ਪੰਜਾਬ

punjab

ਮੈਡੀਕਲ ਅਫਸਰ ਅਤੇ ਸਫਾਈ ਸੇਵਕ ਉੱਤੇ ਵਿਜੀਲੈਂਸ ਦੀ ਕਾਰਵਾਈ, 5 ਹਜ਼ਾਰ ਰਿਸ਼ਵਤ ਲੈਂਦੇ ਕਾਬੂ

By ETV Bharat Punjabi Team

Published : Feb 27, 2024, 10:13 AM IST

ਬਠਿੰਡਾ ਵਿਜੀਲੈਂਸ ਬਿਓਰੋ ਨੇ ਐਕਸ਼ਨ ਕਰਦਿਆਂ ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਅਤੇ ਸਫਾਈ ਸੇਵਕ ਨੂੰ 5 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

Vigilance operation on medical officer and cleaner in Bathin
ਮੈਡੀਕਲ ਅਫਸਰ ਅਤੇ ਸਫਾਈ ਸੇਵਕ ਉੱਤੇ ਵਿਜੀਲੈਂਸ ਦੀ ਕਾਰਵਾਈ

ਕੁਲਵੰਤ ਸਿੰਘ ਲਹਿਰੀ, ਡੀਐਸਪੀ

ਬਠਿੰਡਾ:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਸਿਵਲ ਹਸਪਤਾਲ ਬਠਿੰਡਾ ਵਿਖੇ ਤਾਇਨਾਤ ਡਾਕਟਰ ਨਰਿੰਦਰਪਾਲ ਸਿੰਘ ਮੈਡੀਕਲ ਅਫਸਰ ਅਤੇ ਰਾਮ ਸਿੰਘ ਉਰਫ਼ ਟੀਨੂ ਨਾਂ ਦੇ ਸਫਾਈ ਸੇਵਕ ਨੂੰ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।


ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ:ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਲਹਿਰੀ ਨੇ ਦੱਸਿਆ ਕਿ ਉਪਰੋਕਤ ਮੁਲਜ਼ਮਾਂ ਨੂੰ ਪਿੰਡ ਗੁਰੂਸਰ ਸਹਿਣੇ ਵਾਲਾ, ਜ਼ਿਲ੍ਹਾ ਬਠਿੰਡਾ ਦੇ ਵਸਨੀਕ ਨਿਰਮਲ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

12,000 ਰੁਪਏ ਦੀ ਰਿਸ਼ਵਤ: ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਮੁਲਜ਼ਮਾਂ ਨੇ ਇੱਕ ਝਗੜੇ ਵਿੱਚ ਜ਼ਖਮੀ ਹੋਏ ਉਸ ਦੇ ਨੌਕਰ ਦੀ ਮੈਡੀਕੋ ਲੀਗਲ ਰਿਪੋਰਟ (ਐਮ.ਐਲ.ਆਰ.) ਜਾਰੀ ਕਰਨ ਬਦਲੇ 12,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ ਪਰ 10,000 ਰੁਪਏ ਦੀ ਰਿਸ਼ਵਤ ਦੇਣ ਦਾ ਸੌਦਾ ਤੈਅ ਹੋਇਆ ਹੈ। ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਦੋਵੇਂ ਮੁਲਜ਼ਮ ਪਹਿਲਾਂ ਇਸ ਸਬੰਧੀ 5 ਹਜ਼ਾਰ ਰੁਪਏ ਮੌਕੇ 'ਤੇ ਹੀ ਲੈ ਚੁੱਕੇ ਹਨ ਅਤੇ ਰਿਸ਼ਵਤ ਦੀ ਬਾਕੀ ਰਕਮ ਮੰਗ ਰਹੇ ਹਨ।

ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ: ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਬਠਿੰਡਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਵਿੱਚ ਉਕਤ ਮੈਡੀਕਲ ਅਫਸਰ ਅਤੇ ਸਫਾਈ ਸੇਵਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 5,000 ਰੁਪਏ ਦੀ ਰਿਸ਼ਵਤ ਦੀ ਦੂਜੀ ਕਿਸ਼ਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ। ਇਸ ਸਬੰਧੀ ਵਿਜੀਲੈਂਸ ਬਿਓਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ABOUT THE AUTHOR

...view details