ਪੰਜਾਬ

punjab

ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਸੀਟ 'ਤੇ ਹੋ ਸਕਦਾ ਫਸਵਾਂ ਮੁਕਾਬਲਾ, ਵੱਡੇ ਆਗੂਆਂ 'ਤੇ ਦਾਅ ਖੇਡ ਸਕਦੀਆਂ ਸਿਆਸੀ ਪਾਰਟੀਆਂ

By ETV Bharat Punjabi Team

Published : Mar 8, 2024, 8:47 AM IST

Lok Sabha Seat Firozpur: ਲੋਕ ਸਭਾ ਚੋਣਾਂ 2024 ਨੇੜੇ ਹਨ ਅਤੇ ਸਿਆਸੀ ਪਾਰਟੀਆਂ ਨੇ ਪੂਰੀ ਤਿਆਰੀ ਖਿੱਚ ਲਈ ਹੈ। ਇਸ ਵਿਚਾਲੇ ਫਿਰੋਜ਼ਪੁਰ ਦੀ ਗੱਲ ਕਰੀਏ ਤਾਂ ਇਥੇ ਮੁਕਾਬਲਾ ਫਸਵਾਂ ਹੋਣ ਦੇ ਆਸਾਰ ਹੈ, ਜਦਕਿ ਇਹ ਸੀਟ ਪਿਛਲੇ 25 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਹੈ।

ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ

ਫਿਰੋਜ਼ਪੁਰ: ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਤਾਂ ਇਸ ਨੂੰ ਲੈ ਕੇ ਪਾਰਟੀਆਂ ਵੱਲੋਂ ਆਪਣੇ-ਆਪਣੇ ਉਮੀਦਵਾਰਾਂ ਲਈ ਰਣਨੀਤੀ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਵੱਲੋਂ ਵੀ ਇਸ ਗੱਲ 'ਤੇ ਕਿਆਸ ਲਗਾਏ ਜਾ ਰਹੇ ਹਨ। ਗੱਲ ਕਰੀਏ ਫਿਰੋਜ਼ਪੁਰ ਹਲਕੇ ਦੀ ਜਿਹੜਾ ਕਿ ਪਿਛਲੇ 30 ਸਾਲ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਬਣਿਆ ਹੋਇਆ ਹੈ ਤੇ ਇੱਥੇ ਲਗਾਤਾਰ ਅਕਾਲੀ ਦਲ ਵੱਲੋਂ ਕਬਜ਼ਾ ਕੀਤਾ ਹੋਇਆ ਹੈ, ਜਿਸ ਨੂੰ ਤੋੜਨ ਵਾਸਤੇ ਹਰ ਇੱਕ ਪਾਰਟੀ ਆਪਣਾ ਜੋੜ ਤੋੜ ਲਗਾ ਰਹੀ ਹੈ।

ਸੁਖਬੀਰ ਦੀ ਥਾਂ ਹਰਸਿਮਰਤ ਬਾਦਲ ਦੇ ਚਰਚੇ: ਦੱਸ ਦਈਏ ਕਿ ਪਹਿਲਾਂ ਜੋਰਾ ਸਿੰਘ ਮਾਨ ਵੱਲੋਂ ਲਗਾਤਾਰ ਫਿਰੋਜ਼ਪੁਰ ਹਲਕਾ ਸੀਟ 'ਤੇ ਜਿੱਤ ਪ੍ਰਾਪਤ ਕੀਤੀ ਗਈ, ਉਸ ਤੋਂ ਬਾਅਦ ਸ਼ੇਰ ਸਿੰਘ ਘੁਬਾਇਆ ਜਿਨਾਂ ਵੱਲੋਂ ਇਸ ਸੀਟ ਉੱਪਰ ਆਪਣੀ ਪਕੜ ਬਣਾਈ ਗਈ। ਜਦ ਸ਼ੇਰ ਸਿੰਘ ਘੁਬਾਇਆ ਵੱਲੋਂ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਛੱਡ ਕੇ ਕਾਂਗਰਸ ਦਾ ਪੱਲਾ ਫੜ ਲਿਆ ਗਿਆ ਤਾਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚੋਣ ਲੜੀ ਗਈ, ਜਿਸ ਵਿੱਚ ਉਹਨਾਂ ਵੱਲੋਂ ਜਿੱਤ ਪ੍ਰਾਪਤ ਕੀਤੀ ਗਈ। ਹੁਣ ਪਾਰਟੀ ਦੇ ਪ੍ਰਧਾਨ ਨੂੰ ਵੇਖਦੇ ਹੋਏ ਕਿਸੇ ਵੱਲੋਂ ਦਾਅਵੇਦਾਰੀ ਪੇਸ਼ ਨਹੀਂ ਕੀਤੀ ਜਾ ਰਹੀ ਪਰ ਲੋਕਾਂ ਵਲੋਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜੇ ਸੁਖਬੀਰ ਸਿੰਘ ਬਾਦਲ ਇਸ ਸੀਟ 'ਤੇ ਚੋਣ ਨਹੀਂ ਲੜਦੇ ਤਾਂ ਹਰਸਿਮਰਤ ਕੌਰ ਇਸ ਸੀਟ 'ਤੇ ਚੋਣ ਲੜ ਸਕਦੇ ਹਨ।

