ETV Bharat / state

ਜੂਡੋ ਤੇ ਬਾਡੀ ਬਿਲਡਿੰਗ ’ਚੋਂ ਨਾਮਣਾ ਖੱਟ ਚੁੱਕੀ, ਪਰ ਗੁਜ਼ਾਰੇ ਲਈ ਜਿਮ ਡਾਈਟ ਵੇਚਣ ਲਈ ਮਜਬੂਰ ਫਿਟਨੈੱਸ ਮਾਡਲ ਦੀਪਿਕਾ

author img

By

Published : Jun 4, 2023, 2:24 PM IST

Updated : Jun 5, 2023, 10:36 AM IST

ਕੌਮੀ ਪੱਧਰ ਦੀ ਫਿਟਨੈੱਸ ਮਾਡਲ ਸੜਕ ਉੱਤੇ ਰੇਹੜੀ ਲਗਾ ਕੇ ਡਾਈਟ ਵਾਲੀਆਂ ਚੀਜ਼ਾਂ ਵੇਚਣ ਨੂੰ ਮਜ਼ਬੂਰ ਦਿਪਿਕਾ ਨੇ ਕਿਹਾ ਕਿ ਖੇਡ ਵਿੱਚ ਅੱਗੇ ਵੱਧਣ ਤੇ ਅਪਣੇ ਗੁਜ਼ਾਰੇ ਲਈ ਪੈਸਾ ਹੋਣਾ ਜ਼ਰੂਰੀ ਹੈ। ਜੇਕਰ ਖੁਰਾਕ ਹੈ ਤਾਂ ਖੇਡ ਹੈ, ਤੇ ਪੈਸਾ ਹੈ ਤਾਂ ਘਰ ਦਾ ਗੁਜ਼ਾਰਾ। ਜੂਡੋ ਅਤੇ ਬਾਡੀ ਬਿਲਡਿੰਗ ਵਿੱਚੋਂ ਨਾਮਣਾ ਖੱਟ ਚੁੱਕੀ ਦਿਪਿਕਾ ਨੂੰ ਸਮੇਂ ਦੀਆਂ ਸਰਕਾਰਾਂ ਨੇ ਵੀ ਅਣਦੇਖਿਆ ਕੀਤਾ, ਪਰ ਉਸ ਦਾ ਹੌਂਸਲਾ ਅੱਜ ਹੋਰਨਾਂ ਲਈ ਪ੍ਰੇਰਨਾਸਰੋਤ ਹੈ।

Judo and body building women player Dipika, Ludhiana
ਫਿਟਨੈੱਸ ਮਾਡਲ ਦੀਪਿਕਾ

ਜੂਡੋ ਤੇ ਬਾਡੀ ਬਿਲਡਿੰਗ ਚੋਂ ਨਾਮਣਾ ਖੱਟ ਚੁੱਕੀ, ਪਰ ਗੁਜ਼ਾਰੇ ਲਈ ਜਿੰਮ ਡਾਈਟ ਵੇਚਣ ਲਈ ਮਜ਼ਬੂਰ ਫਿਟਨੈੱਸ ਮਾਡਲ ਦੀਪਿਕਾ

ਲੁਧਿਆਣਾ: ਕਹਿੰਦੇ ਨੇ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇਨਸਾਨ ਦੀ ਸੋਚ ਜ਼ਰੂਰ ਛੋਟੀ ਵੱਡੀ ਹੋ ਸਕਦੀ ਹੈ। ਲੁਧਿਆਣਾ ਦੀ ਦੀਪਿਕਾ ਕੌਮੀ ਪੱਧਰ ਦੀ ਫਿਟਨੈੱਸ ਮਾਡਲ ਰਹਿਣ ਦੇ ਬਾਵਜੂਦ ਅੱਜ ਗੁੰਮਨਾਮ ਜਿੰਦਗੀ ਬਤੀਤ ਕਰ ਰਹੀ ਹੈ। ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਲਈ ਲੁਧਿਆਣਾ ਤੇ ਫਿਰੋਜ਼ਪੁਰ ਰੋਡ ਉੱਤੇ ਚਿਕਨ ਦੀ ਰੇਹੜੀ ਲਗਾ ਕੇ ਸਮਾਨ ਵੇਚ ਰਹੀ ਹੈ।

