ETV Bharat / state

ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ, ਵੇਖੋ ਖਾਸ ਰਿਪੋਰਟ ’ਚ

author img

By

Published : Jun 4, 2022, 11:02 PM IST

ਪੰਜਾਬ ਵਿੱਚ ਗੈਂਗਸਟਰਾਂ ਦਾ ਦੌਰ ਕੋਈ ਬਹੁਤਾ ਪੁਰਾਣਾ ਨਹੀਂ ਹੈ। ਲਗਪਗ ਦੋ ਦਹਾਕੇ ਪਹਿਲਾਂ ਹੀ ਇਸ ਦੀ ਸ਼ੁਰੂਆਤ ਹੋਈ। ਗੈਂਗਸਟਰਾਂ ਵਿੱਚੋਂ ਸਭ ਤੋਂ ਪਹਿਲਾ ਨਾਂ ਜੋ ਚਰਚਾ ਵਿੱਚ ਆਇਆ ਉਹ ਸੁੱਖਾ ਕਾਹਲਵਾਂ, ਵਿੱਕੀ ਗੌਂਡਰ ਆਦਿ ਗੈਂਗ ਦਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਗੈਂਗਸਟਰ ਇਸ ਤਰ੍ਹਾਂ ਵਧਣ ਲੱਗੇ ਜਿਵੇਂ ਨੌਜਵਾਨਾਂ ਨੂੰ ਕਾਨੂੰਨ ਦਾ ਕੋਈ ਖ਼ੌਫ਼ ਹੀ ਨਾ ਹੋਵੇ। ਦੁਨੀਆ ਵਿੱਚ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰਾਂ ਨੂੰ ਲੈਕੇ ਸਿਆਸੀ ਪਾਰਟੀਆਂ ਉੱਪਰ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ।

ਪੰਜਾਬ ਵਿੱਚ ਗੈਂਗਸਰਵਾਦ ਪੈਦਾ ਹੋਣ ਦਾ ਜ਼ਿੰਮੇਵਾਰ ਕੌਣ
ਪੰਜਾਬ ਵਿੱਚ ਗੈਂਗਸਰਵਾਦ ਪੈਦਾ ਹੋਣ ਦਾ ਜ਼ਿੰਮੇਵਾਰ ਕੌਣ

ਲੁਧਿਆਣਾ: ਪੰਜਾਬ ਹੁਣ ਗੈਂਗਲੈਂਡ ਬਣ ਗਿਆ ਹੈ, ਇਸ ਗੱਲ ਨੂੰ ਖੁਦ ਮੌਜੂਦਾ ਡੀਜੀਪੀ ਪੰਜਾਬ ਕਬੂਲ ਚੁੱਕੇ ਹਨ। ਉਨ੍ਹਾਂ ਨੇ 11 ਅਪਰੈਲ ਨੂੰ ਜਾਰੀ ਕੀਤੇ ਗਏ ਅੰਕੜਿਆਂ ਦੇ ਵਿੱਚ ਇਹ ਕਬੂਲ ਕੀਤਾ ਹੈ ਕਿ ਪੰਜਾਬ ਦੇ ਵਿੱਚ 545 ਗੈਂਗਸਟਰਾਂ ਦੀ ਪਹਿਚਾਣ ਪੁਲਿਸ ਨੇ ਕੀਤੀ ਹੈ, ਜਿੰਨ੍ਹਾਂ ਨੂੰ ਵੱਖ ਵੱਖ ਕੈਟਾਗਿਰੀ ਦੇ ਆਧਾਰ ’ਤੇ ਵੰਡਿਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਸੀ ਕਿ ਹੁਣ ਤੱਕ 515 ਗੈਂਗਸਟਰ ਫੜੇ ਜਾ ਚੁੱਕੇ ਹਨ ਜਦੋਂ ਕਿ 30 ਗੈਂਗਸਟਰ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

