ETV Bharat / state

ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੁਧਾਰੂ ਪਸ਼ੂਆਂ 'ਚ ਮਹਾਮਾਰੀ ਫੈਲਣ ਦਾ ਖ਼ਤਰਾ, ਕਿਵੇਂ ਕੀਤਾ ਜਾਵੇ ਪਸ਼ੂਆਂ ਦਾ ਬਚਾਅ, ਜਾਣੋ ਖ਼ਾਸ ਰਿਪੋਰਟ ਰਾਹੀਂ

author img

By

Published : Jul 13, 2023, 8:14 PM IST

ਪੰਜਾਬ ਵਿੱਚ ਇਸ ਸਮੇਂ ਹੜ੍ਹ ਪ੍ਰਭਾਵਿਤ ਇਲਾਕਿਆਂ ਅੰਦਰ ਮੌਜੂਦ ਦੁਧਾਰੂ ਪਸ਼ੂਆਂ ਵਿੱਚ ਮਹਾਮਾਰੀ ਫੈਲਣ ਦਾ ਖਤਰਾ ਵਧ ਗਿਆ ਹੈ। ਇਸ ਮਹਾਮਾਰੀ ਕਾਰਣ ਭਾਰੀ ਨੁਕਸਾਨ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਝੱਲਣਾ ਪੈ ਸਕਦਾ ਹੈ। ਲੁਧਿਆਣਾ ਦੇ ਵੈਟਨਰੀ ਮਾਹਿਰ ਡਾਕਟਰ ਨੇ ਇਸ ਗੰਭੀਰ ਸਮੱਸਿਆ ਦੇ ਹੱਲ ਲਈ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਕੁੱਝ ਜ਼ਰੂਰ ਸੁਝਾਅ ਦਿੱਤੇ ਨੇ।

Risk of epidemic spread in the dairy cattle of flood affected areas of Punjab
ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਦੁਧਾਰੂ ਪਸ਼ੂਆਂ 'ਚ ਮਹਾਮਾਰੀ ਫੈਲਣ ਦਾ ਖ਼ਤਰਾ, ਕਿਵੇਂ ਕੀਤਾ ਜਾਵੇ ਪਸ਼ੂਆਂ ਦਾ ਬਚਾਅ, ਜਾਣੋ ਖ਼ਾਸ ਰਿਪੋਰਟ ਰਾਹੀਂ

ਮਾਹਿਰ ਨੇ ਦਿੱਤੇ ਪਸ਼ੂਆਂ ਨੂੰ ਬਚਾਉਣ ਲਈ ਸੁਝਾਅ

ਲੁਧਿਆਣਾ: ਪੰਜਾਬ ਦੇ 14 ਜਿਲ੍ਹੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ, ਸੈਂਕੜੇ ਹੀ ਪਸ਼ੂਆਂ ਦੀ ਇਹਨਾਂ ਹੜ੍ਹਾਂ ਕਰਕੇ ਮੋਤ ਹੋਈ ਹੈ। ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਪਾਣੀ ਦਾ ਪੱਧਰ ਘੱਟਣ ਤੋਂ ਬਾਅਦ ਹੁਣ ਦੁਧਾਰੂ ਪਸ਼ੂਆਂ ਦੇ ਵਿੱਚ ਮਹਾਂਮਾਰੀ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਜਿਸ ਸਬੰਧੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਅਤੇ ਐਨਿਮਲ ਯੂਨੀਵਰਸਿਟੀ ਵੱਲੋਂ ਐਡਵਾਈਜ਼ਰੀ ਵੀ ਜਾਰੀ ਕੀਤੀ ਗਈ ਹੈ। ਹੜ੍ਹਾਂ ਤੋਂ ਬਾਅਦ ਕਈ ਬਿਮਾਰੀਆਂ ਪਸ਼ੂਆਂ ਨੂੰ ਜਕੜ ਸਕਦੀਆਂ ਹਨ। ਜਿਹੜੀਆਂ ਉਨ੍ਹਾਂ ਦੀ ਮੌਤ ਦਾ ਕਾਰਨ ਵੀ ਬਣ ਸਕਦੀਆਂ ਨੇ। ਹਰੇ ਦੀ ਕਮੀ ਕਰਕੇ ਦੁਧਾਰੂ ਪਸ਼ੂਆਂ ਦੇ ਵਿੱਚ ਦੁੱਧ ਦੀ ਮਾਤਰਾ ਵੀ ਘੱਟ ਰਹੀ ਹੈ। ਇਸ ਵਕਤ ਜਾਨ-ਮਾਲ ਦੀ ਰਾਖੀ ਕਰਨੀ ਬੇਹੱਦ ਜਰੂਰੀ ਹੈ ਅਤੇ ਪਸ਼ੂਆਂ ਨੂੰ ਹਮੇਸ਼ਾ ਤੋਂ ਹੀ ਮਨੁੱਖ ਦਾ ਮਾਲ ਭਾਵ ਕੇ ਉਹਨਾਂ ਦਾ ਅਨਮੋਲ ਗਹਿਣਾ ਮੰਨਿਆ ਜਾਂਦਾ ਰਿਹਾ ਹੈ।

