ਅੰਮ੍ਰਿਤਸਰ 'ਚ ਮਨੀ ਟ੍ਰਾਂਸਫਰ ਦੀ ਦੁਕਾਨ ਤੋਂ ਲੁੱਟ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published: Nov 16, 2023, 8:18 PM
ਅੰਮ੍ਰਿਤਸਰ ਦੇ ਥਾਣਾ ਸੀ ਡਿਵੀਜ਼ਨ ਅਧੀਨ ਇਲਾਕੇ ਵਿੱਚ ਇੱਕ ਮਨੀ ਟ੍ਰਾਂਸਫਰ ਦੀ ਦੁਕਾਨ ਤੋਂ ਇਕ ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਪਹਿਲਾਂ ਹੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੋਇਆ ਸੀ ਅਤੇ ਹੁਣ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਇਸ ਵਾਰਦਾਤ ਦੇ ਮੁੱਖ ਸ਼ਾਜਿਸ਼ ਕਰਤਾ ਸੰਦੀਪ ਕੁਮਾਰ ਉਰਫ ਸੰਜੂ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧ ਜਾਣਕਾਰੀ ਦਿੰਦਿਆਂ ਏਸੀਪੀ ਖੁਸ਼ਬੀਰ ਕੌਰ ਨੇ ਦੱਸਿਆ ਕਿ ਪੁਲਿਸ ਨੇ ਮਨੀ ਟ੍ਰਾਂਸਫਰ ਦੀ ਦੁਕਾਨ ਤੋਂ ਹੋਈ ਲੁੱਟ ਮਾਮਲੇ ਵਿੱਚ ਮੁੱਖ ਮੁਲਜ਼ਮ ਸੰਦੀਪ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਦੇ ਕੋਲੋਂ 32 ਬੋਰ ਪਿਸਤੌਲ ਅਤੇ ਦੋ ਕਾਰਤੂਸ ਵੀ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਹੁਣ ਤੱਕ ਇਸ ਮਾਮਲੇ ਵਿੱਚ ਵਾਰਦਾਤ ਸਮੇਂ ਵਰਤੀ ਐਕਟਿਵਾ ਅਤੇ ਮੋਟਰਸਾਈਕਲ ਵੀ ਬਰਾਮਦ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਵਲੋਂ ਕੋਹ ਕੀਤੀ ਰਕਮ ਵਿਚੋਂ 10 ਹਜ਼ਾਰ ਵੀ ਬਰਾਮਦ ਕਰ ਲਏ ਹਨ।