ETV Bharat / sukhibhava

ਸਰਦੀਆਂ ਦੇ ਮੌਸਮ 'ਚ ਪੈਰਾਂ ਦੀਆਂ ਉਂਗਲੀਆਂ 'ਚ ਵਧ ਜਾਂਦੀ ਹੈ ਸੋਜ, ਤਾਂ ਰਾਹਤ ਪਾਉਣ ਲਈ ਵਰਤੋ ਇਹ 7 ਸਾਵਧਾਨੀਆਂ

author img

By ETV Bharat Health Team

Published : Dec 29, 2023, 5:01 PM IST

Swelling in toes
Swelling in toes

Winter Tips: ਸਰਦੀਆਂ ਦੇ ਮੌਸਮ 'ਚ ਕਈ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਮੌਸਮ 'ਚ ਸਿਰਫ਼ ਬਿਮਾਰੀਆਂ ਹੀ ਨਹੀਂ, ਸਗੋ ਇੰਨਫੈਕਸ਼ਨ ਵਰਗੀਆਂ ਸਮੱਸਿਆਵਾਂ ਦਾ ਖਤਰਾ ਵੀ ਵਧ ਜਾਂਦਾ ਹੈ। ਇਨ੍ਹਾਂ ਸਮੱਸਿਆਵਾਂ 'ਚ ਪੈਰਾਂ ਦੀਆਂ ਉਂਗਲਾਂ 'ਚ ਸੋਜ ਅਤੇ ਜਲਨ ਸ਼ਾਮਲ ਹੈ।

ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਪੈਰਾਂ ਦੀਆਂ ਉਂਗਲਾਂ 'ਚ ਸੋਜ ਦੀ ਸਮੱਸਿਆ ਕਈ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਹਾਲਾਂਕਿ, ਆਮ ਹਾਲਤਾਂ ਵਿੱਚ ਇਸ ਨੂੰ ਕੋਈ ਗੰਭੀਰ ਬਿਮਾਰੀ ਜਾਂ ਸਮੱਸਿਆ ਨਹੀਂ ਮੰਨਿਆ ਜਾਂਦਾ ਹੈ, ਪਰ ਪੈਰਾਂ ਦੀਆਂ ਉਂਗਲਾਂ ਵਿੱਚ ਸੋਜ, ਜਲਨ, ਦਰਦ ਜਾਂ ਕਈ ਵਾਰ ਜ਼ਖ਼ਮ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਹੁੰਦੀ ਹੈ। ਡਾਕਟਰ ਰਿਤੇਸ਼ ਚੌਧਰੀ ਦਾ ਕਹਿਣਾ ਹੈ ਕਿ ਦੇਸ਼ ਦੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਵਿੱਚ ਇਹ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ, ਜਿੱਥੇ ਬਹੁਤ ਜ਼ਿਆਦਾ ਠੰਢ ਹੁੰਦੀ ਹੈ।

ਪੈਰਾਂ 'ਚ ਸੋਜ ਦੀ ਸਮੱਸਿਆ ਹੋਣ ਦੇ ਕਾਰਨ: ਡਾਕਟਰ ਰਿਤੇਸ਼ ਚੌਧਰੀ ਦੱਸਦੇ ਹਨ ਕਿ ਕਈ ਵਾਰ ਕੁਝ ਸਰੀਰਕ ਸਮੱਸਿਆਵਾਂ ਜਾਂ ਬਿਮਾਰੀਆਂ ਵੀ ਪੈਰਾਂ ਦੀਆਂ ਉਂਗਲਾਂ ਵਿੱਚ ਸੋਜ, ਖੁਜਲੀ ਜਾਂ ਦਰਦ ਦਾ ਕਾਰਨ ਬਣ ਸਕਦੀਆਂ ਹਨ। ਪਰ ਸਰਦੀਆਂ ਦੇ ਮੌਸਮ 'ਚ ਇਸ ਸਮੱਸਿਆ ਦਾ ਕਾਰਨ ਬਹੁਤ ਜ਼ਿਆਦਾ ਠੰਡ ਹੋਣ ਕਾਰਨ ਨਾੜੀਆਂ ਦੇ ਸੁੰਗੜਨ ਨੂੰ ਮੰਨਿਆ ਜਾ ਸਕਦਾ ਹੈ। ਡਾਕਟਰ ਰਿਤੇਸ਼ ਚੌਧਰੀ ਦੱਸਦੇ ਹਨ ਕਿ ਕਈ ਵਾਰ ਸਰੀਰ ਵਿੱਚ ਵਿਟਾਮਿਨ ਬੀ 12, ਵਿਟਾਮਿਨ ਬੀ 6 ਅਤੇ ਵਿਟਾਮਿਨ ਬੀ 9 ਜਾਂ ਫੋਲਿਕ ਐਸਿਡ ਵਰਗੇ ਕੁਝ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਲੱਤਾਂ ਵਿੱਚ ਜਲਨ ਅਤੇ ਮਾਸਪੇਸ਼ੀਆਂ ਵਿੱਚ ਦਰਦ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸਦੇ ਨਾਲ ਹੀ ਡਾਇਬਟੀਜ਼, ਥਾਇਰਾਇਡ ਜਾਂ ਹਾਈਪੋਥਾਇਰਾਇਡਿਜ਼ਮ ਕਾਰਨ ਪੈਰਾਂ ਵਿੱਚ ਜਲਨ ਜਾਂ ਸੋਜ ਵਰਗੀਆਂ ਸਮੱਸਿਆਵਾਂ ਸ਼ੁਰੂ ਹੋ ਸਕਦੀਆਂ ਹਨ।

