ਪੰਜਾਬ

punjab

ਕਿਸਾਨਾਂ ਦਾ ਐਲਾਨ ਕੀ ਭਾਜਪਾ 'ਤੇ ਪਵੇਗਾ ਭਾਰੀ ਜਾਂ ਪਿਛਲੀ ਵਾਰ ਦੀ ਤਰ੍ਹਾਂ ਕਿਸਾਨ ਹੋ ਜਾਣਗੇ ਦੋ-ਫਾੜ ? ਵੇਖੋ ਇਹ ਰਿਪੋਰਟ - Lok Sabha Election 2024

By ETV Bharat Punjabi Team

Published : Mar 21, 2024, 11:33 AM IST

Updated : Mar 21, 2024, 11:47 AM IST

Farmers Decision Of Anti BJP Awareness: ਕਿਸਾਨਾਂ ਦਾ ਐਲਾਨ, ਕੀ ਭਾਜਪਾ 'ਤੇ ਪਵੇਗਾ ਭਾਰੀ ? ਜਾਂ ਪਿਛਲੀ ਵਾਰ ਦੀ ਤਰ੍ਹਾਂ ਕਿਸਾਨ ਹੋ ਜਾਣਗੇ ਦੋਫਾੜ ? ਵੇਖੋ ਕਿਸਾਨਾਂ ਦੇ ਐਲਾਨ ਤੋਂ ਬਾਅਦ ਭਾਜਪਾ ਦਾ ਜਵਾਬ ਅਤੇ ਸਿਆਸੀ ਸਮੀਕਰਨਾਂ ਉੱਤੇ ਇਹ ਵਿਸ਼ੇਸ਼ ਰਿਪੋਰਟ।

Farmers Decision Of Anti BJP Awareness
Farmers Decision Of Anti BJP Awareness

ਕਿਸਾਨਾਂ ਦਾ ਐਲਾਨ ਕੀ ਭਾਜਪਾ 'ਤੇ ਪਵੇਗਾ ਭਾਰੀ- ਦੇਖੋ ਇਹ ਰਿਪੋਰਟ

ਲੁਧਿਆਣਾ :ਸੰਯੁਕਤ ਕਿਸਾਨ ਮੋਰਚੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਕਿ 2024 ਲੋਕ ਸਭਾ ਚੋਣਾਂ ਵਿੱਚ ਉਹ ਭਾਜਪਾ ਦਾ ਪੂਰੇ ਦੇਸ਼ ਵਿੱਚ ਡਟ ਕੇ ਵਿਰੋਧ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਦੀਆਂ ਨੀਤੀਆਂ ਦਾ ਖੁਲਾਸਾ ਉਹ ਦੇਸ਼ ਵਾਸੀਆਂ ਅੱਗੇ ਕਰਨਗੇ, ਤਾਂ ਕਿ ਲੋਕ ਵੋਟ ਪਾਉਣ ਤੋਂ ਪਹਿਲਾਂ ਜ਼ਰੂਰ ਸੋਚਣ।

ਹਾਲਾਂਕਿ, ਇਹ ਕੋਈ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ, ਕਿਸਾਨ ਅੰਦੋਲਨ ਤੋਂ ਬਾਅਦ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨ ਆਗੂਆਂ ਨੇ ਐਲਾਨ ਕੀਤਾ ਸੀ ਕਿ ਉਹ ਭਾਜਪਾ ਅਤੇ ਭਾਜਪਾ ਦੇ ਆਗੂਆਂ ਦਾ ਵਿਰੋਧ ਕਰਨਗੇ ਜਿਸ ਦੀਆਂ ਤਸਵੀਰਾਂ ਵੀ ਵਾਇਰਲ ਹੋਇਆ ਸਨ। ਪਿੰਡਾਂ ਵਿੱਚ ਭਾਜਪਾ ਦੇ ਆਗੂਆਂ ਦਾ ਘਿਰਾਓ ਸ਼ੁਰੂ ਹੋ ਗਿਆ ਸੀ, ਪਰ ਇਸ ਦਾ ਬਹੁਤਾ ਨਤੀਜਾ 2022 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੇਖਣ ਨੂੰ ਨਹੀਂ ਮਿਲਿਆ, ਸਗੋਂ ਕਿਸਾਨ ਦੋਫਾੜ ਹੋ ਗਏ। ਇਕ ਧੜੇ ਨੇ ਚੋਣਾਂ ਵਿੱਚ ਹਿੱਸਾ ਵੀ ਲਿਆ, ਜਿਨ੍ਹਾਂ ਨੂੰ ਬੁਰੀ ਤਰਾਂ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਸੀ। ਪਰ, ਹੁਣ ਮੁੜ ਤੋਂ ਕਿਸਾਨਾਂ ਨੇ ਭਾਜਪਾ ਦੇ ਵਿਰੋਧ ਦੀ ਗੱਲ ਆਖੀ ਹੈ।