ਡੀਜੀਪੀ ਨੇ ਇਹ ਵੀ ਗੱਲ ਕਬੂਲੀ ਕਿ ਜਨਵਰੀ ਤੋਂ ਮਾਰਚ ਦੇ ਦੌਰਾਨ ਯਾਨੀ 100 ਦਿਨਾਂ ਦੇ ਵਿੱਚ 158 ਕਤਲ ਹੋਏ ਹਨ ਜਿੰਨ੍ਹਾਂ ਵਿੱਚ 6 ਕਤਲਾਂ ਅੰਦਰ ਗੈਂਗਸਟਰਾਂ ਦਾ ਹੱਥ ਸੀ ਜਿਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੈਂਗਸਟਰ ਪੰਜਾਬ ਵਿੱਚ ਕਿੰਨੇ ਬੇਖ਼ੌਫ਼ ਹਨ। ਜੇਲ੍ਹਾਂ ਅੰਦਰੋਂ ਗੈਂਗਸਟਰ ਆਪਣਾ ਨੈੱਟਵਰਕ ਚਲਾ ਰਹੇ ਹਨ। ਸਿੱਧੂ ਮੂਸੇਵਾਲੇ ਦੀ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਲਈ ਗਈ। ਸਭ ਤੋਂ ਪਹਿਲਾਂ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਬੈਠ ਕੇ ਇਸ ਦੀ ਜ਼ਿੰਮੇਵਾਰੀ ਨੂੰ ਚੁੱਕਿਆ, ਉਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਵੀ ਇਸ ਦੀ ਹਾਮੀ ਭਰ ਦਿੱਤੀ।

ਕਿਵੇਂ ਬਣਿਆ ਪੰਜਾਬ ਗੈਂਗਲੈਂਡ ?: ਪੰਜਾਬ ਵਿੱਚ ਗੈਂਗਸਟਰਾਂ ਦਾ ਦੌਰ ਕੋਈ ਬਹੁਤਾ ਪੁਰਾਣਾ ਨਹੀਂ ਹੈ। ਲਗਪਗ ਦੋ ਦਹਾਕੇ ਪਹਿਲਾਂ ਹੀ ਇਸ ਦੀ ਸ਼ੁਰੂਆਤ ਹੋਈ। ਸਭ ਤੋਂ ਪਹਿਲਾ ਨਾਂ ਜੋ ਚਰਚਾ ਵਿੱਚ ਆਇਆ ਉਹ ਸੁੱਖਾ ਕਾਹਲਵਾਂ, ਵਿੱਕੀ ਗੌਂਡਰ ਆਦਿ ਗੈਂਗ ਦਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਗੈਂਗਸਟਰ ਇਸ ਤਰ੍ਹਾਂ ਵਧਣ ਲੱਗੇ ਜਿਵੇਂ ਨੌਜਵਾਨਾਂ ਨੂੰ ਕਾਨੂੰਨ ਦਾ ਕੋਈ ਖ਼ੌਫ਼ ਹੀ ਨਾ ਹੋਵੇ। ਪੰਜਾਬ ਦੇ ਵਿੱਚ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕਈ ਗੈਂਗ ਹਾਲੇ ਵੀ ਐਕਟਿਵ ਨੇ ਜਿੰਨ੍ਹਾਂ ਵਿੱਚ ਲਾਰੈਂਸ ਬਿਸ਼ਨੋਈ ਗੈਂਗ, ਸੁੱਖਾ ਕਾਹਲਵਾਂ ਗੈਂਗ, ਦਵਿੰਦਰ ਬੰਬੀਹਾ ਗੈਂਗ, ਗੁਰਬਖਸ਼ ਸੇਵੇਵਾਲਾ ਗੈਂਗ, ਜੱਗੂ ਭਗਵਾਨਪੁਰੀਆ ਗੈਂਗ, ਗੌਂਡਰ ਐਂਡ ਬ੍ਰਦਰ ਗੈਂਗ, ਗਾਂਧੀ ਗਰੁੱਪ, ਜੈਪਾਲ ਭੁੱਲਰ ਗੈਂਗ ਅਜਿਹੇ ਕੁਝ ਗੈਂਗ ਹਨ। ਇੰਨ੍ਹਾਂ ਦੇ ਮੈਂਬਰ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਕਾਰਨਾਮਿਆਂ ਦੀਆਂ ਕਾਲੀਆਂ ਕਰਤੂਤਾਂ ਸ਼ੇਅਰ ਕਰਦੇ ਹਨ। ਜੇਲ੍ਹਾਂ ਵਿੱਚ ਬੈਠ ਕੇ ਗੈਂਗਾਂ ਚਲਾਈਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਅੱਗੇ ਪੰਜਾਬ ਪੁਲਿਸ ਤਾਂ ਕੀ ਇੰਟੈਲੀਜੈਂਸ ਵੀ ਫੇਲ੍ਹ ਹੋ ਜਾਂਦੀ ਹੈ।

