ਅੰਮ੍ਰਿਤਸਰ:ਆਮ ਆਦਮੀ ਪਾਰਟੀ ਦੇ ਕੌਮੀ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕਾਂ ਨੂੰ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਪ੍ਰਾਪਤ ਕਰਨ ਲਈ ਕਿਸੇ ਵਿਧਾਇਕ, ਮੰਤਰੀ ਜਾਂ ਆਗੂ ਦੇ ਘਰ ਨਹੀਂ ਜਾਣਾ ਪਵੇਗਾ, ਸਗੋਂ ਸਰਕਾਰੀ ਸਹੂਲਤਾਂ ਸਰਕਾਰ ਵੱਲੋਂ ਲੋਕਾਂ ਦੇ ਘਰਾਂ ਵਿੱਚ ਪਹੰਚਾਈਆਂ ਜਾਣਗੀਆਂ। ਸਿਸੋਦੀਆ ਨੇ ਇਹ ਦਾਅਵਾ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਰਫ਼ੰਸ ਨੂੰ ਸਬੋਧਨ ਕਰਦਿਆਂ ਕੀਤਾ ਅਤੇ ਇਸ ਸਮੇਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾ. ਜੀਵਨਜੋਤ ਕੌਰ, ਕੁੰਵਰ ਵਿਜੈ ਪ੍ਰਤਾਪ ਅਤੇ 'ਆਪ' 'ਚ ਸ਼ਾਮਲ ਹੋਏ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਹਾਜ਼ਰ ਸਨ।
ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨੀਸ ਸਿਸੋਦੀਆ ਨੇ ਕਿਹਾ ਕਿ ਸਰਕਾਰੀ ਸਹੂਲਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਯੋਜਨਾ ਪੂਰੇ ਦੇਸ਼ ਵਿੱਚੋਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਵਿੱਚ ਸ਼ੁਰੂ ਕੀਤੀ ਹੈ। ਦਿੱਲੀ ਵਿੱਚ ਸਰਕਾਰੀ ਸਹੂਲਤਾਂ ਲੈਣ ਲਈ ਲੋਕਾਂ ਨੂੰ ਨਾ ਤਾਂ ਦਫ਼ਤਰਾਂ ਵਿੱਚ ਧੱਕੇ ਖਾਣੇ ਪੈਂਦੇ ਹਨ ਅਤੇ ਨਾ ਹੀ ਕਿਸੇ ਮੰਤਰੀ, ਵਿਧਾਇਕ ਦੇ ਘਰ ਜਾਣਾ ਪੈਂਦਾ ਹੈ, ਸਗੋਂ 300 ਕਿਸਮ ਦੀਆਂ ਸਹੂਲਤਾਂ ਅਤੇ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਦੀਆਂ ਹਨ। ਉਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਥੇ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਸਾਰੀਆਂ ਸਰਕਾਰੀ ਸਹੂਲਤਾਂ ਅਤੇ ਸੇਵਾਵਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਈਆਂ ਜਾਣਗੀਆਂ।