦਿਨ ਦਿੱਤਾ ਇੱਕ ਬਿਆਨ ਜਿਸ ਵਿੱਚ ਦਿੱਲੀ ਵਿੱਚ ਪਰਿਵਾਰ ਦੇ ਇੱਕ ਮੈਂਬਰ ਵੱਲੋਂ ਤਾੜੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਅਜਿਹੇ ਬਿਆਨਾਂ ਨਾਲ ਉਹ ਕਿਸ ਦਾ ਅਪਮਾਨ ਕਰ ਰਹੇ ਹਨ। ਇੱਥੇ ਇੱਕ ਵੀ ਪਿੰਡ ਅਜਿਹਾ ਨਹੀਂ ਜਿੱਥੇ ਯੂਪੀ-ਬਿਹਾਰ ਦੇ ਲੋਕ ਮਿਹਨਤ ਨਾ ਕਰਦੇ ਹੋਣ।

ਅਬੋਹਰ 'ਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੀ ਸੰਤ ਰਵਿਦਾਸ ਦਾ ਜਨਮ ਪੰਜਾਬ ਵਿੱਚ ਹੋਇਆ ਸੀ? ਉਨ੍ਹਾਂ ਦਾ ਜਨਮ ਵਾਰਾਣਸੀ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਤੁਸੀਂ ਕਹਿੰਦੇ ਹੋ ਕਿ ਉੱਤਰ ਪ੍ਰਦੇਸ਼ ਦੇ 'ਭਈਆ' ਨੂੰ ਪੰਜਾਬ ਵਿੱਚ ਨਹੀਂ ਆਉਣ ਦਿਆਂਗੇ। ਤਾਂ ਕੀ ਤੁਸੀਂ ਸੰਤ ਰਵਿਦਾਸ ਨੂੰ ਵੀ ਮੋੜੋਗੇ? ਕੀ ਤੁਸੀਂ ਉਨ੍ਹਾਂ ਦਾ ਨਾਮ ਮਿਟਾ ਦਿਓਗੇ? ਤੁਸੀਂ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਹੋ?

ਉਨ੍ਹਾਂ ਨਾਲ ਹੀ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਪਟਨਾ ਸਾਹਿਬ, ਬਿਹਾਰ ਵਿੱਚ ਹੋਇਆ ਸੀ। ਤੁਸੀਂ ਕਹਿੰਦੇ ਹੋ ਕਿ ਬਿਹਾਰ ਦੇ ਲੋਕਾਂ ਨੂੰ ਅੰਦਰ ਨਹੀਂ ਆਉਣ ਦਿਓਗੇ, ਤਾਂ ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਅਪਮਾਨ ਕਰੋਗੇ।

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਖੁਸ਼ਹਾਲੀ ਵਾਲੇ ਰਸਤੇ 'ਤੇ ਲੈ ਕੇ ਜਾਣ ਵਾਲੀ ਸਰਕਾਰ ਦੀ ਲੋੜ ਹੈ ਅਤੇ ਪੰਜਾਬ ਨੂੰ ਇਹ ਖੁਸ਼ਹਾਲੀ ਭਾਜਪਾ ਦੇ ਰਾਜ ਵਿੱਚ ਹੀ ਮਿਲ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅੱਜ ਪੂਰਾ ਪੰਜਾਬ ਡਬਲ ਇੰਜਣ ਵਾਲੀ ਸਰਕਾਰ ਚਾਹੁੰਦਾ ਹੈ। ਜੇ ਪੰਜਾਬ ਵਿੱਚ ਡਬਲ ਇੰਜਣ ਵਾਲੀ ਭਾਜਪਾ ਦੀ ਸਰਕਾਰ ਆਈ ਤਾਂ ਸੂਬੇ ਵਿੱਚੋਂ ਮਾਫੀਆ ਰਾਜ ਦੀ ਪੱਕੀ ਵਿਦਾਇਗੀ ਹੋਵੇਗੀ। ਹੁਣ ਪੰਜਾਬ ਨੂੰ ਨਵੇਂ ਵਿਜ਼ਨ ਵਾਲੀ ਸਰਕਾਰ ਦੀ ਲੋੜ ਹੈ।

ਅਰਵਿੰਦ ਕੇਜਰੀਵਾਲ ਦੀਆਂ ਰੋਡ ਰੈਲੀਆਂ

ਇਸ ਦੇ ਨਾਲ ਹੀ 'ਆਪ' ਕੌਮੀ ਕਨਵੀਨਰ ਅਰਵਿਮਦ ਕੇਜਰੀਵਾਲ ਵੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਹੀ ਆਏ ਹਨ। ਇਸ ਦੌਰਾਨ ਉਨ੍ਹਾਂ ਵਲੋਂ ਆਪਣੇ ਉਮਿੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।