ਲੋਕ ਸਭਾ ਚੋਣਾਂ ਵਿੱਚ ਫਿਰੋਜ਼ਪੁਰ ਸੀਟ

ਇਹ ਆਗੂ ਵੀ ਨੇ ਟਿਕਟ ਦੀ ਦੌੜ 'ਚ: ਉਹਨਾਂ ਤੋਂ ਬਾਅਦ ਜਨਮੇਜਾ ਸਿੰਘ ਸੇਖੋ ਜੋ ਸ਼੍ਰੋਮਣੀ ਅਕਾਲੀ ਦਲ ਵਿੱਚ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦਾ ਨਾਮ ਵੀ ਪਹਿਲ ਦੇ ਆਧਾਰ 'ਤੇ ਦੇਖਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਵਰਦੇਵ ਸਿੰਘ ਨੋਨੀ ਮਾਨ ਜੋ ਜੋਰਾ ਸਿੰਘ ਮਾਨ ਦੇ ਸਪੁੱਤਰ ਹਨ। ਉਹਨਾਂ ਦਾ ਨਾਮ ਵੀ ਸਾਹਮਣੇ ਆ ਰਿਹਾ ਹੈ ਪਰ ਇੱਥੇ ਇੱਕ ਗੱਲ ਹੋਰ ਦੇਖਣ ਵਾਲੀ ਹੈ ਕਿ ਜੇ ਉਹ ਬਾਦਲ ਪਰਿਵਾਰ ਦੇ ਨਜ਼ਦੀਕ ਹਨ ਪਰ ਉਹਨਾਂ ਵੱਲੋਂ ਇੱਕ ਵਾਰ ਵੀ ਵਿਧਾਨ ਸਭਾ ਚੋਣ ਨਹੀਂ ਲੜੀ ਗਈ।

