ਸੰਤੋਖ ਸਿੰਘ ਸੁੱਖ ਦੀ ਸਿਕਓੁਰਟੀ ਵਾਪਿਸ ਲੈਣ 'ਤੇ ਗਰਜੇ ਸ਼ਿਵ ਸੈਨਿਕ
ਅੰਮ੍ਰਿਤਸਰ: ਸ਼ਿਵ ਸੈਨਾ ਬਾਲਾ ਸਾਬ ਠਾਕਰੇ ਵਲੋਂ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸੰਤੋਖ ਸਿੰਘ ਸੁੱਖ ਦੀ ਅਗਵਾਈ ਹੇਠ ਇੱਕ ਹੰਗਾਮੀ ਪ੍ਰੈਸ ਕਾਨਫਰੰਸ ਰੱਖੀ ਗਈ। ਜਿਸ ਵਿੱਚ ਪੰਜਾਬ ਯੂਥ ਦੇ ਪ੍ਰਧਾਨ ਸੰਜੀਵ ਭਾਸਕਰ ਆਪਣੀ ਟੀਮ ਸਮੇਤ ਉਚੇਚੇ ਤੌਰ ਤੇ ਸ਼ਾਮਿਲ ਹੋਏ। ਪੰਜਾਬ ਯੂਥ ਪ੍ਰਧਾਨ ਸੰਜੀਵ ਭਾਸਕਰ ਨੇ ਬੀਤੇ ਦਿਨੀਂ ਸੰਤੋਖ ਸਿੰਘ ਸੁੱਖ ਦੀ ਸਕਿਓਰਟੀ ਵਾਪਿਸ ਲੈਣ ਨੂੰ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਖਾਲਿਸਤਾਨ ਲਗਾਤਾਰ ਪੈਰ ਪਸਾਰ ਰਿਹਾ ਹੈ ਅਤੇ ਪੰਜਾਬ ਸਰਕਾਰ ਦਾ ਧਿਆਨ ਆਪਣੀ ਸਿਆਸੀ ਲੜਾਈ ਤਰਫ਼ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂ ਸੰਤੋਖ ਸਿੰਘ ਸੁੱਖ ਨੂੰ ਬੀਤੇ ਸਾਲ 2019 ਤੋਂ ਧਮਕੀਆਂ ਮਿਲ ਰਹੀਆਂ ਹਨ ਤੇ ਇਸ ਦੌਰਾਨ ਇੰਚਾਰਜ ਸੁੱਖ ਦੇ ਘਰ ਬਾਹਰ ਅਣਪਛਾਤੇ ਵਿਅਕਤੀ ਵਲੋਂ ਗੋਲੀਆਂ ਵੀ ਚਲਾਈਆਂ ਗਈਆਂ ਸਨ, ਜਿਸ ਤੋਂ ਬਾਅਦ ਸਰਕਾਰ ਵਲੋਂ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਗਈ ਸੀ, ਪਰ ਫਿਰ ਇੱਕ ਇੱਕ ਕਰਕੇ ਵਾਪਿਸ ਲੈ ਲਈ ਗਈ ਹੈ। ਇੰਚਾਰਜ ਸੰਤੋਖ ਸਿੰਘ ਸੁੱਖ ਨੇ ਸਕਿਓਰਟੀ ਮਾਮਲੇ ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੇ ਜਵਾਨਾਂ ਦੀ ਮੁਸਤੈਦੀ ਸਦਕਾ ਹੀ ਹਥਿਆਰਾਂ ਸਹਿਤ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਪੁਲਿਸ ਹਵਾਲੇ ਕੀਤਾ ਗਿਆ ਸੀ, ਪਰ ਉਨ੍ਹਾਂ ਵਿੱਚੋਂ ਪੁਲਿਸ ਨੇ ਇੱਕ ਮੁੱਖ ਵਿਅਕਤੀ ਨੂੰ ਛੱਡ ਦਿੱਤਾ ਸੀ ਅਤੇ ਉਕਤ ਮਾਮਲਾ ਚੋਰੀ ਨਾਲ ਜੋੜ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨਾਲ ਜੁੜੇ ਮੁੱਦੇ ਚੁੱਕਦੇ ਰਹੇ ਹਨ ਅਤੇ ਪਾਰਟੀ ਦੇ ਸਰਗਰਮ ਆਗੂ ਹਨ, ਜਿਸ ਲਈ ਕੁਝ ਲੋਕ ਉਨ੍ਹਾਂ ਦਾ ਵਿਰੋਧ ਕਰਦੇ ਹਨ।