ਇਸ ਦੇ ਤਹਿਤ ਅੱਜ ਅਰਵਿੰਦ ਕੇਜਰੀਵਾਲ ਵਲੋਂ ਵੱਖ-ਵੱਖ ਹਲਕਿਆਂ 'ਚ ਆਪਣੇ ਉਮੀਦਵਾਰਾਂ ਦੇ ਹੱਕ 'ਚ ਰੋਡ ਸ਼ੋਅ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਲੋਕਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਅੱਜ ਅਰਵਿੰਦ ਕੇਜਰੀਵਾਲ ਵਲੋਂ ਡੇਰਾ ਬਾਬਾ ਨਾਕ, ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ ਅਤੇ ਦੀਨਾਨਗਰ ਵਿਖੇ ਰੋਡ ਸ਼ੋਅ ਕਰਨ ਦੇ ਨਾਲ-ਨਾਲ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ ਗਿਆ।

ਪਠਾਨਕੋਟ 'ਚ ਪ੍ਰਿਯੰਕਾ ਗਾਂਧੀ ਦਾ ਸੰਬੋਧਨ

ਇਸ ਦੇ ਨਾਲ ਹੀ ਪ੍ਰਿਯੰਕਾ ਗਾਂਧੀ ਵਲੋਂ ਪਠਾਨਕੋਟ 'ਚ ਚੋਣ ਰੈਲੀ ਕੀਤੀ ਗਈ। ਇਸ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਮੋਦੀ, ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਕਈ ਨਿਸ਼ਾਨੇ ਸਾਧੇ। ਉਨ੍ਹਾਂ ਨੇ ਪੀ.ਐੱਮ ਮੋਦੀ ਨੂੰ ਵੱਡੇ ਮਿਆਂ ਅਤੇ ਕੇਜਰੀਵਾਲ ਨੂੰ ਛੋਟੇ ਮਿਆਂ ਕਿਹਾ ਹੈ। ਪ੍ਰਿਯੰਕਾ ਨੇ ਕਿਹਾ ਕਿ ਪੰਜਾਬੀਅਤ ਇਕ ਜਜ਼ਬਾ ਹੈ। ਪੰਜਾਬੀਅਤ ’ਚ ਸੇਵਾ, ਸਚਾਈ ਅਤੇ ਮਿਹਨਤ ਹੈ, ਜੋ ਕਦੇ ਕਿਸੇ ਦੇ ਅੱਗੇ ਨਹੀਂ ਝੁਕਦੀ।

ਮੁੱਖ ਮੰਤਰੀ ਚੰਨੀ ਦੀ ਤਾਰੀਫ਼ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਚੰਨੀ ਨੇ 111 ਦਿਨਾਂ ’ਚ ਉਹ ਕੰਮ ਕੀਤੇ, ਜੋ ਕਿਸੇ ਹੋਰ ਮੁੱਖ ਮੰਤਰੀ ਨੇ ਨਹੀਂ ਕੀਤੇ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਨੇ 6 ਹਜ਼ਾਰ, 400 ਕਰੋੜ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ, 1500 ਕਰੋੜ ਬਿਜਲੀ ਦੇ ਬਿੱਲ ਮੁਆਫ਼ ਕੀਤੇ, ਕਿਸਾਨਾਂ ਨੂੰ ਮੁਫ਼ਤ ਬਿਜਲੀ ਮੁਹੱਈਆ ਕਰਵਾਈ, ਬਿਜਲੀ ਦੇ ਰੇਟ 3 ਰੁਪਏ ਪ੍ਰਤੀ ਯੂਨਿਟ ਤੱਕ ਲਿਆਂਦੇ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੰਜਾਬ 'ਚ ਅੱਜ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਤੇ ਰੁਜ਼ਗਾਰ ਹੈ। ਇਸ ਲਈ ਸੂਬੇ ਨੂੰ ਇਕ ਅਜਿਹੀ ਸਰਕਾਰ ਚਾਹੀਦੀ ਹੈ, ਜੋ ਲੋਕਾਂ ਨੂੰ ਰੁਜ਼ਗਾਰ ਦੇਵੇ। ਕਾਂਗਰਸ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਚਾਹੁੰਦੀ ਹੈ ਅਤੇ ਕਰ ਵੀ ਰਹੀ ਹੈ।