ਕਿਸਾਨ ਆਗੂ

ਕਿਸਾਨਾਂ ਦਾ ਐਲਾਨ:ਸਯੁੰਕਤ ਕਿਸਾਨ ਮੋਰਚਾ ਜਥੇਬੰਦੀ ਦੀ ਬੀਤੇ ਦਿਨ ਬੈਠਕ ਤੋਂ ਬਾਅਦ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਾਡੇ ਅੱਜ ਦੇ ਏਜੰਡਿਆਂ ਚੋਂ ਭਾਜਪਾ ਦਾ 2024 ਲੋਕ ਸਭਾ ਚੋਣਾਂ ਦੇ ਦੌਰਾਨ ਵਿਰੋਧ ਕਰਨਾ ਵੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਨੂੰ ਕੇਂਦਰ ਦੀ ਸੱਤਾ ਉੱਤੇ ਕਾਬਜ਼ ਹੋਏ 10 ਸਾਲ ਦਾ ਸਮਾਂ ਹੋ ਚੁੱਕਾ ਹੈ, ਜਿਨ੍ਹਾਂ ਨੂੰ ਸੱਤਾ ਤੋਂ ਲਾਂਭੇ ਕਰਨਾ ਜ਼ਰੂਰੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਕਿਸੇ ਹੋਰ ਰਾਜਨੀਤਿਕ ਪਾਰਟੀ ਨਾਲ ਨਜਿੱਠ ਸਕਦੇ ਹਾਂ, ਪਰ ਭਾਜਪਾ ਦੇਸ਼ ਦੇ ਸੰਵਿਧਾਨ ਲਈ ਖ਼ਤਰਾ ਬਣ ਰਹੀ ਹੈ। ਇਸ ਨੂੰ ਕਾਬੂ ਪਾਉਣਾ ਜ਼ਰੂਰੀ ਹੈ ਜਿਸ ਕਰਕੇ ਉਨ੍ਹਾਂ ਨੇ ਪੰਜਾਬ ਦੇ ਨਾਲ ਹੋਰਨਾਂ ਸੂਬਿਆਂ ਵਿੱਚ ਵੀ ਜਿੱਥੇ ਲੋੜ ਹੋਵੇਗੀ, ਉੱਥੇ ਜਾ ਕੇ ਭਾਜਪਾ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਕਿਸਾਨ ਆਗੂ ਚੋਣ ਮੈਦਾਨ ਵਿੱਚ ਨਹੀਂ ਉਤਰ ਰਹੇ, ਕਿਉਂਕਿ 2022 ਵਿੱਚ ਕਿਸਾਨ ਆਗੂਆਂ ਨੂੰ ਸੂਬੇ ਦੀ ਜਨਤਾ ਨੇ ਬਹੁਤੇ ਵੋਟ ਨਹੀਂ ਦਿੱਤੇ ਸਨ, ਪਰ ਅਸਿੱਧੇ ਤੌਰ ਉੱਤੇ ਕਿਸਾਨਾਂ ਨੇ ਚੋਣਾਂ ਪ੍ਰਭਾਵਿਤ ਕਰਨ ਦਾ ਸੰਕਲਪ ਲਿਆ ਹੈ।

ਸਾਬਕਾ ਐਮਐਲਏ ਤੇ ਮਾਹਿਰ

ਕਿੰਨਾਂ ਹੋਵੇਗਾ ਅਸਰ: ਭਾਜਪਾ ਦੀਆਂ ਵਿਰੋਧੀ ਪਾਰਟੀਆਂ ਨੂੰ ਕਿਸਾਨਾਂ ਦੇ ਇਸ ਫੈਸਲੇ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ, ਇਹ ਤਾਂ 4 ਜੂਨ ਨੂੰ ਹੀ ਸਾਫ ਹੋਵੇਗਾ, ਪਰ ਉਸ ਤੋਂ ਪਹਿਲਾਂ ਸਿਆਸੀ ਮਾਹਿਰ ਅਤੇ ਸਾਬਕਾ ਐਮਐਲਏ ਰਹਿ ਚੁੱਕੇ ਤਰਸੇਮ ਜੋਧਾਂ ਨੇ ਕਿਹਾ ਕਿ ਐੱਸਕੇਐਮ (SKM) ਨੇ ਬਹੁਤ ਹੀ ਵਾਜਿਬ ਸਮੇਂ ਉੱਤੇ ਇਹ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਵਾਰ ਵੀ ਕਿਸਾਨ ਜਥੇਬੰਦੀਆਂ ਨੇ ਇਹ ਫੈਸਲਾ ਲਿਆ ਸੀ, ਪਰ ਬਾਅਦ ਵਿੱਚ ਉਹ ਆਪ ਹੀ ਦੋਫਾੜ ਹੋ ਗਏ। ਕੁਝ ਕਿਸਾਨ ਆਗੂਆਂ ਨੇ ਚੋਣਾਂ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਲਿਆ, ਪਰ ਇਸ ਵਾਰ ਜੇਕਰ ਕਿਸਾਨ ਜਥੇਬੰਦੀਆਂ ਇੱਕਜੁਟ ਹੋਕੇ ਭਾਜਪਾ ਦਾ ਵਿਰੋਧ ਕਰਨ ਵਿੱਚ ਕਾਮਯਾਬ ਹੁੰਦੀ ਹੈ, ਤਾਂ ਇਸ ਦਾ ਚੋਣ ਨਤੀਜਿਆਂ ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕਿਸਾਨ ਜਾਗਰੂਕ ਕਰਨ ਦਾ ਫੈਸਲਾ ਕਰ ਚੁੱਕੇ ਹਨ, ਉਹ ਕਿਸ ਤਰ੍ਹਾਂ ਅਤੇ ਕਿੱਥੇ ਕਿੱਥੇ ਜਾ ਕੇ ਭਾਜਪਾ ਦਾ ਵਿਰੋਧ ਕਰਦੇ ਨੇ ਅਤੇ ਉਸ ਦਾ ਕਿੰਨਾ ਅਸਰ ਵੋਟਰ ਉੱਤੇ ਹੁੰਦਾ ਹੈ, ਇਹ ਵੇਖਣਾ ਅਹਿਮ ਰਹੇਗਾ।