ਗੈਂਗਸਟਰਾਂ ਦੇ ਸਿਆਸੀ ਲਿੰਕ: ਪੰਜਾਬ ਦੇ ਗੈਂਗਸਟਰਾਂ ਦੇ ਸਿਆਸੀ ਲਿੰਕ ਸਮੇਂ ਸਮੇਂ ’ਤੇ ਉਜਾਗਰ ਹੁੰਦੇ ਰਹੇ ਹਨ। ਅਕਸਰ ਹੀ ਗੈਂਗਸਟਰਾਂ ਦੇ ਨਾਮ ਸਿਆਸਤਦਾਨਾਂ ਨਾਲ ਜੋੜੇ ਜਾਂਦੇ ਰਹੇ ਅਤੇ ਪੰਜਾਬ ਦੇ ਵਿੱਚ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਧਾਇਕ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਰਵਾਇਤੀ ਪਾਰਟੀਆਂ ਦੇ ਸਿਆਸੀ ਲੀਡਰ ਆਪਣੇ ਨਿੱਜੀ ਮੁਫਾਦ ਲਈ ਨੌਜਵਾਨਾਂ ਨੂੰ ਭਟਕਾ ਕੇ ਉਨ੍ਹਾਂ ਨੂੰ ਗਲਤ ਰਸਤੇ ’ਤੇ ਪਾਉਂਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਾ ਅਤੇ ਗੈਂਗਸਟਰ ਪੁਰਾਣੀਆਂ ਸਰਕਾਰਾਂ ਦੀ ਦੇਣ ਹੈ। ਪੰਜਾਬ ਦੇ ਵਿੱਚ ਕਈ ਗੈਂਗਸਟਰ ਅਜਿਹੇ ਹਨ ਜੋ ਸਿੱਧੇ ਜਾਂ ਅਸਿੱਧੇ ਤੌਰ ’ਤੇ ਕਿਸੇ ਨਾ ਕਿਸੇ ਪਾਰਟੀ ਦੇ ਲੀਡਰ ਨਾਲ ਸਬੰਧਤ ਰਹੇ ਹਨ ਜਾਂ ਫਿਰ ਖੁਦ ਗੈਂਗਸਟਰ ਰਾਜਨੀਤੀ ਦੇ ਵਿੱਚ ਹੱਥ ਅਜ਼ਮਾਉਂਦੇ ਵੀ ਵਿਖਾਈ ਦਿੰਦੇ ਰਹੇ ਹਨ।

ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ
ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ

ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲਾਰੈਂਸ ਬਿਸ਼ਨੋਈ ਜਿਸਨੇ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਕਾਲਜ ਦੇ ਵਿਚ ਹੀ ਉਸ ਨੇ ਸਟੂਡੈਂਟ ਪੌਲਟਿਕਸ ਤੋਂ ਆਪਣੇ ਭਵਿੱਖ ਦੀ ਸ਼ੁਰੂਆਤ ਕੀਤੀ ਸੀ, ਇੰਨਾ ਹੀ ਨਹੀਂ ਫ਼ਾਜ਼ਿਲਕਾ ਜ਼ਿਲ੍ਹੇ ਦਾ ਮਸ਼ਹੂਰ ਗੈਂਗਸਟਰ ਰੌਕੀ ਜਿਸ ਦਾ ਕੁਝ ਸਾਲ ਪਹਿਲਾਂ ਕਤਲ ਕਰ ਦਿੱਤਾ ਗਿਆ ਉਸ ਨੇ ਵੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 2012 ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਸੀ ਹਾਲਾਂਕਿ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।

ਬਿਕਰਮ ਮਜੀਠੀਆ ’ਤੇ ਇਲਜ਼ਾਮ: ਇੰਨਾ ਹੀ ਨਹੀਂ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਮਜੀਠੀਆ ਦਾ ਨਾਂ ਵੀ ਉਦੋਂ ਸੁਰਖੀਆਂ ਵਿੱਚ ਆਇਆ ਜਦੋਂ ਪੰਜਾਬ ਦੇ ਮਸ਼ਹੂਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਵਿਰੋਧੀ ਪਾਰਟੀਆਂ ਨੇ ਉਨ੍ਹਾਂ ਦੇ ਸਬੰਧ ਹੋਣ ਦੀ ਗੱਲ ਉਜਾਗਰ ਕੀਤੀ। ਸਿਰਫ਼ ਜੱਗੂ ਭਗਵਾਨਪੁਰੀਆ ਹੀ ਨਹੀਂ ਮਜੀਠੀਆ ਦੇ ਨਾਲ ਜਗਤਾਰ ਸਿੰਘ ਉਰਫ ਬੌਕਸਰ ਅਭਿਜੀਤ ਸਿੰਘ ਉਰਫ ਅੰਕੁਰ ਲਿਖਾਰੀ ਅਤੇ ਸੋਨੂੰ ਕੰਗਲਾ ਦੇ ਵੀ ਸੰਬੰਧ ਹੋਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ। ਸਾਲ 2010 ਦੇ ਵਿੱਚ ਜਦੋਂ ਮਜੀਠੀਆ ਸੱਤਾ ਦੇ ਵਿਚ ਪਾਵਰਫੁੱਲ ਹੋਏ ਤਾਂ ਉਦੋਂ ਤੋਂ ਹੀ ਇੱਕ ਮਾਮੂਲੀ ਬਦਮਾਸ਼ ਜੱਗੂ ਭਗਵਾਨਪੁਰੀਆ ਨੇ ਆਪਣਾ ਪੰਜਾਬ ਦੇ ਵਿਚ ਪੈਰ ਪਸਾਰਿਆ।ਵਿਰੋਧੀ ਪਾਰਟੀਆਂ ਲਗਾਤਾਰ ਇਸ ਦੇ ਇਲਜ਼ਾਮ ਵੀ ਲਗਾਉਂਦੀਆਂ ਰਹੀਆਂ।

ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ
ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ

ਮਲੂਕਾ ’ਤੇ ਕੀ ਲੱਗੇ ਸਨ ਇਲਜ਼ਾਮ?: ਉੱਥੇ ਹੀ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਵੀ ਸਾਬਕਾ ਗੈਂਗਸਟਰ ਲੱਖਾ ਸਿਧਾਣਾ ਦੇ ਨਾਲ ਉਸਦੇ ਸਬੰਧਾਂ ਦੀਆਂ ਚਰਚਾਵਾਂ ਹੁੰਦੀਆਂ ਰਹੀਆਂ। ਲੱਖਾ ਸਿਧਾਣਾ ਨੇ ਸਿੱਧੇ ਤੌਰ ’ਤੇ ਸਿਕੰਦਰ ਮਲੂਕਾ ਤੇ ਵੱਡੇ ਇਲਜ਼ਾਮ ਲਗਾਏ ਸਨ ਹਾਲਾਂਕਿ ਦੂਜੇ ਪਾਸੇ ਸਿਕੰਦਰ ਸਿੰਘ ਮਲੂਕਾ ਅੱਜ ਜਦੋਂ ਲੁਧਿਆਣਾ ਪਹੁੰਚੇ ਅਤੇ ਉਨ੍ਹਾਂ ਨੂੰ ਸਾਡੇ ਪੱਤਰਕਾਰ ਵੱਲੋਂ ਸਵਾਲ ਕੀਤਾ ਗਿਆ ਤਾਂ ਉਹ ਇਸ ਮਾਮਲੇ ’ਤੇ ਕੁਝ ਵੀ ਨਹੀਂ ਬੋਲੇ ਸਗੋਂ ਗੱਲ ਟਾਲ ਮਟੋਲ ਕਰਦੇ ਵਿਖਾਈ ਦਿੱਤੇ। ਇੰਨਾ ਹੀ ਨਹੀਂ ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਰਹੇ ਮਨਪ੍ਰੀਤ ਬਾਦਲ ਨੇ ਜਦੋਂ ਆਪਣੀ ਪਹਿਲੀ ਪਾਰਟੀ ਬਣਾਈ ਸੀ ਉਦੋਂ ਵੀ ਉਨ੍ਹਾਂ ਦੇ ਗੈਂਗਸਟਰ ਲੱਖਾ ਸਿਧਾਣਾ ਦੇ ਨਾਲ ਸਬੰਧ ਉਜਾਗਰ ਹੋਏ ਸਨ। ਪਾਰਟੀ ਵੱਲੋਂ ਲੱਖਾ ਸਿਧਾਣਾ ਨੂੰ ਰਾਮਪੁਰਾ ਇਲਾਕੇ ਤੋਂ ਵਿਧਾਨ ਸਭਾ ਚੋਣਾਂ ਲੜਾਈ ਗਈ ਸੀ ਹਾਲਾਂਕਿ ਇਸ ਦੌਰਾਨ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਪਰ ਚੋਣਾਂ ਦੇ ਦੌਰਾਨ ਪਿੰਡ ਭਗਤਾ ਭਾਈ ਵਿੱਚ ਫਾਇਰਿੰਗ ਵੀ ਹੋਈ ਸੀ ਜਿਸ ਦੌਰਾਨ ਲੱਖਾ ਸਿਧਾਣਾ ਜ਼ਖ਼ਮੀ ਹੋ ਗਿਆ ਸੀ। ਇਸ ਘਟਨਾ ਨੂੰ ਲੈ ਕੇ ਤਤਕਾਲੀ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਲੱਖਾ ਸਿਧਾਣਾ ਨੇ ਗੰਭੀਰ ਇਲਜ਼ਾਮ ਲਾਏ ਸਨ ਅਤੇ ਇਸ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਦੱਸਿਆ ਸੀ।

ਵਿਰੋਧੀਆਂ ਦੇ ਰੰਧਾਵਾ ’ਤੇ ਇਲਜ਼ਾਮ: ਹਾਲਾਂਕਿ ਜੱਗੂ ਭਗਵਾਨਪੁਰੀਆ ਦੇ ਮਾਮਲੇ ਵਿਚ ਅਕਾਲੀ ਦਲ ਵੱਲੋਂ ਸਾਬਕਾ ਉਪ ਮੁੱਖ ਮੰਤਰੀ ਰਹੇ ਸੁਖਜਿੰਦਰ ਰੰਧਾਵਾ ਵੱਲੋਂ ਭਗਵਾਨਪੁਰੀਆ ਨੂੰ ਸ਼ਹਿ ਦੇਣ ਦੇ ਇਲਜ਼ਾਮ ਵੀ ਲਗਾਏ ਗਏ ਸਨ। ਸਾਲ 2019-20 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਵੀ ਕਰਵਾਈ ਗਈ ਸੀ ਅਤੇ ਗੈਂਗਸਟਰਾਂ ਦੇ ਲੀਡਰਾਂ ਦੇ ਸਬੰਧਾਂ ਦੀ ਇਸ ਪੂਰੀ ਰਿਪੋਰਟ ਨੂੰ 12 ਫ਼ਰਵਰੀ 2020 ਦੇ ਵਿੱਚ ਉਨ੍ਹਾਂ ਨੂੰ ਸੌਂਪ ਦਿੱਤਾ ਗਈ ਪਰ ਇਸ ਨੂੰ ਜਨਤਕ ਨਹੀਂ ਕੀਤਾ ਗਿਆ ਹਾਲਾਂਕਿ ਬਾਅਦ ਵਿਚ ਅਕਾਲੀ ਲੀਡਰਾਂ ਨੇ ਇਸ ਪੂਰੀ ਰਿਪੋਰਟ ਨੂੰ ਖਾਰਿਜ ਕਰ ਦਿੱਤਾ।

ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ
ਪੰਜਾਬ ਦੇ ਗੈਂਗਸਟਰਾਂ ਦੀ ਸਿਆਸੀ ਲੀਡਰਾਂ ਨਾਲ ਨੇੜਤਾ ਦਾ ਕਾਲਾ-ਸੱਚ

ਨਸ਼ਾ ਗੈਂਗਸਟਰ ਅਤੇ ਸਿਆਸਤ: ਪੰਜਾਬ ਦੇ ਵਿੱਚ ਨਸ਼ਾ ਗੈਂਗਸਟਰ ਅਤੇ ਸਿਆਸਤ ਦਾ ਕੀ ਲਿੰਕ ਹੈ ਇਸ ’ਤੇ ਕੋਈ ਵੀ ਖੁੱਲ੍ਹ ਕੇ ਬੋਲਣ ਨੂੰ ਹਾਲਾਂਕਿ ਤਿਆਰ ਨਹੀਂ ਹੈ ਪਰ ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਵੱਲੋਂ ਹੀ ਗੈਂਗਸਟਰਾਂ ਨੂੰ ਪਨਾਹ ਦਿੱਤੀ ਗਈ ਇੰਨਾ ਹੀ ਨਹੀਂ ਭੋਲੇ ਭਾਲੇ ਨੌਜਵਾਨਾਂ ਨੂੰ ਵਰਗਲਾਇਆ ਗਿਆ ਅਤੇ ਚਿੱਟਾ ਵੀ ਰਿਵਾਇਤੀ ਪਾਰਟੀਆਂ ਦੀ ਹੀ ਦੇਣ ਹੈ। ਇਹ ਵੀ ਵੱਡੇ ਇਲਜ਼ਾਮ ਆਮ ਆਦਮੀ ਪਾਰਟੀ ਨੇ ਅਕਾਲੀ ਦਲ ਅਤੇ ਕਾਂਗਰਸ ’ਤੇ ਲਗਾਏ ਹਨ।