ਪਸ਼ੂਆਂ ਦੀਆਂ ਬਿਮਾਰੀਆਂ: ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਸ਼ੂਆਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ ਜਿੰਨਾ ਵਿੱਚੋਂ ਮੁੱਖ ਬਿਮਾਰੀਆਂ ਗਲ ਘੋਟੂ, ਪਟਸੋ, ਬੈਕਟੀਰੀਆ, ਪੇਟ ਵਿੱਚ ਕੀੜੇ, ਫੰਗਸ ਆਦਿ ਬਿਮਾਰੀਆਂ ਪਸ਼ੂਆਂ ਨੂੰ ਲੱਗ ਸਕਦੀਆਂ ਹਨ। ਇਨ੍ਹਾਂ ਵਿੱਚੋਂ ਸਭ ਤੋਂ ਖ਼ਤਰਨਾਕ ਬਿਮਾਰੀ ਗਲ ਘੋਟੂ ਹੈ ਜਿਸ ਨਾਲ ਇਕੱਠੇ ਹੀ ਕਈਆਂ ਪਸ਼ੂਆਂ ਦੀ ਮੌਤ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਬਿਮਾਰੀ ਪਸ਼ੂਆਂ ਨੂੰ ਸਟਰੇਸ ਕਰਕੇ ਹੁੰਦੀ ਹੈ, ਅਕਸਰ ਹੀ ਜਦੋਂ ਹੜ੍ਹ ਤੋਂ ਪ੍ਰਭਾਵਿਤ ਇਲਾਕੇ ਦੇ ਵਿੱਚ ਪਸ਼ੂ ਕਈ ਕਈ ਦਿਨ ਪਾਣੀ ਵਿੱਚ ਖੜ੍ਹੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਇਹ ਬਿਮਾਰੀ ਲੱਗ ਜਾਂਦੀ ਹੈ। ਇਸ ਤੋਂ ਇਲਾਵਾ ਮਿੱਟੀ ਦੀ ਉਥਲ-ਪੁਥਲ ਹੜ੍ਹਾਂ ਦੇ ਦੌਰਾਨ ਹੁੰਦੀ ਹੈ ਜਿਸ ਨਾਲ ਪਟਸੋ ਬਿਮਾਰੀ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਦਾ ਇਲਾਜ ਵੀ ਸਮੇਂ ਸਿਰ ਜਰੂਰੀ ਹੈ। ਇਸ ਤੋਂ ਇਲਾਵਾ ਸਲਾਭ ਦੇ ਵਿੱਚ ਕਈ ਤਰਾਂ ਦੀਆਂ ਕੀਟਾਣੂਆਂ ਦੀਆਂ ਬਿਮਾਰੀਆਂ ਵੀ ਪਸ਼ੂਆਂ ਨੂੰ ਲੱਗ ਜਾਂਦੀਆਂ ਹਨ।