ਹਾਲਾਂਕਿ, ਉਹ ਸਰਵੋਦਿਆ ਸਕੂਲ ਵਿੱਚ ਬਤੌਰ 4 ਸਾਲ ਸਰੀਰਿਕ ਸਿੱਖਿਆ ਦੀ ਅਧਿਆਪਕਾ ਵੀ ਰਹਿ ਚੁੱਕੀ ਹੈ, ਪਰ ਇਸ ਦੇ ਬਾਵਜੂਦ ਹਾਲਾਤਾਂ ਨੇ ਅਤੇ ਸਮੇਂ ਦੀਆਂ ਸਰਕਾਰਾਂ ਦੀ ਨਜ਼ਰ ਅੰਦਾਜ਼ੀ ਨੇ ਉਸ ਨੂੰ ਸੰਘਰਸ਼ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਕਰ ਦਿੱਤਾ ਹੈ। ਹੋਰ ਕੁੜੀਆਂ ਲਈ ਖੇਡ ਵਿੱਚ ਕਿਸੇ ਵੇਲ੍ਹੇ ਪ੍ਰੇਰਨਾ-ਸਰੋਤ ਰਹਿਣ ਵਾਲੀ ਦੀਪਿਕਾ ਨੂੰ ਅੱਜ ਇਨ੍ਹਾਂ ਹਲਾਤਾਂ ਨਾਲ ਲੜਦੇ ਹੋਏ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਰੇਹੜੀ ਲਗਾਉਣੀ ਪੈਂਦੀ ਹੈ।

ਫਿੱਟਨੈੱਸ ਦੀ ਸ਼ੁਰੂਆਤ: ਦੀਪਿਕਾ ਨੇ ਦੱਸਿਆ ਕਿ ਪੰਜਵੀ ਜਮਾਤ ਤੋਂ ਹੀ ਉਹ ਸਟੇਟ ਪੱਧਰ ਤੇ ਜੂਡੋ ਵਿੱਚ ਮੈਡਲ ਜਿੱਤ ਕੇ ਆਈ ਸੀ, ਜਿਸ ਤੋਂ ਬਾਅਦ ਖੇਡਾਂ ਵੱਲ ਉਸ ਦਾ ਵਿਸ਼ੇਸ਼ ਲਗਾਅ ਰਿਹਾ, ਪਰ ਜਵਾਨੀ ਦੀ ਦਹਿਲੀਜ਼ 'ਤੇ ਆਉਂਦੇ ਉਸ ਦਾ ਵਜ਼ਨ 89 ਕਿੱਲੋ ਤੱਕ ਪਹੁੰਚ ਗਿਆ। ਇਸ ਤੋਂ ਬਾਅਦ ਉਸ ਨੇ ਜਿੰਮ ਜਾਣਾ ਸ਼ੁਰੂ ਕੀਤਾ, ਤਿੰਨ ਮਹੀਨੇ ਵਿੱਚ 12 ਕਿਲੋ ਵਜ਼ਨ ਘਟਾਇਆ, ਤਾਂ ਸਾਰੀਆਂ ਹੀ ਮਹਿਲਾਵਾਂ ਲਈ ਪ੍ਰੇਰਣਾ ਸਰੋਤ ਬਣ ਗਈ। ਇਸ ਤੋਂ ਬਾਅਦ ਉਸ ਨੂੰ ਜਿੰਮ ਵਿੱਚ ਹੀ ਨੌਕਰੀ ਮਿਲ ਗਈ, ਜਿਸ ਤੋਂ ਬਾਅਦ ਉਸ ਨੇ ਬਤੌਰ ਫਿਟਨੈੱਸ ਮਾਡਲ ਆਪਣਾ ਭਵਿੱਖ ਸ਼ੁਰੂ ਕੀਤਾ ਅਤੇ ਕਈ ਉਪਲਬਧੀਆਂ ਹਾਸਲ ਕੀਤੀਆਂ ਹਨ। ਪਰ, ਕੋਰੋਨਾ ਮਹਾਂਮਾਰੀ ਨੇ ਉਸ ਦੀ ਇਹ ਨੌਕਰੀ ਖਾ ਲਈ।