ਕੇਂਦਰ ਸਰਕਾਰ ਨੇ ਕਿਸਾਨਾਂ ਲਈ ਤਿੰਨ ਕਿਸਾਨ ਵਿਰੋਧੀ ਕਾਨੂੰਨ ਲਿਆਂਦੇ, ਜਿਨ੍ਹਾਂ ਨੂੰ ਰੱਦ ਕਰਵਾਉਣ ਲਈ ਹਜ਼ਾਰਾਂ ਦੇ ਕਰੀਬ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਸਨ। ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ’ਚ ਮੋਦੀ ਕਿਸਾਨਾਂ ਨੂੰ ਮਿਲਣ ਲਈ ਆਪਣੇ ਘਰ ਤੋਂ ਬਾਹਰ ਤੱਕ ਨਹੀਂ ਨਿਕਲੇ। ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੇਂਦਰ ਸਰਕਾਰ ਕਰਕੇ ਕਿਸਾਨ ਇਕ ਸਾਲ ਲਈ ਸਰਹੱਦਾਂ ’ਤੇ ਜਾ ਕੇ ਬੈਠੇ ਰਹੇ। ਵਿਰੋਧੀ ਪਾਰਟੀਆਂ ਨੂੰ ਲਪੇਟੇ ’ਚ ਲੈਂਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਸਭ ਨੂੰ ਸਿਆਸਤ ਕਰਨ ਦੀ ਪਈ ਹੋਈ ਹੈ। ਕੋਈ ਪਾਰਟੀ ਵਿਕਾਸ ਦੇ ਬਾਰੇ ਗੱਲ ਨਹੀਂ ਕਰਦੀ।

ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ’ਤੇ ਸ਼ਬਦੀ ਹਮਲਾ ਕਰਦੇ ਹੋਏ ਪ੍ਰਿਯੰਧੀ ਨੇ ਕਿਹਾ ਕਿ ਦੇਸ਼ ’ਚ ਅਮੀਰਾਂ ਲਈ ਸਰਕਾਰ ਚੱਲ ਰਹੀ ਹੈ, ਇਨ੍ਹਾਂ ਨੇ ਨੋਟਬੰਦੀ ਕੀਤੀ। ਮੋਦੀ ਸਰਕਾਰ ਦੇ ਸਮੇਂ ਛੋਟੇ ਵਪਾਰੀ ਬਹੁਤ ਪਰੇਸ਼ਾਨ ਹਨ। ਕੇਂਦਰ ਸਰਕਾਰ ਨੇ ਛੋਟੇ ਵਪਾਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਨਹੀਂ ਦਿੱਤੀ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਨ ਵਾਲੀ ਕੇਂਦਰ ਸਰਕਾਰ ’ਤੇ ਪ੍ਰਿਯੰਕਾ ਨੇ ਤੰਜ ਕੱਸਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਦਿੱਤਾ ਜਾਣ ਵਾਲਾ ਰੁਜ਼ਗਾਰ ਕਿਥੇ ਹੈ?

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਦੇ ਹੋਏ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਕੇਜਰੀਵਾਲ ਸੱਤਾ ਹਾਸਲ ਕਰਨ ਲਈ ਕਿਸੇ ਸਾਹਮਣੇ ਵੀ ਝੁਕ ਜਾਂਦੇ ਹਨ।ਉਨ੍ਹਾਂ ਕਿਹਾ ਕਿ ਕੇਜਰੀਵਾਲ ਡਰੱਗ ਮਾਫੀਆ ਦੇ ਸਾਹਮਣੇ ਵੀ ਝੁਕ ਗਏ ਸਨ। ਇਹ ਲੋਕ ਸੱਤਾ ’ਚ ਆਉਣ ਲਈ ਕੁਝ ਵੀ ਕਰ ਸਕਦੇ ਹਨ। ਕੇਜਰੀਵਾਲ ਨੇ ਦਿੱਲੀ ’ਚ ਸਿਰਫ਼ 440 ਲੋਕਾਂ ਨੂੰ ਹੀ ਨੌਕਰੀਆਂ ਦਿੱਤੀਆਂ ਹਨ।

ਇਹ ਵੀ ਪੜ੍ਹੋ :ਚੰਨੀ ਦੇ ਬਿਆਨ ’ਤੇ ਭੜਕੇ ਪਰਵਾਸੀ ਭਾਈਚਾਰੇ ਵੱਲੋਂ ਪ੍ਰਿਯੰਕਾ ਗਾਂਧੀ ਦੀ ਰੈਲੀ ਤੋਂ ਪਹਿਲਾਂ ਵੱਡਾ ਐਕਸ਼ਨ

ABOUT THE AUTHOR

...view details