ETV Bharat / state

Ludhiana PAU News: ਪੀਏਯੂ 'ਚ ਹੰਗਾਮਾ, ਜਿਨਸੀ ਸ਼ੋਸ਼ਣ ਕਰਨ ਵਾਲੇ ਪ੍ਰੋਫੈਸਰ ਨੂੰ ਮੁਅੱਤਲ ਕਰਨ 'ਤੇ ਅਧਿਆਪਕ ਤੇ ਵਿਦਿਆਰਥੀ ਆਹਮੋ-ਸਾਹਮਣੇ

author img

By ETV Bharat Punjabi Team

Published : Aug 29, 2023, 3:35 PM IST

Ludhiana PAU News
Ludhiana PAU News

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 'ਚ ਪਿਛਲੇ ਦਿਨੀਂ ਜਿਨਸੀ ਸ਼ੋਸ਼ਣ ਦੇ ਇਲਜ਼ਾਮਾਂ 'ਚ ਇੱਕ ਪ੍ਰੋਫੈਸਰ ਨੂੰ ਸਸਪੈਂਡ ਕੀਤਾ ਸੀ। ਜਿਸ ਦੇ ਹੱਕ 'ਚ ਜਦੋਂ ਹੋਰ ਪ੍ਰੋਫੈਸਰਾਂ ਨੇ ਧਰਨਾ ਦਿੱਤਾ ਤਾਂ ਉਥੇ ਵਿਦਿਆਰਥੀਆਂ ਵਲੋਂ ਇੰਨ੍ਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ। ਪੜ੍ਹੋ ਪੂਰੀ ਖ਼ਬਰ...

ਅਧਿਆਪਕ ਤੇ ਵਿਦਿਆਰਥੀ ਆਹਮੋ-ਸਾਹਮਣੇ

ਲੁਧਿਆਣਾ: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਜਿਨਸੀ ਸ਼ੋਸ਼ਣ ਦੇ ਇਲਾਜ਼ਮਾਂ ਵਿੱਚ ਮੁਅੱਤਲ ਕੀਤੇ ਗਏ ਯੂਨੀਵਰਸਿਟੀ ਦੇ ਪ੍ਰੋਫੈਸਰ ਨੂੰ ਲੈ ਕੇ ਅਧਿਆਪਕ ਅਤੇ ਵਿਦਿਆਰਥੀ ਆਹਮੋ-ਸਾਹਮਣੇ ਹੋ ਗਏ ਹਨ। ਅੱਜ ਆਪਣੀ ਹੱਕੀ ਮੰਗਾਂ ਨੂੰ ਲੈਕੇ ਜਿੱਥੇ ਪ੍ਰੋਫੈਸਰ ਸ਼ਾਂਤਮਈ ਧਰਨਾ ਦੇ ਰਹੇ ਸਨ ਤਾਂ ਉਥੇ ਹੀ ਇਸ ਮਾਮਲੇ ਨੂੰ ਲੈ ਕੇ ਵਿਦਿਆਰਥੀ ਵੀ ਨੁੱਕੜ ਨਾਟਕ ਕਰਨ ਪਹੁੰਚ ਗਏ ਅਤੇ ਇਸ ਮੌਕੇ 'ਤੇ ਹੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਵੱਲੋਂ ਲਿਖੇ ਪੱਤਰ ਨੂੰ ਲੈਕੇ ਵਿਦਿਆਰਥੀਆਂ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਯੂਨੀਵਰਸਿਟੀ 'ਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਅਧਿਆਪਕ ਵਰਗ ਇਸ ਨੂੰ ਦਬਾਉਣ ਦੀ ਗੱਲ ਕਰ ਰਹੇ ਹਨ, ਜੋ ਕਿ ਬਰਦਾਸ਼ਤਯੋਗ ਨਹੀਂ ਹੈ।

ਨੁੱਕੜ ਨਾਟਕ ਕਰਨ ਪਹੁੰਚੇ ਵਿਦਿਆਰਥੀ: ਵਿਦਿਆਰਥੀਆਂ ਨੇ ਕਿਹਾ ਕਿ ਜਦੋਂ ਅਧਿਆਪਕ ਆਪਣੇ ਹੱਕਾਂ ਲਈ ਲੜਦੇ ਹਨ ਤਾਂ ਅਸੀਂ ਉਨ੍ਹਾਂ ਦੇ ਨਾਲ ਹਾਂ ਪਰ ਜਦੋਂ ਉਹ ਕਿਸੇ ਅਧਿਆਪਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹ ਉਨ੍ਹਾਂ ਦੇ ਖਿਲਾਫ਼ ਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਯੂਨੀਵਰਸਿਟੀ ਦਾ ਮਾਹੌਲ ਖ਼ਰਾਬ ਨਹੀਂ ਕਰ ਰਹੇ, ਪਰ ਜੋ ਕੁਝ ਯੂਨੀਵਰਸਿਟੀ ਵਿਚ ਹੋ ਰਿਹਾ ਹੈ ਉਹ ਸਹੀ ਨਹੀਂ ਹੈ। ਇਸ ਨਾਲ ਯੂਨੀਵਰਸਿਟੀ ਦਾ ਅਕਸ ਖਰਾਬ ਹੋ ਰਿਹਾ ਹੈ। ਵਿਦਿਆਰਥੀਆਂ ਨੇ ਅੱਜ ਅਧਿਆਪਕਾਂ ਦੇ ਧਰਨੇ ਨੇੜੇ ਨੁੱਕੜ ਨਾਟਕ ਕੀਤਾ, ਜਿਸ 'ਚ ਯੂਨੀਵਰਸਿਟੀ ਦੇ ਵਿੱਚ ਬੀਤੇ ਦਿਨੀਂ ਹੋਈ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ।

