ETV Bharat / state

Punjab flood updates: ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ, ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ

author img

By ETV Bharat Punjabi Team

Published : Aug 25, 2023, 12:34 PM IST

In Nangal of Ropar, SDM visited the flood affected area with rescue teams
ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ,ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ

Punjab flood updates: ਭਾਰੀ ਬਰਸਾਤ ਮਗਰੋਂ ਜਦੋਂ ਭਾਖੜਾ ਡੈਮ ਦੇ ਫਲੱਡ ਗੇਟ ਪਾਣੀ ਦਾ ਪੱਧਰ ਵਧਣ ਕਾਰਣ ਖੋਲ੍ਹੇ ਗਏ ਤਾਂ ਨੰਗਲ ਦੇ ਕਈ ਇਲਾਕਿਆਂ ਵਿੱਚ ਪਾਣੀ ਨੇ ਤਬਾਹੀ ਮਚਾਈ। ਹੁਣ ਸਥਾਨਕ ਐੱਸਡੀਐੱਮ ਅਮਨਜੋਤ ਕੌਰ ਐੱਨਡੀਆਰਐੱਫ ਦੀਆਂ ਟੀਮਾਂ ਦੇ ਨਾਲ ਪ੍ਰਭਾਵਿਤ ਇਲਾਕਿਆਂ ਦਾ ਹਾਲ ਜਾਣ ਰਹੇ ਹਨ।

ਪ੍ਰਭਾਵਿਤ ਇਲਾਕੇ ਦਾ ਦੌਰਾ

ਨੰਗਲ,ਰੋਪੜ: ਰੋਪੜ ਦੀ ਸਬ ਡਵੀਜ਼ਨ ਨੰਗਲ ਵਿੱਚ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਜਾਣ ਤੋਂ ਬਾਅਦ ਹੜ੍ਹ ਵਰਗੇ ਹਾਲਾਤ ਕਈ ਹੇਠਲੇ ਇਲਾਕਿਆਂ ਵਿੱਚ ਬਣੇ ਹੋਏ ਨੇ। ਹਰਸਾਬੇਲਾ ਅਤੇ ਹੋਰ ਨਜ਼ਦੀਕੀ ਪਿੰਡਾਂ ਦੇ ਲੋਕਾਂ ਦੀਆਂ ਫਸਲਾਂ ਅਤੇ ਘਰਾਂ ਨੂੰ ਪਾਣੀ ਨੇ ਬਰਬਾਦ ਕਰ ਦਿੱਤਾ ਹੈ। ਹੜ੍ਹ ਪੀੜਤਾਂ ਦਾ ਹਾਲ ਜਾਣਨ ਲਈ ਸਥਾਨਕ ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਦੀ ਟੀਮ ਨੂੰ ਨਾਲ ਲੈਕੇ ਹੜ੍ਹ ਪੀੜਤਾਂ ਦਾ ਹਾਲ ਜਾਣਿਆ।

ਗਰਾਊਂਡ ਜ਼ੀਰੋ ਉੱਤੇ ਮੌਜੂਦ ਅਧਿਕਾਰੀ: ਦੱਸ ਦਈਏ ਸਾਰੇ ਮੰਤਰੀਆਂ,ਵਿਧਾਇਕਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖ਼ਤ ਨਿਰਦੇਸ਼ ਦਿੱਤੇ ਨੇ ਕਿ ਉਹ ਲੋਕਾਂ ਵਿੱਚ ਰਹਿ ਕੇ ਉਨ੍ਹਾਂ ਦਾ ਹਾਲ ਜਾਨਣ ਅਤੇ ਮਦਦ ਕਰਨ। ਇਸ ਲਈ ਨੰਗਲ ਵਿੱਚ ਬਤੌਰ ਐੱਸਡੀਐੱਮ ਤਾਇਨਾਤ ਅਮਨਜੋਤ ਕੌਰ ਵੀ ਖੁੱਦ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਦਾ ਹਾਲ ਜਾਣ ਰਹੇ ਹਨ। ਉਨ੍ਹਾਂ ਕਿਹਾ ਕਿ ਹੜ੍ਹ ਜਿਹੇ ਹਾਲਾਤਾਂ ਵਿੱਚ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਹਰ ਇੱਕ ਸ਼ਖ਼ਸ ਦੀ ਪੂਰੀ ਮਦਦ ਇਸ ਔਖੀ ਘੜੀ ਵਿੱਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਐੱਨਡੀਆਰਐੱਫ ਸਮੇਤ ਹੋਰ ਬਚਾਅ ਟੀਮਾਂ ਵੀ ਇਲਾਕੇ ਵਿੱਚ ਤਾਇਨਾਤ ਹਨ।



ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ: ਐੱਸਡੀਐੱਮ ਮੁਤਾਬਿਕ ਇਲਾਕੇ ਤੋਂ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਡਿਪਟੀ ਕਮਿਸ਼ਨਰ ਪ੍ਰੀਤੀ ਯਾਦਵ ਹਰ ਪ੍ਰਭਾਵਿਤ ਖੇਤਰ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਉਹ ਖੁੱਦ ਵੀ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੇ ਹਨ। ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਜਿੱਥੇ ਵੀ ਲੋਕਾਂ ਨੂੰ ਸੁਰੱਖਿਅਤ ਥਾਵਾਂ ਉੱਤੇ ਪਹੁੰਚਾਉਣ ਅਤੇ ਉਨ੍ਹਾਂ ਲਈ ਲੋੜੀਂਦੇ ਢੁੱਕਵੇਂ ਪ੍ਰਬੰਧ ਅਤੇ ਸਹੂਲਤਾਂ ਉਪਲੱਬਧ ਕਰਵਾਉਣ ਦੀ ਜਰੂਰਤ ਹੈ, ਉਹ ਸਾਰੇ ਪ੍ਰਬੰਧ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਸੁਚਾਰੂ ਢੰਗ ਨਾਲ ਕੀਤੇ ਗਏ ਹਨ।

ਪੀੜਤਾਂ ਲਈ ਪੂਰੇ ਪ੍ਰਬੰਧ: ਅਮਨਜੋਤ ਕੌਰ ਨੇ ਅੱਗੇ ਕਿਹਾ ਕਿ ਉਹ ਹਰ ਹਾਲਾਤ ਉੱਤੇ ਨਜ਼ਰ ਰੱਖ ਰਹੇ ਹਨ ਅਤੇ ਪ੍ਰਸਾਸ਼ਨ ਪੂਰੀ ਤਰ੍ਹਾਂ ਚੌਕਸ ਹੈ। ਗੁਰਦੁਆਰਾ ਸਾਹਿਬ ਵਿੱਚ ਜਾ ਕੇ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਮਰਿਆਦਾ ਸਹਿਤ ਸਾਰੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਲੋਕ ਪ੍ਰਸਾਸ਼ਨ ਨੂੰ ਸਹਿਯੋਗ ਦੇਣ, ਹਾਲਾਤ ਲਗਾਤਾਰ ਸੁਧਰ ਰਹੇ ਹਨ, ਵੱਖ-ਵੱਖ ਵਿਭਾਗਾ ਦੀਆਂ ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਦੇ ਨਾਲ-ਨਾਲ ਸਾਰੇ ਪ੍ਰਬੰਧ ਕਰਨ ਅਤੇ ਹਾਲਾਤ ਨਾਲ ਨਜਿੱਠਣ ਲਈ ਕੰਮ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਮਾਲ ਵਿਭਾਗ, ਮਾਈਨਿੰਗ ਅਤੇ ਐਨ.ਡੀ.ਆਰ.ਐਫ ਦੀਆਂ ਟੀਮਾਂ ਨਾਲ ਸਾਝੇ ਤੌਰ ਉੱਤੇ ਦੌਰਾ ਕੀਤਾ ਗਿਆ ਹੈ। ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ, ਲੋਕ ਅਫਵਾਹਾਂ ਉੱਤੇ ਭਰੋਸਾ ਨਾਂ ਕਰਨ, ਹਰ ਸੂਚਨਾ ਜ਼ਿਲ੍ਹੇ ਦੀ ਓਫੀਸ਼ੀਅਲ ਵੈੱਬਸਾਈਟ ਅਤੇ ਪ੍ਰਸਾਸ਼ਨ ਵੱਲੋ ਸਥਾਪਿਤ ਕੰਟਰੋਲ ਰੂਮ ਉੱਤੇ ਉਪਲੱਬਧ ਹੈ, ਜੋ 24 ਘੰਟੇ ਕਾਰਜਸ਼ੀਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.