ਕਿਵੇਂ ਕਰੀਏ ਬਚਾਅ: ਪਸ਼ੂਆਂ ਨੂੰ ਗਲ ਘੋਟੂ, ਪਟਸੋ ਆਦਿ ਬਿਮਾਰੀ ਤੋਂ ਬਚਾਉਣ ਦੇ ਲਈ ਬਾਜ਼ਾਰ ਦੇ ਵਿੱਚ ਵੈਕਸੀਨ ਉਪਲੱਬਧ ਹੈ। ਜੇਕਰ ਪਸ਼ੂ ਪਾਲਕਾਂ ਨੂੰ ਸਰਕਾਰੀ ਹਸਪਤਾਲ ਤੋਂ ਵੈਕਸੀਨ ਨਹੀਂ ਮਿਲਦੀ ਤਾਂ ਉਹ ਬਾਜ਼ਾਰ ਤੋਂ ਖ਼ਰੀਦ ਸਕਦੇ ਹਨ। ਇਸ ਦੀ ਕੀਮਤ 20 ਤੋਂ 50 ਰੁਪਏ ਤੱਕ ਹੁੰਦੀ ਹੈ, ਇਸ ਤੋਂ ਇਲਾਵਾ ਜੇਕਰ ਪਸ਼ੂ ਨੂੰ ਵੈਕਸੀਨ ਲਗਾਏ 1 ਮਹੀਨੇ ਦਾ ਸਮਾਂ ਹੋ ਚੁੱਕਾ ਹੈ ਤਾਂ ਵੈਕਸੀਨ ਦੀ ਜ਼ਰੂਰਤ ਨਹੀਂ ਹੈ ਪਰ ਜੇਕਰ ਦੋ ਤੋਂ ਤਿੰਨ ਮਹੀਨੇ ਹੋ ਚੁੱਕੇ ਹਨ ਤਾਂ ਪਸ਼ੂਆਂ ਨੂੰ ਵੈਕਸੀਨ ਲਾਉਣੀ ਬੇਹੱਦ ਜਰੂਰੀ ਹੈ। ਜੇਕਰ ਪਸ਼ੂਆਂ ਨੂੰ ਕੀਟਾਣੂਆਂ ਵਰਗੀ ਬਿਮਾਰੀ ਹੁੰਦੀ ਹੈ, ਉਹਨਾਂ ਦੇ ਜ਼ਖਮ ਬਣ ਜਾਂਦੇ ਹਨ ਤਾਂ ਉਹਨਾਂ ਲਈ ਜਿਸ ਤਰਾਂ ਇਨਸਾਨੀ ਸਰੀਰ ਉੱਤੇ ਜ਼ਖਮਾਂ ਦਾ ਇਲਾਜ਼ ਕੀਤਾ ਜਾਂਦਾ ਹੈ ਉਸੇ ਤਰਾਂ ਘਰੇਲੂ ਦਵਾਈਆਂ ਨਾਲ ਵੀ ਇਲਾਜ ਕੀਤਾ ਜਾ ਸਕਦਾ ਹੈ, ਜਿਵੇਂ ਡੈਟੋਲ, ਬਿਟਾਡਿਨ ਆਦੀ ਦਵਾਈ ਲਗਾਈ ਜਾ ਸਕਦੀ ਹੈ। ਪਸ਼ੂਆਂ ਨੂੰ ਵੱਧ ਤੋਂ ਵੱਧ ਸੁੱਕੇ ਥਾਂ ਉੱਤੇ ਰੱਖਿਆ ਜਾਣਾ ਚਾਹੀਦਾ ਹੈ।

