ਲੁਧਿਆਣਾ : ਮੀਂਹ ਦੇ ਕਾਰਨ ਪੰਜਾਬ ਵਿੱਚ ਹਾਈ ਅਲਰਟ ਕੀਤਾ ਗਿਆ ਹੈ। ਮੀਂਹ ਕੁਦਰਤੀ ਆਫਤ ਬਣ ਕੇ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਪੂਰੇ ਪੰਜਾਬ ਵਿੱਚ ਕਈ ਜ਼ਿਲਿਆਂ ਵਿੱਚ ਪਾਣੀ ਲੋਕਾਂ ਦੇ ਘਰਾਂ ਵਿੱਚ ਭਰ ਗਿਆ ਹੈ। ਦੂਜੇ ਪਾਸੇ ਰਾਹਤ ਕਾਰਜ ਵੀ ਜਾਰੀ ਹਨ। ਲੁਧਿਆਣਾ ਵਿੱਚ ਪਿਛਲੇ 36 ਘੰਟਿਆਂ ਤੋਂ ਮੀਂਹ ਨਹੀਂ ਪਿਆ ਹੈ ਪਰ ਸ਼ਹਿਰ ਵਾਲਿਆਂ ਦੀਆਂ ਮੁਸੀਬਤਾਂ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਬੁੱਢਾ ਦਰਿਆ ਪੂਰੀ ਤਰ੍ਹਾਂ ਨਾਲ ਓਵਰਫਲੋਅ ਹੈ ਅਤੇ ਕਈ ਜਗ੍ਹਾ ਕਿਨਾਰੇ ਟੁੱਟਣ ਨਾਲ ਇਸਨੇ ਕਈ ਇਲਾਕਿਆਂ ਲਈ ਖਤਰਾ ਪੈਦਾ ਕਰ ਦਿੱਤਾ ਹੈ। ਲੁਧਿਆਣਾ ਵਿੱਚ ਪੈਂਦੇ ਭਾਮੀਆ ਪਿੰਡ ਵਿੱਚ ਵੀ ਬੁੱਢੇ ਦਰਿਆ ਦੇ ਕਿਨਾਰੇ ਟੁੱਟਣ ਨਾਲ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਚੁੱਕਾ ਹੈ। ਇਨ੍ਹਾਂ ਹਾਲਾਤਾਂ ਦਾ ਜਾਇਜਾ ਲੈਣ ਲਈ ਆਪ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੀ ਮੌਕੇ ਉੱਤੇ ਪਹੁੰਚ ਗਏ ਹਨ ਅਤੇ ਲੋਕਾਂ ਲਈ ਰਾਹਤ ਕਾਰਜ ਤੇਜ਼ ਕੀਤਾ ਜਾ ਰਿਹਾ ਹੈ।
ਛੇਤੀ ਕੀਤਾ ਜਾਵੇਗਾ ਸਮੱਸਿਆ ਦਾ ਹਲ : ਇਸ ਮੌਕੇ ਉੱਤੇ ਹਰਦੀਪ ਸਿੰਘ ਮੁੰਡੀਆ ਨੇ ਕਿਹਾ ਕਿ ਇਸ ਕੁਦਰਤੀ ਆਫ਼ਤ ਵਿੱਚ ਉਹ ਲੋਕਾਂ ਦੇ ਨਾਲ ਖੜੇ ਹਨ। ਉਹਨਾਂ ਕਿਹਾ ਕਿ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ, ਉਥੇ ਹੀ ਵਿਧਾਇਕਾਂ ਨੂੰ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਖੁਦ ਲੋਕਾਂ ਵਿੱਚ ਪਹੁੰਚਣ ਅਤੇ ਰਾਹਤ ਕਾਰਜਾਂ ਨੂੰ ਤੇਜ਼ ਕਰਨ। ਉਹਨਾਂ ਨੇ ਕਿਹਾ ਕਿ ਬੇਸ਼ੱਕ ਦਰਿਆ ਦੇ ਕਿਨਾਰੇ ਟੁੱਟ ਚੁੱਕੇ ਹਨ ਪਰ ਰਾਹਤ ਕਾਰਜ ਜਾਰੀ ਹਨ ਅਤੇ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਲਿਆ ਜਾਵੇਗਾ। ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਇਸ ਮੁਸੀਬਤ ਦੀ ਘੜੀ ਵਿੱਚ ਲੋਕ ਇੱਕ ਦੂਜੇ ਦਾ ਪੂਰੀ ਤਰ੍ਹਾਂ ਨਾਲ ਸਾਥ ਦਿੱਤਾ ਜਾਵੇ।
ਉੱਥੇ ਹੀ ਆਮ ਲੋਕਾਂ ਨੇ ਕਿਹਾ ਕਿ ਰਾਹਤ ਕਾਰਜਾਂ ਵਿੱਚ ਦੇਰੀ ਹੋਈ ਹੈ, ਜਿਸ ਕਰਕੇ ਬੁੱਢੇ ਦਰਿਆ ਦਾ ਪਾਣੀ ਲੋਕਾਂ ਦੇ ਘਰਾਂ ਤੱਕ ਪਹੁੰਚ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਮੇਂ ਨਾਲ ਇਸ ਨਾਲੇ ਦੀ ਸਫਾਈ ਕੀਤੀ ਗਈ ਹੁੰਦੀ ਤਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈਂਦਾ।