ਲੁਧਿਆਣਾ: ਭਾਜਪਾ ਦੇ ਕੌਮੀ ਪ੍ਰਧਾਨ ਜੇ ਪੀ ਨੱਡਾ ਕੱਲ੍ਹ ਲੁਧਿਆਣਾ ਰਹਿਣਗੇ ਜਿਸ ਨੂੰ ਲੈ ਕੇ ਇੱਕ ਪਾਸੇ ਜਿੱਥੇ ਤਿਆਰੀਆਂ ਮੁਕੰਮਲ ਕਰਲਈਆਂ ਗਈਆਂ ਹਨ। ਉੱਥੇ ਹੀ ਦੂਜੇ ਪਾਸੇ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਸੁਰੱਖਿਆ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਧੂ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਜੇ ਪੀ ਨੱਡਾ ਕੌਮੀ ਲੀਡਰ ਹਨ ਇਸ ਕਰਕੇ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ ਜਿਸ ਕਰਕੇ ਪੁਲਿਸ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬਾਹਰ ਤੋਂ ਫੋਰਸ ਵੀ ਮੰਗਵਾਈ ਗਈ ਹੈ ਇਸ ਤੋਂ ਇਲਾਵਾ ਰੂਟ ਵੀ ਬਦਲੇੇ ਗਏ ਹਨ।
ਉੱਧਰ ਦੂਜੇ ਪਾਸੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਜਦੋਂ ਸੁਰੱਖਿਆ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੁਰੱਖਿਆ ਮੁਹੱਈਆ ਕਰਵਾਉਣਾ ਪ੍ਰਸ਼ਾਸਨ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਦੌਰਾਨ ਜੋ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖ਼ਰਾਬ ਹੋਈ ਹੋਈ ਹੈ ਉਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਹੈੱਡਕੁਆਰਟਰ ’ਤੇ ਹਮਲਾ ਹੋਣਾ ਸੁਰੱਖਿਆ ’ਤੇ ਵੱਡਾ ਸਵਾਲ ਹੈ।
ਕਾਬਿਲੇਗੌਰ ਹੈ ਕਿ ਹਰਿਆਣੇ ਵਿੱਚ ਬੀਤੇ ਦਿਨੀਂ ਚਾਰ ਦਹਿਸ਼ਤਗਰਦਾਂ ਤੋਂ ਵੱਡੀ ਗਿਣਤੀ ’ਚ ਅਸਲਾ ਬਰਾਮਦ ਹੋਇਆ ਸੀ ਜਿੰਨ੍ਹਾਂ ਵਿਚੋਂ ਇਕ ਲੁਧਿਆਣੇ ਦਾ ਰਹਿਣ ਵਾਲਾ ਸੀ ਉੱਥੇ ਹੀ ਦੂਜੇ ਪਾਸੇ ਲੁਧਿਆਣਾ ਵਿੱਚ ਬੀਤੇ ਦਿਨੀਂ ਜ਼ਿਲ੍ਹਾ ਕਚਹਿਰੀ ਦੇ ਵਿੱਚ ਬੰਬ ਧਮਾਕਾ ਵੀ ਹੋਇਆ ਸੀ ਇਸ ਤੋਂ ਇਲਾਵਾ ਮੁਹਾਲੀ ਵਿਖੇ ਪੁਲਿਸ ਹੈੱਡਕੁਆਰਟਰ ’ਤੇ ਹੋਏ ਹਮਲੇ ਕਰਕੇ ਵੀ ਪੰਜਾਬ ਦੇ ਵਿੱਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਹਨ ਅਤੇ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ ਵਿੱਚ ਅਲਰਟ ਜਾਰੀ ਹੈ। ਅਜਿਹੇ ਵਿੱਚ ਪੰਜਾਬ ’ਚ ਭਾਜਪਾ ਦੇ ਵੱਡੇ ਲੀਡਰ ਦੀ ਆਮਦ ਪੁਲਿਸ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨਾ ਇੱਕ ਵੱਡਾ ਚੈਲੰਜ਼ ਸਾਬਤ ਹੋ ਰਿਹਾ ਹੈ।
ਇਹ ਵੀ ਪੜ੍ਹੋ: ਘਰ ’ਚ ਸੁੱਤੇ ਪਏ ਸ਼ਖ਼ਸ ’ਤੇ ਕੁਹਾੜੀ ਨਾਲ ਹਮਲਾ, ਰੂੰਹ ਕੰਬਾਊ ਵੀਡੀਓ ਆਈ ਸਾਹਮਣੇ