ਭਾਜਪਾ ਆਗੂ

ਭਾਜਪਾ ਦਾ ਜਵਾਬ: ਹਾਲਾਂਕਿ, ਭਾਜਪਾ ਨੇ ਇਸ ਨਾਲ ਕੋਈ ਫ਼ਰਕ ਨਾ ਪੈਣ ਦੀ ਗੱਲ ਆਖੀ ਹੈ। ਭਾਜਪਾ ਦੀ ਸੀਨੀਅਰ ਲੀਡਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਸਿਰਫ ਕਿਸਾਨ ਭਾਜਪਾ ਦਾ ਵਿਰੋਧ ਨਹੀਂ ਕਰ ਰਹੇ, ਪੰਜਾਬ ਦੇ ਮੁੱਖ ਮੰਤਰੀ ਦਾ ਵੀ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਕੋਠੀ ਦਾ ਕਿਸਾਨ ਹੀ ਨਹੀਂ ਸਗੋਂ ਕਦੇ ਅਧਿਆਪਕ, ਕਦੇ ਕੱਚੇ ਮੁਲਾਜ਼ਮ ਘਿਰਾਓ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾ ਨੂੰ ਜਾ ਕੇ ਕਿਉਂ ਨਹੀਂ ਪੁੱਛਿਆ ਜਾਂਦਾ ? ਉਨ੍ਹਾਂ ਕਿਹਾ ਕਿ ਅਸੀਂ ਖੁਦ ਵੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਯਤਨਸ਼ੀਲ ਹਨ, ਉਸ ਲਈ ਲਗਾਤਾਰ ਰਾਹ ਲਭੇ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਸਭ ਤੋਂ ਜਿਆਦਾ ਫੂਡ ਪਾਰਕ ਪੰਜਾਬ 'ਚ ਬਣਾਏ ਗਏ ਹਨ। ਅਸੀਂ ਪੈਕੇਟ ਫੂਡ ਵੱਲ ਜ਼ੋਰ ਦੇ ਰਹੇ ਹਾਂ ਅਤੇ ਨਾਲ ਹੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨਾਂ ਵੱਲੋਂ ਤਿਆਰ ਪ੍ਰੋਡਕਟ ਬਾਹਰ ਭੇਜਣ ਲਈ ਸਾਹਨੇਵਾਲ ਕੋਰੀਡੋਰ ਬਣਾਇਆ ਗਿਆ ਹੈ ਜਿਸ ਨਾਲ ਇੰਡਸਟਰੀ ਨੂੰ ਵੀ ਫਾਇਦਾ ਹੋਵੇਗਾ ਅਤੇ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਹਾਲਾਂਕਿ, ਭਾਜਪਾ ਨੇ ਸਾਫ ਕਿਹਾ ਕੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਪਰ ਸਿਆਸੀ ਮਾਹਿਰਾਂ ਦੀ ਮੰਨਿਆ, ਤਾਂ ਕਿਤੇ ਹੋਰ ਪ੍ਰਭਾਵ ਪਵੇ ਨਾ ਪਵੇ ਪੰਜਾਬ ਵਿੱਚ ਇਸ ਦਾ ਪ੍ਰਭਾਵ ਜ਼ਰੂਰ ਪਵੇਗਾ। ਬਹਿਰਹਾਲ 4 ਜੂਨ ਨੂੰ ਲੋਕ ਸਭਾ ਦੇ ਨਤੀਜੇ ਨੇ ਜਿਸ ਵਿੱਚ ਕਿਸਾਨਾਂ ਦਾ ਐਲਾਨ ਕਿੰਨਾ ਕਿ ਜਨਤਾ ਨੂੰ ਪ੍ਰਭਾਵਿਤ ਕਰ ਸਕਿਆ ਉਸ ਦਾ ਖੁਲਾਸਾ ਹੋ ਜਾਵੇਗਾ।

Last Updated : Mar 21, 2024, 11:47 AM IST

ABOUT THE AUTHOR

...view details