ਮੁੰਬਈ:ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਡਰੱਗ ਤਸਕਰੀ ਮਾਮਲੇ 'ਚ ਮੁੰਬਈ 'ਚ 7 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਇਹ ਛਾਪੇਮਾਰੀ ਮੁੰਬਈ ਤੋਂ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਨੂੰ ਯੂਰਪ ਅਤੇ ਆਸਟ੍ਰੇਲੀਆ ਭੇਜਣ ਦੇ ਸਿਲਸਿਲੇ 'ਚ ਮਾਰੀ ਗਈ ਹੈ। ਜਾਣਕਾਰੀ ਮੁਤਾਬਕ ED ਨੇ ਡਰੱਗ ਮਾਫੀਆ ਕੈਲਾਸ਼ ਰਾਜਪੂਤ ਦੇ ਕਰੀਬੀ ਸਹਿਯੋਗੀ ਡਰੱਗ ਮਾਫੀਆ ਅਲੀ ਅਸਗਰ ਸ਼ਿਰਾਜ਼ੀ ਖਿਲਾਫ ਕਾਰਵਾਈ ਕੀਤੀ ਹੈ।
ਸੂਤਰਾਂ ਮੁਤਾਬਕ ਡਰੱਗ ਮਾਫੀਆ ਅਲੀ ਅਸਗਰ ਖਿਲਾਫ ਡਰੱਗ ਤਸਕਰੀ ਮਾਮਲੇ ਤਹਿਤ ਈਡੀ ਨੇ ਮੁੰਬਈ 'ਚ ਸੱਤ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਈਡੀ ਨੇ ਇਸ ਮਾਮਲੇ ਦੇ ਸਬੰਧ ਵਿੱਚ ਕੁਝ ਲੋਕਾਂ ਨੂੰ ਸੰਮਨ ਵੀ ਜਾਰੀ ਕੀਤੇ ਹਨ। ਅਸਗਰ ਸ਼ਿਰਾਜ਼ੀ 'ਤੇ ਯੂਰਪ ਅਤੇ ਆਸਟ੍ਰੇਲੀਆ 'ਚ 200 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦਾ ਦੋਸ਼ ਹੈ। ਅਸਗਰ ਸ਼ਿਰਾਜ਼ੀ (ਉਮਰ 40) ਨੂੰ ਮਈ ਵਿੱਚ ਮੁੰਬਈ ਪੁਲਿਸ ਦੇ ਐਂਟੀ ਐਕਸਟੌਰਸ਼ਨ ਸੈੱਲ (ਏਈਸੀ) ਨੇ ਗ੍ਰਿਫਤਾਰ ਕੀਤਾ ਸੀ।
ਅਸਗਰ ਸ਼ਿਰਾਜ਼ੀ ਨੂੰ ਮਾਰਚ ਵਿੱਚ ਮੁੰਬਈ ਪੁਲਿਸ ਦੁਆਰਾ ਫੜੇ ਗਏ ਕੇਟਾਮਾਈਨ ਅਤੇ ਵਾਇਗਰਾ ਤਸਕਰੀ ਮਾਮਲੇ ਵਿੱਚ ਇੱਕ ਪ੍ਰਮੁੱਖ ਕੜੀ ਦੱਸਿਆ ਜਾਂਦਾ ਹੈ। ਦੱਸ ਦਈਏ ਕਿ 15 ਮਾਰਚ ਨੂੰ ਮੁੰਬਈ ਪੁਲਿਸ ਨੇ ਅੰਧੇਰੀ ਪੂਰਬੀ ਸਥਿਤ ਇੱਕ ਕੋਰੀਅਰ ਦਫ਼ਤਰ 'ਤੇ ਛਾਪਾ ਮਾਰ ਕੇ ਕਰੀਬ 8 ਕਰੋੜ ਰੁਪਏ ਦੀ 15 ਕਿਲੋ ਕੇਟਾਮਾਈਨ ਅਤੇ 23 ਹਜ਼ਾਰ ਵਾਇਗਰਾ ਦੀਆਂ ਗੋਲੀਆਂ ਜ਼ਬਤ ਕੀਤੀਆਂ ਸਨ। ਅਸਗਰ 'ਤੇ ਮੁੰਬਈ ਤੋਂ 200 ਕਰੋੜ ਰੁਪਏ ਦੇ ਡਰੱਗਜ਼ ਵਿਦੇਸ਼ ਭੇਜਣ ਦਾ ਦੋਸ਼ ਹੈ। ਨਾਲ ਹੀ, ਅਸਗਰ ਸ਼ਿਰਾਜ਼ੀ ਅੰਡਰਵਰਲਡ ਸਰਗਨਾ ਦਾਊਦ ਇਬਰਾਹਿਮ ਦਾ ਸਾਥੀ ਹੈ।
ਜ਼ਿਕਰਯੋਗ ਹੈ ਕਿ ਮੁੰਬਈ ਪੁਲਿਸ ਨੇ ਅੰਧੇਰੀ 'ਚ ਇਕ ਕੋਰੀਅਰ ਕੰਪਨੀ 'ਤੇ ਛਾਪਾ ਮਾਰ ਕੇ ਉਸ ਮਾਮਲੇ 'ਚ 8 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਦੋ ਮੁਲਜ਼ਮ ਕੈਲਾਸ਼ ਰਾਜਪੂਤ ਅਤੇ ਦਾਨਿਸ਼ ਮੁੱਲਾ ਫਰਾਰ ਸਨ ਪਰ ਬਾਅਦ ਵਿੱਚ ਦਾਨਿਸ਼ ਮੁੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਦੇ ਨਾਲ ਹੀ ਅਸਗਰ ਸ਼ਿਰਾਜ਼ੀ ਨੂੰ ਕੈਲਾਸ਼ ਰਾਜਪੂਤ ਦਾ ਕਰੀਬੀ ਸਾਥੀ ਵੀ ਦੱਸਿਆ ਜਾਂਦਾ ਹੈ।