ਕਾਂਗਰਸ 'ਚ ਇੱਕ ਅਨਾਰ ਸੋ ਬਿਮਾਰ ਵਾਲੀ ਗੱਲ: ਹੁਣ ਗੱਲ ਕਰੀਏ ਕਾਂਗਰਸ ਪਾਰਟੀ ਦੀ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨਾਲ ਪਿਛਲੇ ਲੰਬੇ ਸਮੇਂ ਤੋਂ ਲੜਾਈ ਚੱਲਦੀ ਆ ਰਹੀ ਹੈ। ਇਸ ਵਿੱਚ ਵੀ ਇਹ ਗੱਲ ਸਾਬਤ ਹੁੰਦੀ ਹੈ ਇਕ ਅਨਾਰ ਸੋ ਬਿਮਾਰ। ਸਭ ਤੋਂ ਪੁਰਾਣੇ ਕਾਂਗਰਸੀ ਪਰਮਿੰਦਰ ਸਿੰਘ ਪਿੰਕੀ ਜੋ ਸਾਬਕਾ ਵਿਧਾਇਕ ਵੀ ਰਹਿ ਚੁੱਕੇ ਹਨ ਤੇ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਵੀ ਹਨ। ਇਸ ਮੌਕੇ ਇਹ ਦੱਸ ਦਈਏ ਕਿ ਇਥੇ ਰਮਿੰਦਰ ਆਮਲਾ ਜੋ ਇੱਕ ਵੱਡੇ ਬਿਜਨਸਮੈਨ ਹਨ ਤੇ ਲੋਕਾਂ ਵਿੱਚ ਉਹਨਾਂ ਦੀ ਸ਼ਖਸੀਅਤ ਬਹੁਤ ਵਧੀਆ ਹੈ ਕਿਉਂਕਿ ਅਕਸਰ ਹੀ ਉਹ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਹਨ। ਚਾਹੇ ਕਿਸੇ ਨੂੰ ਮਕਾਨ ਬਣਾ ਕੇ ਦੇਣਾ ਹੋਵੇ ਚਾਹੇ ਕਿਸੇ ਨੂੰ ਕੰਬਲ ਰੋਟੀ ਪਾਣੀ ਕਿਸੇ ਤਰ੍ਹਾਂ ਦੀ ਜ਼ਰੂਰਤ ਹੋਵੇ, ਉਸ ਦੀ ਉਹ ਸੇਵਾ ਕਰਦੇ ਰਹਿੰਦੇ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਸ਼ੇਰ ਸਿੰਘ ਘੁਬਾਇਆ ਜੋ ਪਿਛਲੇ ਸਮੇਂ ਸੁਖਬੀਰ ਸਿੰਘ ਬਾਦਲ ਵਿਰੁੱਧ ਚੋਣ ਲੜੇ ਤੇ ਉਨਾਂ ਤੋਂ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਹਾਰ ਗਏ, ਉਹ ਵੀ ਸੀਟ ਦੀ ਦਾਵੇਦਾਰੀ ਰੱਖ ਰਹੇ ਹਨ। ਹੁਣ ਗੱਲ ਕਰੀਏ ਫਿਰੋਜ਼ਪੁਰ ਦੇ ਜ਼ਿਲ੍ਹਾ ਪ੍ਰਧਾਨ ਸਾਬਕਾ ਵਿਧਾਇਕ ਕੁਲਬੀਰ ਸਿੰਘ ਜੀਰਾ ਲੋਕ ਸਭਾ ਸੀਟ ਦੀ ਦਾਅਵੇਦਾਰੀ ਵੀ ਪੇਸ਼ ਕਰ ਰਹੇ ਹਨ। ਹੁਣ ਇਹ ਦੇਖਣਾ ਹੋਵੇਗਾ ਕਿ ਪਾਰਟੀ ਕਿਸ ਵਿਅਕਤੀ ਉੱਪਰ ਆਪਣਾ ਵਿਸ਼ਵਾਸ ਦਰਸਾਉਂਦੀ ਹੈ ਤੇ ਉਸ ਨੂੰ ਇਸ ਚੋਣ ਮੈਦਾਨ ਵਿੱਚ ਉਤਾਰਦੀ ਹੈ।

ਭਾਜਪਾ 'ਚ ਇੰਨ੍ਹਾਂ ਆਗੂਆਂ ਨੇ ਕੀਤੀ ਦਾਅਵੇਦਾਰੀ: ਭਾਜਪਾ ਦੀ ਗੱਲ ਕਰੀਏ ਤਾਂ ਪਾਰਟੀ ਦੇ ਸਭ ਤੋਂ ਵਫਾਦਾਰ ਸਿਪਾਹੀ ਹਨ ਸੁਰਜੀਤ ਕੁਮਾਰ ਜਿਆਨੀ ਜੋ ਪਾਰਟੀ ਵਿੱਚ ਲਗਾਤਾਰ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਇੱਥੇ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ, ਉਹਨਾਂ ਵੱਲੋਂ ਵੀ ਆਪਣੀ ਦਾਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਕੋਲ ਮੰਤਰੀ ਬਣਨ ਦਾ ਤਜਰਬਾ ਵੀ ਹਾਸਲ ਹੈ। ਹੁਣ ਗੱਲ ਕਰੀਏ ਸੁਨੀਲ ਕੁਮਾਰ ਜਾਖੜ ਜੋ ਸੂਬਾ ਪ੍ਰਧਾਨ ਵੀ ਨੇ ਉਹਨਾਂ ਵੱਲੋਂ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਸਕਦੀ ਹੈ, ਜਦਕਿ ਉਹ ਵੀ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਿਲ ਹੋਏ ਸਨ। ਉਹਨਾਂ ਕੋਲ ਵੀ ਸਿਆਸਤ ਦਾ ਪਿਛਲੇ ਲੰਬੇ ਸਮੇਂ ਦਾ ਤਜ਼ਰਬਾ ਹੈ ਕਿਉਂਕਿ ਸਿਆਸੀ ਪਰਿਵਾਰ ਹੋਣ ਕਰਕੇ ਲੰਬਾ ਸਮਾਂ ਅਲੱਗ ਅਲੱਗ ਅਹੁਦਿਆਂ 'ਤੇ ਕਾਂਗਰਸ ਪਾਰਟੀ ਵਿੱਚ ਉਹਨਾਂ ਵੱਲੋਂ ਕੰਮ ਕੀਤਾ ਗਿਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਭਾਜਪਾ ਦਾ ਜੇਕਰ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੋ ਜਾਂਦਾ ਹੈ ਤਾਂ ਦੋਵਾਂ ਵਿਚੋਂ ਇਹ ਸੀਟ ਕਿਸ ਦੀ ਝੋਲੀ ਜਾਂਦੀ ਹੈ ਤੇ ਉਹ ਹੀ ਆਪਣਾ ਉਮੀਦਵਾਰ ਉਤਾਰ ਸਕਦੀ ਹੈ।