ਇਹ ਨਹੀਂ ਨਹੀਂ ਸਮੇਂ ਸਮੇਂ ਸਿਰ ਲੀਡਰਾਂ ਦੇ ਨਸ਼ੇ ਦੇ ਸੌਦਾਗਰਾਂ ਦੇ ਨਾਲ ਲਿੰਕ ਵੀ ਸਾਹਮਣੇ ਆਉਂਦੇ ਰਹੇ ਹਨ। ਸਭ ਤੋਂ ਪਹਿਲਾਂ ਮਾਮਲਾ ਉਦੋਂ ਉਜਾਗਰ ਹੋਇਆ ਸੀ ਜਦੋਂ ਭਲਵਾਨ ਭੋਲੇ ਨੇ ਨਸ਼ੇ ਦੇ ਮਾਮਲੇ ਵਿੱਚ ਸਿੱਧੇ ਤੌਰ ’ਤੇ ਬਿਕਰਮ ਮਜੀਠੀਆ ਦੇ ਲਿਪਤ ਹੋਣ ਦੇ ਇਲਜ਼ਾਮ ਲਗਾਏ ਸਨ। ਅਰਵਿੰਦ ਕੇਜਰੀਵਾਲ ਨੇ ਵੀ ਮਜੀਠੀਆ ’ਤੇ ਸਵਾਲ ਖੜੇ ਕੀਤੇ ਸਨ ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਲਿਖਤੀ ਰੂਪ ਵਿੱਚ ਮਜੀਠੀਆ ਤੋਂ ਮੁਆਫੀ ਮੰਗੀ। ਓਧਰ ਸੰਜੇ ਸਿੰਘ ਦਾ ਕੇਸ ਹਾਲੇ ਵੀ ਚੱਲ ਰਿਹਾ ਹੈ। ਬਿਕਰਮ ਮਜੀਠੀਆ ਨੂੰ ਇਸ ਮਾਮਲੇ ਵਿਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਵੇਲੇ ਜੇਲ੍ਹ ਵਿੱਚ ਵੀ ਡੱਕਿਆ ਗਿਆ।ਮਜੀਠੀਆ ਹਾਲੇ ਵੀ ਜੇਲ੍ਹ ਵਿੱਚ ਹੀ ਹਨ।

ਮਾਮਲਾ ਉਦੋਂ ਵੀ ਸੁਰਖੀਆਂ ਵਿੱਚ ਆਇਆ ਸੀ ਜਦੋਂ ਅਕਾਲੀ ਦਲ ਦੇ ਹੀ ਸਾਬਕਾ ਸਰਪੰਚ ਰਹੇ ਗੁਰਦੀਪ ਰਾਣੋ ਲੁਧਿਆਣਾ ਦੇ ਵਿੱਚ ਹੈਰੋਇਨ ਦੀ ਵੱਡੀ ਖੇਪ ਦੇ ਨਾਲ ਗ੍ਰਿਫ਼ਤਾਰ ਹੋਏ। ਉਨ੍ਹਾਂ ਨੇ ਵੀ ਅਕਾਲੀ ਦਲ ਦੇ ਲੀਡਰਾਂ ਦੇ ਨਾਲ ਲਿੰਕ ਹੋਣ ਦੀ ਗੱਲ ਸਾਹਮਣੇ ਆਈ ਸੀ। ਹਾਲਾਂਕਿ ਕਾਂਗਰਸ ’ਤੇ ਵੀ ਇਹ ਇਲਜ਼ਾਮ ਲੱਗਦੇ ਰਹੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੇ ਤੋਂ ਲਾਂਭੇ ਵੀ ਕਾਂਗਰਸ ਵੱਲੋਂ ਇਸੇ ਕਰਕੇ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਉਹ ਦਾਅਵੇ ਕਰਨ ਦੇ ਬਾਵਜੂਦ ਨਸ਼ੇ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਜਿਸ ਕਰਕੇ ਪੰਜਾਬ ਦੇ ਵਿਚ ਸਿਆਸਤ ਵਿਚ ਵੱਡਾ ਫੇਰਬਦਲ ਹੋਇਆ ਅਤੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਤਿੰਨ ਮਹੀਨੇ ਲਈ ਬਣਾਇਆ ਗਿਆ ਸੀ।