ਹਰੇ ਚਾਰੇ ਦਾ ਬਦਲ: ਅਕਸਰ ਹੀ ਬਰਸਾਤ ਦੇ ਵਿੱਚ ਹਰੇ ਚਾਰੇ ਦੀ ਕੋਈ ਕਮੀ ਨਹੀਂ ਹੁੰਦੀ ਪਰ ਜਦੋਂ ਹੜ੍ਹਾਂ ਦੇ ਹਾਲਾਤ ਪੈਦਾ ਹੋ ਜਾਂਦੇ ਹਨ ਤਾਂ ਹਰੇ ਚਾਰੇ ਦੀ ਬੇਹੱਦ ਕਮੀ ਹੋ ਜਾਂਦੀ ਹੈ, ਜਿਸ ਨਾਲ ਪਸ਼ੂਆਂ ਦੇ ਵਿੱਚ ਦੁੱਧ ਦੇਣ ਦੀ ਸਮਰੱਥਾ ਬਹੁਤ ਘੱਟ ਜਾਂਦੀ ਹੈ। ਇਸ ਦੇ ਹੱਲ ਦੇ ਲਈ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸ ਅਤੇ ਐਨੀਮਲ ਯੂਨੀਵਰਸਿਟੀ ਦੇ ਮਾਹਿਰ ਡਾਕਟਰ ਨੇ ਕਿਹਾ ਹੈ ਕਿ ਪਸ਼ੂਆਂ ਨੂੰ ਦਾਣੇ ਦੀ ਮਾਤਰਾ ਵਧਾਈ ਜਾ ਸਕਦੀ ਹੈ, ਜਿਸ ਨੂੰ ਸੁੱਕੇ ਚਾਰੇ ਦੇ ਵਿੱਚ ਮਿਲਾ ਕੇ ਜੇਕਰ ਪਸ਼ੂਆਂ ਨੂੰ ਦਿੱਤਾ ਜਾਵੇ ਤਾਂ ਉਨ੍ਹਾਂ ਦੀ ਦੁੱਧ ਦੇਣ ਦੀ ਸਮਰੱਥਾ ਉੱਤੇ ਅਸਰ ਨਹੀਂ ਪੈਂਦਾ। ਹਾਲਾਂਕਿ ਇਹ ਚਾਰਾਂ ਥੋੜ੍ਹਾ ਆਮ ਚਾਰੇ ਨਾਲੋਂ ਮਹਿੰਗਾ ਪੈਂਦਾ ਹੈ, ਪਰ ਮਾਹਿਰ ਡਾਕਟਰਾਂ ਦਾ ਮੰਨਣਾ ਹੈ ਕਿ ਜੇਕਰ 10 ਤੋਂ 15 ਦਿਨ ਦੀ ਸਮੱਸਿਆ ਦੇ ਦੌਰਾਨ ਕਿਸਾਨ ਇਹ ਚਾਰਾ ਪਸ਼ੂਆਂ ਨੂੰ ਦੇ ਸਕਦੇ ਹਨ ਤਾਂ ਇਸ ਵਿੱਚ ਕੋਈ ਹਰਜ਼ ਨਹੀਂ ਹੈ।

