ETV Bharat / state

ਸਤਲੁਜ ਦਰਿਆ ਦੇ ਪਾਣੀ ਨਾਲ ਡੁੱਬੀ ਫ਼ਸਲ ਦੇਖ ਕਿਸਾਨ ਦੀ ਖੇਤ ਵਿੱਚ ਹੋਈ ਮੌਤ, ਪਰਿਵਾਰ ਦਾ ਰੋ ਰੋ ਬੁਰਾ ਹਾਲ

author img

By

Published : Aug 9, 2023, 9:26 AM IST

ਸਤਲੁਜ ਦਰਿਆ ਦੇ ਪਾਣੀ ਦੀ ਮਾਰ
ਸਤਲੁਜ ਦਰਿਆ ਦੇ ਪਾਣੀ ਦੀ ਮਾਰ

ਤਰਨ ਤਾਰਨ ਦੇ ਪਿੰਡ ਭਉਵਾਲਾ ਬਲੜਕੇ 'ਚ ਸਤਲੁਜ ਦਰਿਆ ਦੇ ਪਾਣੀ 'ਚ ਡੁੱਬੀ ਫ਼ਸਲ ਦੇਖ ਕਿਸਾਨ ਨੂੰ ਖੇਤ 'ਚ ਹੀ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

ਪਾਣੀ ਨਾਲ ਡੁੱਬੀ ਫ਼ਸਲ ਦੇਖ ਕਿਸਾਨ ਦੀ ਖੇਤ ਵਿੱਚ ਹੋਈ ਮੌਤ

ਤਰਨ ਤਾਰਨ: ਹੜ੍ਹ ਵਰਗੀ ਕੁਦਰਤੀ ਆਫ਼ਤ ਕਈ ਲੋਕਾਂ ਲਈ ਆਫ਼ਤ ਬਣ ਕੇ ਆਈ ਹੈ। ਇਸ ਦੌਰਾਨ ਕਿਸੇ ਦਾ ਘਰ ਢਹਿਆ ਤਾਂ ਕਿਸੇ ਦੀ ਜ਼ਮੀਨ ਦਾ ਨੁਕਸਾਨ ਹੋਇਆ। ਹੜ੍ਹ ਦੇ ਪਾਣੀ ਨਾਲ ਕਿਸਾਨਾਂ ਦੀ ਫਸਲਾਂ ਦਾ ਵੀ ਪੂਰਾ ਨੁਕਸਾਨ ਹੋ ਗਿਆ। ਮਾਮਲਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਅਧੀਨ ਪੈਂਦੇ ਪਿੰਡ ਭਉਵਾਲਾ ਬਲੜਕੇ ਦਾ ਹੈ, ਜਿਥੇ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਪੈਣ ਕਾਰਨ ਪਾਣੀ ਵਿੱਚ ਡੁੱਬੇ ਖੇਤ ਵੇਖ ਕੇ ਕਰਜੇ ਦੇ ਬੋਝ ਹੇਠ ਦੱਬੇ ਕਿਸਾਨ ਦੀ ਖੇਤ 'ਚ ਹੀ ਡਿਪਰੈਸ਼ਨ ਕਾਰਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਪਾਣੀ ਦੀ ਪਈ ਮਾਰ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਕਿਸਾਨ ਮੋਹਨ ਸਿੰਘ ਦੀ ਪਤਨੀ ਅਮਰਜੀਤ ਕੌਰ ਨੇ ਦੱਸਿਆ ਕਿ ਬੀਤੇ ਕੁੱਝ ਦਿਨਾਂ ਤੋਂ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਇੱਕ ਉਨ੍ਹਾਂ ਦਾ ਘਰ ਵੀ ਸੀ ਅਤੇ ਪੰਜ ਕਿਲ੍ਹੇ ਦੇ ਕਰੀਬ ਉਨ੍ਹਾਂ ਕੋਲ ਜਮੀਨ ਹੈ। ਜਿਸ ਵਿੱਚ ਝੋਨੇ ਦੀ ਫਸਲ ਬੀਜੀ ਹੋਈ ਸੀ ਤੇ ਉਸ ਵਿੱਚ ਦਰਿਆ ਦਾ ਸਾਰਾ ਪਾਣੀ ਭਰ ਗਿਆ ਅਤੇ ਕਈ ਦਿਨਾਂ ਤੋਂ ਇਹ ਇਸੇ ਤਰ੍ਹਾਂ ਹੀ ਡੁੱਬੀ ਹੋਈ ਹੈ।