Judo and body building women player Dipika, Ludhiana
ਜੂਡੋ ਤੇ ਬਾਡੀ ਬਿਲਡਿੰਗ ਚੋਂ ਨਾਮਣਾ ਖੱਟ ਚੁੱਕੀ ਫਿਟਨੈੱਸ ਮਾਡਲ ਦੀਪਿਕਾ

ਇਸ ਤੋਂ ਪਹਿਲਾਂ ਵੀ ਸੰਘਰਸ਼ ਜਾਰੀ ਰਿਹਾ: ਸਾਲ 2014 ਵਿਚ ਜਦੋਂ ਪੰਜਾਬ ਪੁਲਿਸ ਦੀ ਭਰਤੀ ਖੁੱਲੀ ਤਾਂ ਉਸ ਨੇ ਕਤਾਰ ਵਿੱਚ ਜਦੋਂ ਆਪਣੇ ਤੋਂ ਵੀ ਵੱਡੇ ਖਿਡਾਰੀ ਨੌਕਰੀ ਨਾ ਮਿਲਣ ਕਰਕੇ ਹਤਾਸ਼ ਹੁੰਦੇ ਵੇਖੇ ਤਾਂ ਫਿਰ ਉਸ ਨੇ ਇਹ ਉਮੀਦ ਛੱਡ ਦਿੱਤੀ ਕਿ ਉਸ ਨੂੰ ਵੀ ਕਦੇ ਸਰਕਾਰੀ ਨੌਕਰੀ ਮਿਲੇਗੀ। ਜਿਸ ਤੋਂ ਬਾਅਦ ਸਰਵੋਦਿਆ ਸਕੂਲ ਵਿਚ ਬਤੌਰ 4 ਸਾਲ ਤੱਕ ਸਰੀਰਿਕ ਸਿੱਖਿਆ ਦੇ ਅਧਿਆਪਕ ਵਜੋਂ ਪੜਾਉਂਦੀ ਰਹੀ। ਕੁਝ ਸਰੀਰਕ ਸਮੱਸਿਆ ਕਰਕੇ ਨੌਕਰੀ ਚਲੀ ਗਈ, ਪਿਤਾ ਨਹੀਂ ਰਹੇ। ਜਿਸ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਨਾ ਕਾਫ਼ੀ ਮੁਸ਼ਕਿਲ ਹੋ ਗਿਆ। ਆਖਿਰਕਾਰ ਉਸ ਨੇ ਜਿੰਮ ਡਾਈਟ ਵੇਚਣ ਲਈ ਰੇਹੜੀ ਹੀ ਲਗਾ ਲਈ, ਜਿਸ ਵਿੱਚ ਉਸ ਦੀ ਛੋਟੀ ਭੈਣ ਵੀ ਇਸ ਦੀ ਮਦਦ ਕਰਦੀ ਹੈ।

