ETV Bharat / state

93 ਸਾਲਾ ਸੁਰਜੀਤ ਕੌਰ ਨੇ ਐਥਲੀਟ 'ਚ ਜਿੱਤੇ ਕਈ ਮੈਡਲ, ਮੈਦਾਨ 'ਚ ਉਤਰਦੇ ਹੀ ਸ਼ੁਰੂ ਹੋ ਜਾਂਦੀ ਹੈ ਤਾੜੀਆਂ ਦੀ ਗੂੰਝ

author img

By

Published : Apr 12, 2023, 12:37 PM IST

ਜਿੱਥੇ ਅੱਜ ਕੱਲ੍ਹ ਕਰੀਬ 45-50 ਸਾਲ ਤੋਂ ਹੀ ਨੌਜਵਾਨ ਸਰੀਰ ਵੱਲੋਂ ਢੇਰੀ ਢਾਹ ਲੈਂਦੇ ਹਨ, ਉੱਥੇ ਹੀ ਸੰਗਰੂਰ ਦੀ 93 ਸਾਲਾ ਸੁਰਜੀਤ ਕੌਰ ਇਨ੍ਹਾਂ ਨੌਜਵਾਨਾਂ ਲਈ ਮਿਸਾਲ ਕਾਇਮ ਕਰ ਰਹੀ ਹੈ। ਸੁਰਜੀਤ ਕੌਰ ਇੰਨੀ ਉਮਰ ਹੋਣ ਦੇ ਬਾਵਜੂਦ ਤੰਦਰੁਸਤ ਹੈ ਅਤੇ ਵੱਡੀ ਗੱਲ ਹੈ ਕਿ ਉਹ ਖੇਡਾਂ ਵਿੱਚ ਹਿੱਸਾ ਲੈ ਕੇ ਮੈਡਲ ਜਿੱਤ ਰਹੀ ਹੈ।

Surjit Kaur Won Medals, National Level Athlete
93 ਸਾਲਾ ਸੁਰਜੀਤ ਕੌਰ ਨੇ ਐਥਲੀਟ 'ਚ ਜਿੱਤੇ ਕਈ ਮੈਡਲ, ਮੈਦਾਨ 'ਚ ਉਤਰਦੇ ਹੀ ਸ਼ੁਰੂ ਹੋ ਜਾਂਦੀ ਤਾੜੀਆਂ ਦੀ ਗੂੰਝ

93 ਸਾਲਾ ਸੁਰਜੀਤ ਕੌਰ ਨੇ ਐਥਲੀਟ 'ਚ ਜਿੱਤੇ ਕਈ ਮੈਡਲ, ਮੈਦਾਨ 'ਚ ਉਤਰਦੇ ਹੀ ਸ਼ੁਰੂ ਹੋ ਜਾਂਦੀ ਤਾੜੀਆਂ ਦੀ ਗੂੰਝ

ਸੰਗਰੂਰ: ਜੇਕਰ ਇਨਸਾਨ ਅੰਦਰ ਕੁਝ ਵੀ ਕਰਨ ਦਾ ਜਜ਼ਬਾ ਹੋਵੇ, ਤਾਂ ਉਮਰ ਉਸ ਲਈ ਮਹਿਜ਼ ਅੰਕੜਾ ਬਣ ਕੇ ਰਹਿ ਜਾਂਦਾ ਹੈ। ਅਜਿਹਾ ਹੀ ਕੁੱਝ ਸਾਬਿਤ ਕੀਤਾ ਹੈ, ਸੰਗਰੂਰ ਦੀ ਰਹਿਣ ਵਾਲੀ ਸੁਰਜੀਤ ਕੌਰ ਨੇ ਜਿਸ ਦੀ ਉਮਰ 93 ਸਾਲ ਹੈ। ਸੁਰਜੀਤ ਕੌਰ ਨੇ ਤਕਰੀਬਨ 6 ਮਹੀਨੇ ਪਹਿਲਾਂ ਆਪਣੀ ਜ਼ਿੰਦਗੀ ਵਿੱਚ ਐਥਲੀਟ ਨੂੰ ਥਾਂ ਦਿੱਤੀ ਹੈ ਅਤੇ ਇੰਨੇ ਘੱਟ ਸਮੇਂ ਵਿੱਚ ਉਨ੍ਹਾਂ ਨੇ ਕਈ ਮੈਡਲ ਵੀ ਜਿੱਤ ਲਏ ਹਨ।