ਖੇਤਾਂ ਦੇ ਨਾਲ ਘਰ ਵੀ ਡੁੱਬਿਆ: ਉਨ੍ਹਾਂ ਦੱਸਿਆ ਕਿ ਘਰ ਵੀ ਪਾਣੀ ਵਿੱਚ ਡੁੱਬਾ ਹੋਇਆ ਸੀ,ਪਰ ਕੁੱਝ ਪਾਣੀ ਹੇਠਾਂ ਜਾਣ ਕਾਰਨ ਉਹ ਕੱਲ੍ਹ ਹੀ ਆਪਣੇ ਘਰ ਆਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਦੇ ਉਹ ਘਰ ਆਏ ਸੀ ਤਾਂ ਉਸ ਦਾ ਪਤੀ ਮੋਹਣ ਸਿੰਘ ਡਿਪ੍ਰੈਸ਼ਨ ਦੇ ਵਿੱਚ ਸੀ ਅਤੇ ਇੱਕ ਹੀ ਗੱਲ ਕਰੀ ਜਾ ਰਿਹਾ ਸੀ ਕਿ ਉਸ ਉੱਪਰ ਜੋ ਸੱਤ ਲੱਖ ਰੁਪਏ ਦਾ ਕਰਜਾ ਹੈ ਉਹ ਕਿਸ ਤਰੀਕੇ ਨਾਲ ਉਤਾਰੇਗਾ, ਉਹ ਤਾਂ ਬਰਬਾਦ ਹੋ ਗਿਆ ਹੈ। ਜਿਸ ਕਰਕੇ ਉਹ ਕੱਲ੍ਹ ਦਾ ਹੀ ਬੜੇ ਤਣਾਅ ਵਿੱਚ ਤੁਰਿਆ ਫਿਰਦਾ ਸੀ। ਮ੍ਰਿਤਕ ਕਿਸਾਨ ਮੋਹਨ ਸਿੰਘ ਦੇ ਪੁੱਤ ਜੋਗਾ ਸਿੰਘ ਨੇ ਦੱਸਿਆ ਕਿ ਅੱਜ ਜਦ ਉਸ ਦਾ ਪਿਓ ਖੇਤਾਂ ਵਿੱਚ ਗੇੜਾ ਮਾਰਨ ਗਿਆ ਤਾਂ ਉਥੇ ਹੀ ਹਾਲਾਤ ਦੇਖ ਡਿਪ੍ਰੈਸ਼ਨ ਵਿੱਚ ਡਿੱਗ ਪਿਆ, ਜਿੱਥੇ ਉਸ ਦੀ ਮੌਤ ਹੋ ਗਈ।

ਟੈਨਸ਼ਨ ਗਈ ਕਿਸਾਨ ਦੀ ਜਾਨ: ਇਸ ਮੌਕੇ ਰਿਸ਼ਤੇਦਾਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਇੱਕ ਮਿਹਨਤੀ ਇਨਸਾਨ ਸੀ ਅਤੇ ਜਮੀਨ ਵੀ ਉਨ੍ਹਾਂ ਕੋਲ ਥੋੜ੍ਹੀ ਹੈ। ਉਹ ਆਪਣਾ ਗੁਜ਼ਾਰਾ ਦੁਧਾਰੂ ਪਸ਼ੂਆਂ ਦੇ ਸਿਰ' ਤੇ ਹੀ ਕਰ ਰਹੇ ਸਨ ਪਰ ਇਸ ਦਰਿਆ ਦੇ ਪਾਣੀ ਨੇ ਉਨ੍ਹਾਂ ਦਾ ਸਾਰਾ ਕੁੱਝ ਹੀ ਬਰਬਾਦ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਦਰਿਆ ਦੇ ਪਾਣੀ ਕਾਰਨ ਜਿੱਥੇ ਉਹਨਾਂ ਦੀ ਸਾਰੀ ਫਸਲ ਖਰਾਬ ਹੋ ਗਈ, ਉੱਥੇ ਹੀ ਜੋ ਮੋਹਨ ਸਿੰਘ ਕੋਲ ਦੋ ਪਸ਼ੂ ਸਨ ਉਹ ਵੀ ਰਿਸ਼ਤੇਦਾਰਾਂ ਕੋਲ ਛੱਡ ਆਏ ਜਿਸ ਕਾਰਨ ਘਰ ਦਾ ਗੁਜ਼ਾਰਾ ਚੱਲਣਾ ਬੰਦ ਹੋ ਗਿਆ ਸੀ।

ਪਰਿਵਾਰ ਦੀ ਮਦਦ ਕਰੇ ਸਰਕਾਰ: ਉਨ੍ਹਾਂ ਦੱਸਿਆ ਕਿ ਕਰਜੇ ਦਾ ਬੋਝ ਮੋਹਨ ਸਿੰਘ ਨੂੰ ਸਤਾ ਰਹੀ ਸੀ, ਜਿਸ ਕਰਕੇ ਮੋਹਨ ਸਿੰਘ ਲਗਾਤਾਰ ਡਿਪ੍ਰੈਸ਼ਨ ਵਿੱਚ ਰਹਿੰਦਾ ਸੀ ਅਤੇ ਜਦ ਉਹ ਆਪਣੇ ਖੇਤਾਂ ਵਿੱਚ ਗੇੜਾ ਮਾਰਨ ਗਿਆ ਤਾਂ ਉਸਨੇ ਖੇਤਾਂ ਵਿੱਚ ਡੁੱਬੀ ਆਪਣੀ ਫਸਲ ਦੇਖੀ ਤਾਂ ਮੋਹਣ ਸਿੰਘ ਉਥੇ ਹੀ ਡਿੱਗ ਪਿਆ ਅਤੇ ਉਸ ਦੀ ਮੌਤ ਹੋ ਗਈ। ਜਿਸ ਦੇ ਚੱਲਦੇ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੋਹਨ ਸਿੰਘ ਦੇ ਪਰਿਵਾਰ ਨੂੰ ਬਣਦਾ ਮੁਆਵਜਾ ਦਿੱਤਾ ਜਾਵੇ ਅਤੇ ਜੋ ਕਰਜ਼ਾ ਹੈ ਉਹ ਮੁਆਫ਼ ਕੀਤਾ ਜਾਵੇ। ਉਧਰ ਮੌਕੇ 'ਤੇ ਪਹੁੰਚੇ ਪੁਲਿਸ ਚੌਕੀ ਤੂਤ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੋਹਨ ਸਿੰਘ ਦੀ ਡਿਪ੍ਰੈਸ਼ਨ ਕਾਰਨ ਮੌਤ ਹੋਈ ਹੈ ਅਤੇ ਪਰਿਵਾਰ ਦੇ ਬਿਆਨ 'ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.