ਪੰਜਾਬ

punjab

ਜ਼ਮੀਨੀ ਵਿਵਾਦ ਨੂੰ ਲੈਕੇ ਘਰ 'ਤੇ ਹਮਲਾ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ ਤਾਂ ਜਾਂਚ 'ਚ ਜੁਟੀ ਪੁਲਿਸ

By ETV Bharat Punjabi Team

Published : Feb 21, 2024, 8:42 AM IST

ਲੁਧਿਆਣਾ ਦੇ ਪਿੰਡ ਮਾਣਕਵਾਲ 'ਚ ਜ਼ਮੀਨੀ ਵਿਵਾਦ ਨੂੰ ਲੈਕੇ ਕੁਝ ਲੋਕਾਂ ਵਲੋਂ ਇੱਕ ਵਿਅਕਤੀ ਦੇ ਘਰ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਮੀਨੀ ਵਿਵਾਦ ਨੂੰ ਲੈਕੇ ਘਰ 'ਤੇ ਹਮਲਾ
ਜ਼ਮੀਨੀ ਵਿਵਾਦ ਨੂੰ ਲੈਕੇ ਘਰ 'ਤੇ ਹਮਲਾ

ਪੀੜਤ ਵਿਅਕਤੀ ਹਮਲੇ ਸਬੰਧੀ ਜਾਣਕਾਰੀ ਦਿੰਦਾ ਹੋਇਆ

ਲੁਧਿਆਣਾ: ਸ਼ਹਿਰ ਦੇ ਗਿੱਲ ਹਲਕੇ ਦੇ ਵਿੱਚ ਆਉਂਦੇ ਪਿੰਡ ਮਾਣਕਵਾਲ ਦੇ ਵਿੱਚ ਬੀਤੀ ਦੇਰ ਰਾਤ ਡਾਕਟਰ ਜਸਪਾਲ ਸਿੰਘ ਦੇ ਘਰ 'ਤੇ ਕੁਝ ਲੋਕਾਂ ਵੱਲੋਂ ਤੇਜ਼ਧਾਰ ਹਥਿਆਰਾਂ ਤੇ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਲਈ ਇੱਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਲੋਕਾਂ ਵੱਲੋਂ ਉਹਨਾਂ ਦੇ ਘਰ 'ਤੇ ਹਮਲਾ ਕਰਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ ਜਸਪਾਲ ਸਿੰਘ ਨੇ ਕਿਹਾ ਹੈ ਕਿ ਉਹ ਪਹਿਲਾਂ ਵੀ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੇ ਹਨ। ਉਹਨਾਂ ਦਾ ਪੁਰਾਣਾ ਜ਼ਮੀਨੀ ਵਿਵਾਦ ਕੁਝ ਲੋਕਾਂ ਨਾਲ ਚੱਲ ਰਿਹਾ ਹੈ, ਜੋ ਉਸ ਨੂੰ ਡਰਾਉਣ ਧਮਕਾਉਣ ਦੇ ਲਈ ਇਹ ਸਭ ਕਰ ਰਹੇ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਤਿੰਨ ਫਾਇਰ ਵੀ ਹਮਲਾਵਰਾਂ ਵੱਲੋਂ ਕੀਤੇ ਗਏ, ਹਾਲਾਂਕਿ ਪੁਲਿਸ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਜ਼ਮੀਨੀ ਵਿਵਾਦ ਨੂੰ ਲੈਕੇ ਝਗੜਾ: ਜਸਪਾਲ ਸਿੰਘ ਨੇ ਦੱਸਿਆ ਕਿ ਉਸ ਦੀ ਕੋਠੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਅਤੇ ਇਸ ਸਬੰਧੀ ਹਾਈਕੋਰਟ ਦੇ ਵਿੱਚ ਕੇਸ ਵੀ ਚੱਲ ਰਿਹਾ ਹੈ, ਪਰ ਲਗਾਤਾਰ ਦੂਜੀ ਧਿਰ ਉਸ 'ਤੇ ਦਬਾਅ ਬਣਾਉਣ ਦੇ ਲਈ ਉਸ 'ਤੇ ਹਮਲੇ ਕਰਵਾ ਰਹੀ ਹੈ। ਇਸ ਸਬੰਧੀ ਉਹ ਪਹਿਲਾਂ ਵੀ ਪੁਲਿਸ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕਾ ਹੈ ਪਰ ਪੁਲਿਸ ਵੱਲੋਂ ਹਾਲੇ ਤੱਕ ਕੋਈ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ, ਜਿਸ ਕਰਕੇ ਉਹ ਮੁੜ ਤੋਂ ਹਮਲੇ ਕਰ ਰਹੇ ਹਨ। ਉਨ੍ਹਾਂ ਨੇ 4 ਤੋਂ 5 ਲੋਕਾਂ ਦਾ ਨਾਮ ਵੀ ਦੱਸਿਆ ਹੈ, ਜਿਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਅਤੇ ਉਹਨਾਂ 'ਤੇ ਲਗਾਤਾਰ ਹਮਲੇ ਹੋ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਨੂੰ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਪੀੜਤ ਨੇ ਕਿਹਾ ਕਿ ਸਬੰਧੀ ਉਹ ਸੀਨੀਅਰ ਅਧਿਕਾਰੀਆਂ ਨੂੰ ਵੀ ਦੱਸ ਚੁੱਕੇ ਹਨ ਪਰ ਕੋਈ ਵੀ ਕਾਰਵਾਈ ਅਮਲ ਦੇ ਵਿੱਚ ਨਹੀਂ ਲਿਆਂਦੀ ਗਈ ਹੈ, ਜਿਸ ਕਰਕੇ ਮੁਲਜ਼ਮ ਵਾਰ-ਵਾਰ ਉਹਨਾਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਜਾਂਚ 'ਚ ਜੁਟੀ ਪੁਲਿਸ:ਇਸ ਮੌਕੇ 'ਤੇ ਪਹੁੰਚੇ ਸਬ ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਬੀਤੀ ਦੇਰ ਰਾਤ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਅੱਜ ਸਵੇਰੇ ਉਹ ਖੁਦ ਜਾਂਚ ਕਰਨ ਲਈ ਆਏ ਹਨ। ਉਹਨਾਂ ਕਿਹਾ ਕਿ ਐੱਸ.ਐੱਚ.ਓ ਛੁੱਟੀ 'ਤੇ ਹਨ ਤੇ ਉਹਨਾਂ ਦੀ ਜਗ੍ਹਾ ਅੱਜ ਉਹਨਾਂ ਕੋਲ ਚਾਰਜ ਹੈ, ਇਸ ਕਰਕੇ ਉਹਨਾਂ ਨੇ ਮੌਕੇ ਦਾ ਜਾਇਜ਼ਾ ਲਿਆ ਹੈ। ਉਹਨਾਂ ਕਿਹਾ ਕਿ ਗੋਲੀ ਚੱਲਣ ਵਰਗੀ ਤਾਂ ਕੋਈ ਗੱਲ ਨਹੀਂ ਲੱਗ ਰਹੀ ਹੈ ਪਰ ਹਮਲਾ ਜ਼ਰੂਰ ਗੇਟ 'ਤੇ ਹੋਇਆ ਹੈ ਤੇ ਪੱਥਰਬਾਜ਼ੀ ਵੀ ਹੋਈ ਹੈ। ਉਹਨਾਂ ਕਿਹਾ ਕਿ ਇਹਨਾਂ ਦਾ ਕੋਈ ਪੁਰਾਣਾ ਜ਼ਮੀਨੀ ਵਿਵਾਦ ਚੱਲ ਰਿਹਾ ਹੈ। ਹਾਈਕੋਰਟ ਦੇ ਧਿਆਨ ਦੇ ਵਿੱਚ ਵੀ ਇਹ ਮਾਮਲਾ ਹੈ, ਉਹਨਾਂ ਕਿਹਾ ਕਿ ਬਾਕੀ ਅਸੀਂ ਉਹਨਾਂ ਦੀ ਸ਼ਿਕਾਇਤ 'ਤੇ ਅਗਲੀ ਕਾਰਵਾਈ ਕਰ ਰਹੇ ਹਾਂ।

ABOUT THE AUTHOR

...view details