ਆਪਣੀ ਹੱਕੀ ਮੰਗਾਂ ਲਈ ਲਾਇਆ ਧਰਨਾ: ਦੂਜੇ ਪਾਸੇ ਅਧਿਆਪਕਾਂ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਆਪਣੇ ਬੱਚੇ ਸਮਝਦੇ ਹਾਂ ਪਰ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਇਆ ਜਾਣਾ ਚਾਹੀਦਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧਿਆਪਕ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਆਪਣੀ ਹੱਕੀ ਮੰਗਾਂ ਲਈ ਅੱਜ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਅਸੀਂ ਛੇਵਾਂ ਪੇ ਕਮਿਸ਼ਨ ਅਪ੍ਰੈਲ ਤੋਂ ਦਿੱਤੇ ਜਾਣ ਅਤੇ ਬਾਕੀ ਯੂਨੀਵਰਸਿਟੀਆਂ ਨੂੰ ਅਕਤੂਬਰ ਤੋਂ ਦਿੱਤੇ ਜਾਣ ਨੂੰ ਲੈ ਕੇ ਵਿਰੋਧ ਕਰ ਰਹੇ ਹਨ। ਇਸ ਤੋਂ ਇਲਾਵਾ ਸਾਡੀਆਂ ਪ੍ਰਮੋਸ਼ਨਾਂ ਕਾਫੀ ਲੰਮੇ ਸਮੇਂ ਤੋਂ ਰੁਕੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਅਸੀਂ ਖੁਦ ਚਾਹੁੰਦੇ ਹਾਂ ਕੇ ਜੇਕਰ ਕਿਸੇ ਪ੍ਰੋਫੈਸਰ ਨੇ ਗਲਤੀ ਕੀਤੀ ਹੈ ਤਾਂ ਉਸ ਦੇ ਖਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਤਰ੍ਹਾਂ ਦਾ ਵਤੀਰਾ ਸਹੀ ਨਹੀਂ ਹੈ।

ਪ੍ਰੋਫੈਸਰ 'ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ: ਕਾਬੀਲੇਗੌਰ ਹੈ ਕੇ ਬੀਤੇ ਦਿਨੀਂ ਪੀ.ਏ.ਯੂ ਦੇ ਇਕ ਪ੍ਰੋਫੈਸਰ 'ਤੇ ਵਿਦਿਆਰਥਣ ਵਲੋਂ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ। ਜਿਸ ਤੋਂ ਬਾਅਦ ਇਕ ਪੱਤਰ ਰਾਜਪਾਲ ਤੱਕ ਪਹੁੰਚਿਆ ਸੀ, ਜੋਕਿ ਕਾਫੀ ਵਾਇਰਲ ਹੋਇਆ ਸੀ। ਜਿਸ ਤੋਂ ਬਾਅਦ ਜਾਂਚ ਲਈ ਬਣਾਈ ਗਈ ਕਮੇਟੀ ਨੇ ਜਾਂਚ ਪੂਰੀ ਹੋਣ ਤੋਂ ਪਹਿਲਾਂ ਹੀ ਮਾਮਲਾ ਸੁਰਖੀਆਂ 'ਚ ਆਉਣ ਕਰਕੇ ਸਬੰਧਿਤ ਪ੍ਰੋਫੈਸਰ ਨੂੰ ਸਸਪੈਂਡ ਕਰ ਦਿੱਤਾ ਸੀ, ਜਿਸ ਦਾ ਇਤਰਾਜ ਕੁੱਝ ਪ੍ਰੋਫ਼ੈਸਰਾਂ ਨੇ ਜਤਾਇਆ ਸੀ ਅਤੇ ਕਿਹਾ ਸੀ ਕਿ ਯੂਨੀਵਰਸਿਟੀ ਦੇ ਕੁਝ ਵਿਦਿਆਰਥੀਆਂ ਦੇ ਦਬਾਅ ਕਰਕੇ ਕਮੇਟੀ ਨੇ ਇਹ ਕਾਰਵਾਈ ਕੀਤੀ ਹੈ। ਜਿਸ ਦਾ ਵਿਦਿਆਰਥੀਆਂ ਨੇ ਅੱਜ ਵਿਰੋਧ ਕੀਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.