ਦੁੱਧ ਦੀ ਗੁਣਵਤਾ: ਅਕਸਰ ਹੀ ਲੋਕਾਂ ਦੇ ਮਨ ਵਿੱਚ ਆਉਂਦਾ ਹੈ ਕਿ ਜਦੋਂ ਬਰਸਾਤ ਜਾਂ ਜਿੰਨਾ ਇਲਾਕਿਆਂ ਦੇ ਵਿੱਚ ਹੜ ਆਉਂਦਾ ਹੈ ਤਾਂ ਪਸ਼ੂਆਂ ਦੇ ਵਿੱਚ ਬਿਮਾਰੀਆਂ ਫੈਲਣ ਕਰਕੇ ਦੁੱਧ ਨਹੀਂ ਪੀਣਾ ਚਾਹੀਦਾ। ਜਿਸ ਦਾ ਜਵਾਬ ਦਿੰਦਿਆਂ ਹੋਇਆਂ ਮਾਹਿਰ ਡਾਕਟਰ ਅਸ਼ਵਨੀ ਕੁਮਾਰ ਸ਼ਰਮਾ ਨੇ ਕਿਹਾ ਹੈ ਕਿ ਜੇਕਰ ਦੁੱਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਮਿਲਾਵਟ ਨਹੀਂ ਹੈ ਤਾਂ ਬਰਸਾਤਾਂ ਦੇ ਦੌਰਾਨ ਦੁੱਧ ਦੀ ਵਰਤੋਂ ਕਰਨ ਵਿੱਚ ਕੋਈ ਹਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਘਰਾਂ ਦੇ ਵਿੱਚ ਅਕਸਰ ਹੀ ਚਲਣ ਹੈ ਕੇ ਦੁੱਧ ਨੂੰ ਉਬਾਲ ਕੇ ਵਰਤਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਦੁੱਧ ਨੂੰ ਚੰਗੀ ਤਰ੍ਹਾਂ ਉਬਾਲਿਆ ਜਾਂਦਾ ਹੈ ਤਾਂ ਉਸ ਦੇ ਵਿੱਚ ਮੌਜੂਦ ਬੈਕਟੀਰੀਆ ਆਪਣੇ ਆਪ ਹੀ ਮਰ ਜਾਂਦੇ ਹਨ। ਇਸ ਕਰਕੇ ਬਰਸਾਤਾਂ ਦੇ ਦੌਰਾਨ ਦੁੱਧ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਸ ਵਿੱਚ ਕੋਈ ਹਰਜ ਨਹੀਂ ਹੈ।

ਕਿਸਾਨਾਂ ਨੂੰ ਅਪੀਲ: ਵੈਟਰਨਰੀ ਯੂਨੀਵਰਸਿਟੀ ਦੇ ਮਾਹਿਰ ਡਾਕਟਰਾਂ ਵੱਲੋਂ ਕਿਸਾਨਾਂ ਨੂੰ ਦੁਧਾਰੂ ਪਸ਼ੂਆਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਡਾਕਟਰਾਂ ਦੇ ਮੁਤਾਬਿਕ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਭ ਤੋ ਜਿਆਦਾ ਪ੍ਰਚਿੱਲਤ ਬਿਮਾਰੀ ਗਲ ਘੋਟੂ ਹੈ। ਉਨ੍ਹਾਂ ਕਿਹਾ ਕਿ ਅੱਜ-ਕੱਲ ਹਰ ਪਸ਼ੂ ਦੀ ਕੀਮਤ ਹਜਾਰਾਂ ਰੁਪਏ ਦੇ ਵਿੱਚ ਹੈ, ਜੇਕਰ ਕਿਸਾਨ ਉਹਨਾਂ ਦੀ ਮੁੜ ਵੈਕਸੀਨ ਨੂੰ ਲਗਵਾ ਲੈਣਗੇ ਤਾਂ ਇਸ ਦਾ ਕੋਈ ਨੁਕਸਾਨ ਨਹੀਂ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਜਾਣ ਦੇ ਨਾਲ ਇਸ ਵਕਤ ਦੁਧਾਰੂ ਪਸ਼ੂਆਂ ਦੀ ਜਾਨ ਬਚਾਉਣੀ ਵੀ ਬੇਹੱਦ ਜ਼ਰੂਰੀ ਹੈ ਕਿਉਂਕਿ ਉਹ ਸਾਡਾ ਗਹਿਣਾ ਹੈ। ਉਹ ਸਾਡੇ ਸਮਾਜ ਸਾਡੇ ਖੇਤੀਬਾੜੀ ਦਾ ਹਿੱਸਾ ਹੈ ਸਾਡੇ ਘਰ ਦਾ ਹਿੱਸਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.