ਡਾਕਟਰ ਰਿਤੇਸ਼ ਚੌਧਰੀ ਦੱਸਦੇ ਹਨ ਕਿ ਇਹ ਸਮੱਸਿਆ ਆਮ ਤੌਰ 'ਤੇ ਸਰਦੀਆਂ ਵਿੱਚ ਸ਼ੁਰੂ ਹੁੰਦੀ ਹੈ। ਸਰਦੀਆਂ ਦੇ ਮੌਸਮ 'ਚ ਉਂਗਲਾਂ 'ਚ ਸੋਜ ਆ ਸਕਦੀ ਹੈ। ਜਦੋਂ ਇਹ ਸਮੱਸਿਆ ਜ਼ਿਆਦਾ ਵਧ ਜਾਂਦੀ ਹੈ, ਤਾਂ ਪੈਰਾਂ ਵਿੱਚ ਖੁਜਲੀ, ਦਰਦ ਅਤੇ ਉਂਗਲਾਂ ਦੇ ਲਾਲ ਹੋਣ ਵਰਗੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜੇਕਰ ਸਮੇਂ ਸਿਰ ਇਸ ਸਮੱਸਿਆ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ, ਤਾਂ ਸੋਜ, ਦਰਦ ਅਤੇ ਖੁਜਲੀ ਵਧ ਸਕਦੀ ਹੈ। ਇਸ ਸਥਿਤੀ ਵਿੱਚ ਉਂਗਲਾਂ ਦੀ ਚਮੜੀ ਦਾ ਰੰਗ ਲਾਲ ਹੋ ਜਾਂਦਾ ਹੈ, ਪਰ ਕਈ ਵਾਰ ਉਂਗਲਾਂ ਦਾ ਰੰਗ ਗੂੜਾ ਵੀ ਹੋ ਸਕਦਾ ਹੈ। ਕਈ ਵਾਰ ਜ਼ਿਆਦਾ ਖੁਜਲੀ, ਉਂਗਲਾਂ ਨੂੰ ਜ਼ਿਆਦਾ ਖੁਰਕਣ ਜਾਂ ਸੋਜ ਕਾਰਨ ਉਂਗਲਾਂ 'ਚ ਜ਼ਖਮ ਹੋ ਸਕਦੇ ਹਨ। ਇਹ ਸਮੱਸਿਆ ਸਰਦੀਆਂ ਦੀ ਐਲਰਜੀ ਜਾਂ ਲੰਬੇ ਸਮੇਂ ਤੱਕ ਲਗਾਤਾਰ ਉੱਨੀ ਜੁਰਾਬਾਂ ਪਹਿਨਣ ਅਤੇ ਪੈਰਾਂ ਦੀ ਚਮੜੀ 'ਤੇ ਉੱਨ ਦੀ ਐਲਰਜੀ ਦੇ ਪ੍ਰਭਾਵ ਕਾਰਨ ਵੀ ਹੋ ਸਕਦੀ ਹੈ।

ਪੈਰਾਂ ਦੀ ਸੋਜ ਤੋਂ ਰਾਹਤ ਪਾਉਣ ਲਈ ਸਾਵਧਾਨੀਆਂ: ਡਾਕਟਰ ਰਿਤੇਸ਼ ਚੌਧਰੀ ਦੱਸਦੇ ਹਨ ਕਿ ਕੁਝ ਗੱਲਾਂ ਦਾ ਧਿਆਨ ਰੱਖਣ ਨਾਲ ਇਸ ਸਮੱਸਿਆ ਤੋਂ ਕਾਫੀ ਰਾਹਤ ਮਿਲ ਸਕਦੀ ਹੈ। ਇਸ ਲਈ ਹੇਠਾਂ ਲਿਖਿਆ ਸਾਵਧਾਨੀਆਂ ਦੀ ਪਾਲਣਾ ਕਰੋ:-