ਸੱਤਾ ਧਿਰ ਲਈ ਚੋਣ ਕਰਨੀ ਮੁਸ਼ਕਿਲ:ਜੇ ਗੱਲ ਕਰੀਏ ਆਮ ਆਦਮੀ ਪਾਰਟੀ ਦੀ ਜੋ ਸੱਤਾ ਵਿੱਚ ਮੌਜੂਦ ਹੈ ਤਾਂ ਉਸ ਵੱਲੋਂ 13 ਦੀਆਂ 13 ਸੀਟਾਂ ਉੱਪਰ ਹੀ ਚੋਣ ਲੜਨ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਇਕ ਅਨਾਰ ਸੋ ਬਿਮਾਰ ਵਾਲੀ ਗੱਲ ਇਸ ਪਾਰਟੀ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਆਮ ਆਦਮੀ ਪਾਰਟੀ ਤੋਂ ਫੌਜੀ ਅੰਗਰੇਜ ਸਿੰਘ ਵੜਵਾਲ ਜਿਨਾਂ ਵੱਲੋਂ ਫਿਰੋਜ਼ਪੁਰ ਹਲਕੇ ਵਿੱਚ ਹੀ ਨਹੀਂ ਸਗੋਂ ਆਸ-ਪਾਸ ਦੇ ਇਲਾਕਿਆਂ 'ਚ ਵੀ ਪੂਰੀ ਮਿਹਨਤ ਕੀਤੀ ਜਾ ਰਹੀ ਹੈ ਤੇ ਇੱਕ ਨੰਬਰ ਤੇ ਇਹਨਾਂ ਦੀ ਦਾਅਵੇਦਾਰੀ ਨਜ਼ਰ ਆ ਰਹੀ ਹੈ। ਉਸ ਤੋਂ ਬਾਅਦ ਗੱਲ ਕਰੀਏ ਤਾਂ ਗੋਲਡੀ ਕੰਬੋਜ ਜੋ ਮੌਜੂਦਾ ਵਿਧਾਇਕ ਵੀ ਹਨ, ਉਹਨਾਂ ਵੱਲੋਂ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ੁਮਿੰਦਰ ਖਿੰਡਾ ਜੋ ਚੇਅਰਮੈਨ ਦੇ ਨਾਲ ਨਾਲ ਬੁਲਾਰੇ ਵੀ ਹਨ ਜੋ ਪਾਰਟੀ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਹਨ, ਉਹਨਾਂ ਵੱਲੋਂ ਵੀ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਸਕਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਆਪਣਾ ਵਿਸ਼ਵਾਸ ਕਿਸ ਵਿਅਕਤੀ ਉੱਪਰ ਜਿਤਉਂਦੀ ਹੈ ਤੇ ਉਸ ਨੂੰ ਟਿਕਟ ਦੇ ਕੇ ਨਵਾਜ਼ ਦੀ ਹੈ।

ABOUT THE AUTHOR

...view details