ETV Bharat / state

ਸਿੱਧੂ ਮੂਸੇਵਾਲਾ ਕਤਲ ਕਾਂਡ: ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਕੀਤਾ ਗ੍ਰਿਫਤਾਰ

author img

By

Published : Jul 9, 2022, 8:17 PM IST

ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਕੀਤਾ ਗ੍ਰਿਫਤਾਰ
ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਕੀਤਾ ਗ੍ਰਿਫਤਾਰ

ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਭਗੌੜੇ ਸੰਦੀਪ ਸਿੰਘ ਕਾਹਲੋਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਦੀਪ ਕਾਹਲੋਂ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਦੱਸਿਆ ਜਾ ਰਿਹਾ ਹੈ। ਬਠਿੰਡੇ ਤੱਕ ਹਥਿਆਰ ਪਹੁੰਚਾਉਣ ਵਿਚ ਸ਼ਮੂਲੀਅਤ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪੁਲਿਸ ਨੇ ਮੁਲਜ਼ਮ ਦਾ ਦੋ ਦਿਨ ਪੁਲੀਸ ਰਿਮਾਂਡ ਹਾਸਿਲ ਕੀਤਾ ਹੈ।

ਲੁਧਿਆਣਾ: ਸਿੱਧੂ ਮੂਸੇਵਾਲੇ ਕਤਲ ਮਾਮਲੇ ਦੇ ਵਿੱਚ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਰਤੇ ਗਏ ਹਥਿਆਰਾਂ ਦੀ ਸਪਲਾਈ ਨੂੰ ਲੈ ਕੇ ਲੁਧਿਆਣਾ ਤੋਂ ਇੱਕ ਤੋਂ ਬਾਅਦ ਇੱਕ ਲਿੰਕ ਸਾਹਮਣੇ ਆ ਰਿਹਾ ਹੈ। ਬੀਤੇ ਦਿਨੀਂ ਗ੍ਰਿਫਤਾਰ ਕੀਤੇ ਗਏ ਸਤਬੀਰ ਸਿੰਘ ਦੀ ਨਿਸ਼ਾਨਦੇਹੀ ’ਤੇ ਹੁਣ ਲੁਧਿਆਣਾ ਪੁਲਿਸ ਵੱਲੋਂ ਮੌਜੂਦਾ ਬੀਡੀਪੀਓ ਪੋਸਟ ’ਤੇ ਤਾਇਨਾਤ ਸਾਬਕਾ ਅਕਾਲੀ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਭਤੀਜੇ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਅਦਾਲਤ ’ਚ ਪੇਸ਼ ਕੀਤਾ ਗਿਆ ਹੈ ਅਤੇ ਉਸ ਦਾ ਦੋ ਦਿਨ ਦਾ ਰਿਮਾਂਡ ਵੀ ਪੁਲਿਸ ਨੇ ਹਾਸਿਲ ਕਰ ਲਿਆ ਹੈ।

ਸਿੱਧੂ ਮੂਸੇ ਵਾਲੇ ਦੇ ਕਤਲ ਮਾਮਲੇ ਵਿੱਚ ਜਿੰਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ ਉਨ੍ਹਾਂ ਵਿੱਚੋਂ ਕਈ ਹਥਿਆਰ ਲੁਧਿਆਣਾ ਤੋਂ ਬਠਿੰਡਾ ਪਹੁੰਚਾਉਣ ਦੇ ਮਾਮਲੇ ਵਿੱਚ ਸੰਦੀਪ ਸਿੰਘ ਦੀ ਗ੍ਰਿਫ਼ਤਾਰੀ ਨੂੰ ਵੱਡੀ ਕਾਮਯਾਬੀ ਦੇ ਰੂਪ ਵਿੱਚ ਪੁਲਿਸ ਵੇਖ ਰਹੀ ਹੈ। ਸੰਦੀਪ ਸਿੰਘ ਦੀ ਫਾਰਚੂਨਰ ਕਾਰ ਦੇ ਵਿੱਚ ਹਥਿਆਰਾਂ ਦੀ ਸਪਲਾਈ ਦਾ ਪੁਲਿਸ ਨੂੰ ਸ਼ੱਕ ਹੈ ਜਿਸ ਕਰਕੇ ਪੁਲਿਸ ਮੁਲਜ਼ਮ ਦੀ ਭਾਲ ਕਾਫੀ ਸਮੇਂ ਤੋਂ ਕਰ ਰਹੀ ਸੀ ਅਤੇ ਉਸ ਨੂੰ ਭਗੌੜਾ ਕਰਾਰ ਦਿੱਤਾ ਸੀ। ਲੁਧਿਆਣਾ ਪੁਲਿਸ ਦੇ ਸਪੈਸ਼ਲ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੁਲਿਸ ਨੇ ਸਾਬਕਾ ਅਕਾਲੀ ਮੰਤਰੀ ਦਾ ਭਤੀਜਾ ਕੀਤਾ ਗ੍ਰਿਫਤਾਰ

ਸੰਦੀਪ ਸਿੰਘ ਕਾਹਲੋਂ ਬੀਡੀਪੀਓ ਅਹੁਦੇ ’ਤੇ ਤੈਨਾਤ ਹੈ ਅਤੇ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੰਦੀਪ ਨੇ ਹੀ ਸਤਬੀਰ ਸਿੰਘ ਨੂੰ ਮਨਦੀਪ ਅਤੇ ਮਨਪ੍ਰੀਤ ਅਤੇ ਉਸਦੇ ਇੱਕ ਤੀਜੇ ਸਾਥੀ ਨੂੰ ਬਠਿੰਡਾ ਛੱਡਣ ਲਈ ਕਿਹਾ ਸੀ। ਸਤਬੀਰ ਨੂੰ ਇਹ ਨਹੀਂ ਪਤਾ ਸੀ ਕਿ ਉਸ ਨਾਲ ਬੈਠੇ ਨੌਜਵਾਨ ਸ਼ਾਰਪ ਸ਼ੂਟਰ ਹਨ ਅਤੇ ਜੱਗੂ ਭਗਵਾਨਪੁਰੀਏ ਦੇ ਨਾਲ ਉਨ੍ਹਾਂ ਦੇ ਸਬੰਧ ਹਨ।

ਸਤਬੀਰ ਸਿੰਘ ਨੂੰ ਫੜਨ ਤੋਂ ਬਾਅਦ ਹੀ ਬੀਡੀਪੀਓ ਸੰਦੀਪ ਕਾਹਲੋਂ ਦਾ ਨਾਂ ਸਾਹਮਣੇ ਆਇਆ ਸੀ ਅਤੇ ਉਸ ਦੀ ਸ਼ਮੂਲੀਅਤ ਤੋਂ ਬਾਅਦ ਪੁਲਿਸ ਲਗਾਤਾਰ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਸੀ ਪਰ ਸੰਦੀਪ ਚੌਕਸ ਹੋ ਗਿਆ ਸੀ। ਇੱਥੋਂ ਤੱਕ ਕਿ ਬੀਤੇ ਦਿਨੀਂ ਪ੍ਰਸ਼ਾਸਨ ਵੱਲੋਂ ਬੁਲਾਈ ਗਈ ਇੱਕ ਮੀਟਿੰਗ ਦੇ ਵਿੱਚ ਵੀ ਉਹ ਸ਼ਾਮਲ ਨਹੀਂ ਹੋਇਆ ਜਿਸ ਕਰਕੇ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਪਾਈ ਪਰ ਅੱਜ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਸੰਦੀਪ ਤੋਂ ਸਿੱਧੂ ਮੂਸੇਵਾਲੇ ਦੇ ਕਤਲ ਮਾਮਲੇ ਵਿਚ ਕਈ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ।

ਇਸ ਸਬੰਧੀ ਕੋਰਟ ਦੇ ਵਿੱਚ ਮੁਲਜ਼ਮ ਨੂੰ ਪੇਸ਼ੀ ’ਤੇ ਲੈ ਕੇ ਆਏ ਏਸੀਪੀ ਬੇਅੰਤ ਜੁਨੇਜਾ ਨੇ ਕਿਹਾ ਸਿੱਧੂ ਮੂਸੇਵਾਲੇ ਦੇ ਕਤਲ ਤੋਂ 10 ਦਿਨ ਪਹਿਲਾਂ ਹਥਿਆਰ ਬਠਿੰਡਾ ਭੇਜੇ ਗਏ ਸਨ ਅਤੇ ਸਤਬੀਰ ਦੀ ਪੁੱਛਗਿੱਛ ਤੋਂ ਬਾਅਦ ਹੀ ਸੰਦੀਪ ਕਾਹਲੋਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਮੰਗਲਵਾਰ ਤੱਕ ਦਾ ਰਿਮਾਂਡ ਉਨ੍ਹਾਂ ਨੂੰ ਮਿਲ ਚੁੱਕਾ ਹੈ ਅਤੇ ਫਿਲਹਾਲ ਉਸ ਕੋਲੋਂ ਕਿਸੇ ਤਰ੍ਹਾਂ ਦੀ ਕੋਈ ਰਿਕਵਰੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੜਤਾਲ ਤੋਂ ਬਾਅਦ ਜੇਕਰ ਕੋਈ ਖੁਲਾਸਾ ਹੋਵੇਗਾ ਤਾਂ ਉਸ ਸਬੰਧੀ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਵਾਈ ਨੇ ਪਤਨੀ ਸਮੇਤ ਤੇਜ਼ਧਾਰ ਹਥਿਆਰ ਨਾਲ ਵੱਢਿਆ ਸਹੁਰਾ ਪਰਿਵਾਰ !

ETV Bharat Logo

Copyright © 2024 Ushodaya Enterprises Pvt. Ltd., All Rights Reserved.