  1. ਗਰਮ ਪਾਣੀ ਵਿੱਚ ਪੈਰ ਰੱਖ ਕੇ ਬੈਠਣ ਨਾਲ ਉਂਗਲਾਂ ਵਿੱਚ ਸੋਜ, ਦਰਦ ਅਤੇ ਖੁਜਲੀ ਤੋਂ ਰਾਹਤ ਮਿਲ ਸਕਦੀ ਹੈ।
  2. ਕੋਸੇ ਤੇਲ ਜਾਂ ਕਿਸੇ ਵੀ ਕਰੀਮ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ ਅਤੇ ਪੈਰਾਂ ਦੀ ਸੋਜ ਨੂੰ ਘੱਟ ਕਰਨ 'ਚ ਮਦਦ ਮਿਲਦੀ ਹੈ।
  3. ਬਿਨਾਂ ਜੁਰਾਬਾਂ ਦੇ ਕੁਝ ਦੇਰ ਚੰਗੀ ਧੁੱਪ ਵਿਚ ਬੈਠੋ, ਤਾਂਕਿ ਪੈਰਾਂ ਨੂੰ ਧੁੱਪ ਅਤੇ ਹਵਾ ਦੋਵੇਂ ਮਿਲ ਸਕਣ। ਇਸ ਨਾਲ ਪੈਰਾਂ ਨੂੰ ਕਾਫ਼ੀ ਆਰਾਮ ਮਿਲੇਗਾ।
  4. ਜਿਨ੍ਹਾਂ ਲੋਕਾਂ ਨੂੰ ਉੱਨ ਤੋਂ ਐਲਰਜੀ ਹੈ, ਉਨ੍ਹਾਂ ਨੂੰ ਉੱਨ ਦੀਆਂ ਜੁਰਾਬਾਂ ਨਹੀਂ ਪਾਉਣੀਆਂ ਚਾਹੀਦੀਆਂ।
  5. ਆਪਣੀ ਖੁਰਾਕ ਵਿੱਚ ਅਜਿਹੇ ਭੋਜਨ ਸ਼ਾਮਲ ਕਰੋ, ਜਿਸ ਵਿੱਚ ਵਿਟਾਮਿਨ ਅਤੇ ਫੋਲਿਕ ਐਸਿਡ ਸਮੇਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਮੌਜੂਦ ਹੋਣ।
  6. ਸਰਦੀਆਂ ਦੇ ਮੌਸਮ 'ਚ ਪਿਆਸ ਘਟ ਲੱਗਦੀ ਹੈ, ਫਿਰ ਵੀ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਦੀ ਲੋੜ ਹੁੰਦੀ ਹੈ। ਜੇਕਰ ਸਰੀਰ ਨੂੰ ਲੋੜੀਂਦੀ ਮਾਤਰਾ 'ਚ ਹਾਈਡ੍ਰੇਟ ਕੀਤਾ ਜਾਵੇ, ਤਾਂ ਨਾ ਸਿਰਫ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਅਤੇ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ, ਸਗੋਂ ਸਰੀਰ 'ਚ ਖੂਨ ਦਾ ਪ੍ਰਵਾਹ ਵੀ ਬਿਹਤਰ ਹੁੰਦਾ ਹੈ।
  7. ਡਾਕਟਰ ਰਿਤੇਸ਼ ਚੌਧਰੀ ਦਾ ਕਹਿਣਾ ਹੈ ਕਿ ਜੇਕਰ ਸਾਰੀਆਂ ਸਾਵਧਾਨੀਆਂ ਵਰਤਣ ਦੇ ਬਾਵਜੂਦ ਵੀ ਇਸ ਸਮੱਸਿਆ ਤੋਂ ਰਾਹਤ ਨਹੀਂ ਮਿਲ ਰਹੀ, ਤਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ। ਕਿਉਂਕਿ ਕਈ ਵਾਰ ਇਸ ਸਮੱਸਿਆ ਦੀ ਗੰਭੀਰਤਾ ਹੋਰ ਵੀ ਕਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਖਾਸ ਕਰਕੇ, ਉਂਗਲਾਂ 'ਤੇ ਜ਼ਖਮ ਹੋਣ 'ਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈ ਲਗਾਉਣੀ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਇਸ ਸਮੱਸਿਆ ਦਾ ਸਹੀ ਸਮੇਂ 'ਤੇ ਇਲਾਜ਼ ਨਹੀਂ ਕਰਵਾਉਦੇ, ਤਾਂ ਇਸ ਕਾਰਨ ਜੁੱਤੀਆਂ ਅਤੇ ਜੁਰਾਬਾਂ ਪਹਿਨਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.