93 ਸਾਲ ਦੀ ਉਮਰ 'ਚ ਖੇਡ ਦੇ ਮੈਦਾਨ 'ਚ ਮਾਰੀਆਂ ਮੱਲਾਂ: ਜਦੋਂ, ਈਟੀਵੀ ਭਾਰਤ ਦੀ ਟੀਮ ਸੁਰਜੀਤ ਕੌਰ ਦੇ ਘਰ ਪਹੁੰਚੀ, ਤਾਂ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਬਹੁਤ ਹੀ ਜ਼ਿਆਦਾ ਖੁਸ਼ ਹੈ। ਸੁਰਜੀਤ ਕੌਰ ਐਥਲੀਟ ਦੀ ਖਿਡਾਰਨ ਹੈ ਜਿਸ ਨੇ ਕੁਝ ਮਹੀਨਿਆਂ ਵਿੱਚ ਹੀ ਚਾਰ ਨੈਸ਼ਨਲ ਮੈਡਲ ਜਿੱਤ ਲਏ ਹਨ। ਜਿਸ ਉਮਰ ਵਿੱਚ ਬਜ਼ੁਰਗ ਆਪਣੇ ਪੋਤੇ ਪੋਤੀਆਂ ਜਾਂ ਫਿਰ ਦੋਹਤੇ-ਦੋਹਤੀਆਂ ਨੂੰ ਖਿਡਾਉਂਦੇ-ਪਾਲ੍ਹਦੇ ਹਨ, ਉਸ ਉਮਰ ਵਿਚ ਸੁਰਜੀਤ ਕੌਰ ਖੇਡਾਂ ਵਿੱਚ ਧੁੰਮਾਂ ਮਚਾ ਰਹੀ ਹੈ। ਹਰ ਕੋਈ ਸੁਰਜੀਤ ਕੌਰ ਨੂੰ ਦੇਖ ਕੇ ਹੈਰਾਨ ਹੋ ਜਾਂਦਾ ਹੈ, ਕਿਉਂਕਿ ਇੰਨੀ ਵੱਡੀ ਉਮਰ ਵਿੱਚ ਮੈਡਲ ਹਾਸਲ ਕਰਨਾ ਆਸਾਨ ਨਹੀਂ ਹੈ।

ਸੁਰਜੀਤ ਕੌਰ ਦੇ ਗੋਡਿਆਂ 'ਚ ਪਏ ਹੋਏ ਸਕ੍ਰਿਊ: ਸੁਰਜੀਤ ਕੌਰ ਨੇ ਆਪਣੀ ਨਾਲ ਵਾਪਰੀ ਇਕ ਘਟਨਾ ਸਾਂਝੀ ਕਰਦੇ ਹੋਏ ਦੱਸਿਆ ਕਿ ਪੰਜ ਕੁ ਸਾਲ ਪਹਿਲਾਂ, ਉਹ ਆਪਣੇ ਇਕ ਪੁੱਤਰ ਕੋਲ ਰਹਿਣ ਗਈ ਹੋਈ ਸੀ, ਜਿੱਥੇ ਉਹ ਫ਼ਰਸ਼ ਉੱਤੇ ਪਏ ਸਰਫ਼ ਵਾਲੇ ਪਾਣੀ ਕਾਰਨ ਫਿਸਲ ਕੇ ਡਿੱਗ ਗਈ ਸੀ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੇ ਗੋਡਿਆ ਵਿੱਚ ਸਕ੍ਰਿਊ ਪਏ। ਪਰ, ਇਸ ਦੇ ਬਾਵਜੂਦ ਸੁਰਜੀਤ ਨੇ ਹਾਰ ਨਹੀਂ ਮੰਨੀ, ਉਹ ਮੰਜੇ ਨਾਲ ਨਹੀਂ ਲੱਗੀ, ਸਗੋਂ ਸਵੇਰੇ ਸਵੇਰੇ ਗ੍ਰਾਊਂਡ ਦੇ ਚੱਕਰ ਲਾ ਕੇ ਅਪਣੇ ਆਪ ਨੂੰ ਹੋਰ ਤੰਦਰੁਸਤ ਬਣਾਇਆ।