ਮਹਿਲਾਵਾਂ ਲਈ ਪ੍ਰੇਰਨਾ: ਦੀਪਿਕਾ ਉਨ੍ਹਾਂ ਮਹਿਲਾਵਾਂ ਲਈ ਪ੍ਰੇਰਨਾ ਸਰੋਤ ਹੈ, ਜੋ ਆਪਣੀ ਜ਼ਿੰਦਗੀ ਤੋਂ ਹਾਰ ਮੰਨ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅੱਜ ਉਹ ਸੜਕ 'ਤੇ ਖੜ ਕੇ ਰੇੜ੍ਹੀ ਲਗਾ ਰਹੀ ਹੈ, ਤਾਂ ਉਸ ਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ। ਕਿਸੇ ਨਾਲ ਕੋਈ ਗਿਲਾ-ਸ਼ਿਕਵਾ ਨਹੀਂ ਹੈ, ਕਿਉਂਕਿ ਇਨਸਾਨ ਦੀ ਜ਼ਿੰਦਗੀ ਵਿੱਚ ਸੰਘਰਸ਼ ਹਮੇਸ਼ਾ ਚੱਲਦਾ ਰਹਿੰਦਾ ਹੈ ਅਤੇ ਜਦੋਂ ਉਹ ਬਤੌਰ ਅਧਿਆਪਕ ਪੜ੍ਹਾ ਰਹੀ ਸੀ, ਤਾਂ ਉਦੋਂ ਵੀ ਸੰਘਰਸ਼ ਦੀਆਂ ਪੈੜਾਂ ਤੁਰ ਰਹੀ ਸੀ ਅਤੇ ਅੱਜ ਵੀ ਸੰਘਰਸ਼ ਦੀ ਰਾਹ 'ਤੇ ਹੈ। ਉਨ੍ਹਾਂ ਕਿਹਾ ਕਿ ਜਿੰਦਗੀ ਤੋਂ ਹਾਰ ਨਹੀਂ ਮੰਨਣੀ ਚਾਹੀਦੀ, ਰੱਬ ਇੱਕ ਨਾ ਇੱਕ ਦਿਨ ਤੁਹਾਨੂੰ ਕਾਮਯਾਬੀ ਜਰੂਰ ਬਖ਼ਸ਼ਦਾ ਹੈ।

ਕਰੋਨਾ ਵਿੱਚ ਖੁੰਝੇ ਕਾਰੋਬਾਰ: ਦੀਪਿਕਾ ਨੇ ਦੱਸਿਆ ਕਿ ਜਦੋਂ ਕੋਰੋਨਾ ਵਾਇਰਸ ਦਾ ਸਮਾਂ ਚੱਲ ਰਿਹਾ ਸੀ, ਉਦੋਂ ਹਜ਼ਾਰਾਂ ਲੱਖਾਂ ਲੋਕਾਂ ਦੇ ਕੰਮ ਕਾਰ ਬਿਲਕੁਲ ਠੱਪ ਹੋ ਗਿਆ। ਉਨ੍ਹਾਂ ਵਿਚੋਂ ਜਿੰਮ ਵੀ ਇਕ ਅਜਿਹਾ ਕਾਰੋਬਾਰ ਸੀ ਜਿਸ ਨੂੰ ਸਰਕਾਰ ਵੱਲੋਂ ਸਭ ਤੋਂ ਆਖੀਰ ਵਿੱਚ ਖੋਲ੍ਹਿਆ ਗਿਆ ਸੀ। ਉਨ੍ਹਾਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਗਏ ਸਰਕਾਰ ਨੂੰ ਜਗਾਉਣ ਲਈ ਨਾਅਰੇ ਲਗਾਏ ਗਏ, ਪਰ ਜਦੋਂ ਤੱਕ ਜਿੰਮ ਖੁੱਲ੍ਹੇ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਦੇ ਕੰਮਕਾਰ ਠੱਪ ਹੋ ਚੁੱਕੇ ਸੀ। ਉਸ ਨੇ ਇਸ ਤੋਂ ਬਾਅਦ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ, ਪਰ ਜਦੋਂ ਨੌਕਰੀ ਨਾਲ ਵੀ ਗੁਜ਼ਾਰਾ ਨਹੀਂ ਹੋਇਆ, ਤਾਂ ਹੁਣ ਉਸ ਨੇ 1 ਲੱਖ ਰੁਪਿਆ ਇਕੱਠਾ ਕਰਕੇ ਰੇਹੜੀ ਲਗਾਉਣ ਲਈ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਲੱਖਾਂ ਰੁਪਿਆ ਲਗਾ ਕੇ ਜਿੰਮ, ਤਾਂ ਨਹੀਂ ਖੋਲ ਸਕਦੀ, ਪਰ ਜਿਮ ਵਿੱਚ ਕਸਰਤ ਕਰਨ ਵਾਲਿਆਂ ਲਈ ਚੰਗੀ ਖੁਰਾਕ ਤਿਆਰ ਕਰਕੇ ਜ਼ਰੂਰ ਵੇਚ ਸਕਦੀ ਹੈ।

Last Updated : Jun 5, 2023, 10:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.