ਛੇ ਮਹੀਨੇ ਪਹਿਲਾਂ ਸ਼ੁਰੂ ਕੀਤੀ ਖੇਡ: ਸੁਰਜੀਤ ਕੌਰ ਨੇ ਦੱਸਿਆ ਕਿ ਛੇ ਕੁ ਮਹੀਨਾ ਪਹਿਲਾਂ ਤੋਂ ਹੀ ਉਸ ਨੇ ਗ੍ਰਾਊਂਡ ਜਾਣਾ ਸ਼ੁਰੂ ਕੀਤਾ। ਉਹ ਅਪਣੀ ਧੀ ਨਾਲ ਰੋਜ਼ਾਨਾ ਗ੍ਰਾਊਂਡ ਜਾਂਦੀ ਹੈ। ਫਿਰ ਖੇਡਣ ਦੀ ਇੱਛਾ ਜਤਾਈ, ਤਾਂ ਪਹਿਲਾਂ ਬੱਚਿਆਂ ਨੇ ਫਿਕਰ ਕਰਦੇ ਹੋਏ ਮਨਾ ਕੀਤਾ, ਪਰ ਸੁਰਜੀਤ ਦੇ ਜਜ਼ਬੇ ਨੂੰ ਦੇਖਦੇ ਹੋਏ ਬੱਚਿਆਂ ਦਾ ਉਸ ਨੂੰ ਸਾਥ ਮਿਲਿਆ। ਸੁਰਜੀਤ ਨੇ ਦੱਸਿਆਂ ਕਿ ਜਦੋਂ ਉਸ ਨੇ ਵੱਖ-ਵੱਖ ਸੂਬਿਆਂ ਵਿੱਚ ਜਾ ਕੇ ਖੇਡ ਮੁਕਾਬਲਿਆਂ ਵਿੱਚ ਮੈਡਲ ਹਾਸਿਲ ਕੀਤੇ ਤਾਂ ਉਸ ਦੇ ਧੀਆਂ-ਪੁੱਤਰ ਬਹੁਤ ਖੁਸ਼ ਹੋਏ। ਉਨ੍ਹਾਂ ਨੇ ਕਿਹਾ ਕਿ ਜਦੋਂ ਉਹ ਮੈਦਾਨ ਵਿੱਚ ਉਤਰਦੀ ਹੈ, ਤਾਂ ਉਸ ਨੂੰ ਖੁਦ ਵੀ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੁੰਦਾ ਹੈ।

ਸੁਰਜੀਤ ਕੌਰ ਦੀ ਧੀ ਵੀ ਖੁਸ਼: ਸੁਰਜੀਤ ਕੌਰ ਦੀ ਧੀ ਪਵਿੱਤਰ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਬਹੁਤ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ। ਕਿਸੇ ਤਰ੍ਹਾਂ ਸਾਨੂੰ ਭਰਾਵਾਂ-ਭੈਣਾਂ ਨੂੰ ਪੜਾ ਕੇ ਪੈਰਾਂ ਉੱਤੇ ਖੜੇ ਕੀਤਾ। ਅੱਜ ਅਸੀ ਸਾਕੇ ਚੰਗੀ ਨੌਕਰੀ ਕਰ ਰਹੇ ਹਾਂ। ਉੱਥੇ ਹੀ, ਮਾਂ ਸੁਰਜੀਤ ਕੌਰ ਦੀ ਇੱਛਾ ਜਾਗੀ ਕਿ ਉਹ ਖੇਡਣਗੇ, ਤਾਂ ਮੈਂ ਉਨ੍ਹਾਂ ਦਾ ਪੂਰਾ ਸਾਥ ਦੇ ਰਹੀ ਹਾਂ। ਉਨ੍ਹਾਂ ਕਿਹਾ ਕਿ ਉਹ ਦੋਵੇਂ ਇੱਕਠੇ ਹੀ ਗ੍ਰਾਊਂਡ ਵਿੱਚ ਜਾਂਦੇ ਹਨ। ਉਹ ਮਾਂ ਦੀ ਖੁਰਾਕ ਦਾ ਵੀ ਖਾਸ ਧਿਆਨ ਰੱਖਦੇ ਹਨ। ਜਦੋਂ ਮਾਂ ਨੇ ਮੈਡਲ ਜਿੱਤੇ ਤਾਂ ਉਨ੍ਹਾਂ ਨੂੰ ਬੇਹਦ ਖੁਸ਼ੀ ਮਹਿਸੂਸ ਹੋਈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਠਿੰਡਾ ਮਿਲਟਰੀ ਸਟੇਸ਼ਨ ਦੇ ਅੰਦਰ ਗੋਲੀਬਾਰੀ 'ਚ ਚਾਰ ਜਵਾਨਾਂ ਦੀ ਮੌਤ, ਭਾਰਤੀ ਫੌਜ ਦਾ ਬਿਆਨ ਆਇਆ ਸਾਹਮਣੇ

ETV Bharat Logo

Copyright © 2024 Ushodaya Enterprises Pvt. Ltd., All Rights Reserved.