ਪੰਜਾਬ ਵਿੱਚ ਗੈਂਗਸਰਵਾਦ ਪੈਦਾ ਹੋਣ ਦਾ ਜ਼ਿੰਮੇਵਾਰ ਕੌਣ

ਭਾਜਪਾ ਦੇ ਰਾਹ ਤੇ ਆਪ ! : ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਬਾਅਦ ਲਗਾਤਾਰ ਇਹ ਦਾਅਵੇ ਕੀਤੇ ਜਾਂਦੇ ਰਹੇ ਕਿ ਦੇਸ਼ ਵਿਚ ਕਾਂਗਰਸ ਦਾ ਲੰਮਾ ਸਮਾਂ ਰਾਜ ਰਿਹਾ ਅਤੇ ਕਾਂਗਰਸ ਦੇ ਰਾਜ ਦੇ ਸਮੇਂ ਦੇਸ਼ ਜਿਸ ਬਰਬਾਦੀ ਦੀ ਕਗਾਰ ਤੇ ਖੜ੍ਹਾ ਉਥੋਂ ਉਸ ਨੂੰ ਕੱਢਣ ਲਈ ਸਮਾਂ ਲੱਗੇਗਾ ਜਿਸ ਕਰਕੇ ਕਾਂਗਰਸ ’ਤੇ ਭਾਜਪਾ ਵੱਲੋਂ ਸਾਰਾ ਠੀਕਰਾ ਭੰਨਿਆ ਗਿਆ। ਇਸੇ ਤਰਜ਼ ’ਤੇ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ਦੀਆਂ ਰਵਾਇਤੀ ਪਾਰਟੀਆਂ ’ਤੇ ਠੀਕਰਾ ਭੰਨ ਰਹੀ ਹੈ ਭਾਵੇਂ ਉਹ ਗੈਂਗਸਟਰਾਂ ਦਾ ਮੁੱਦਾ ਹੋਵੇ ਜਾਂ ਫਿਰ ਨਸ਼ਿਆਂ ਦਾ ਮੁੱਦਾ ਹੋਵੇ ਆਮ ਆਦਮੀ ਪਾਰਟੀ ਸਪੱਸ਼ਟ ਤੌਰ ’ਤੇ ਹੀ ਕਹਿੰਦੀ ਵਿਖਾਈ ਦੇ ਰਹੀ ਹੈ ਕਿ ਪੰਜਾਬ ਦੇ ਵਿੱਚ ਰਵਾਇਤੀ ਪਾਰਟੀਆਂ ਦਾ ਲੰਮਾ ਸਮਾਂ ਰਾਜ ਰਿਹਾ ਜਿਸ ਵਿੱਚ ਅਕਾਲੀ ਦਲ ਅਤੇ ਕਾਂਗਰਸ ਚ ਸ਼ਾਮਿਲ ਹੈ ਜਿਸ ਕਰਕੇ ਗੈਂਗਸਟਰਵਾਦ ਤੇ ਚਿੱਟਾ ਪੰਜਾਬ ਦੇ ਵਿੱਚ ਵਧਿਆ ਅਤੇ ਪੰਜਾਬ ਨੂੰ ਬਰਬਾਦੀ ਦੀ ਕਗਾਰ ਤੇ ਲਿਆ ਕੇ ਇਨ੍ਹਾਂ ਰਵਾਇਤੀ ਪਾਰਟੀਆਂ ਵੱਲੋਂ ਖੜ੍ਹਾ ਕਰ ਦਿੱਤਾ ਅਤੇ ਪੰਜਾਬ ਨੂੰ ਹੁਣ ਇਸ ਬਰਬਾਦੀ ’ਚੋਂ ਕੱਢਣ ਲਈ ਉਨ੍ਹਾਂ ਨੂੰ ਸਮਾਂ ਲੱਗੇਗਾ।

ਕਾਂਗਰਸ ਤੇ ਅਕਾਲੀ ਦਲ ਦਾ ਜਵਾਬ: ਸਿਰਫ ਆਮ ਆਦਮੀ ਪਾਰਟੀ ਹੀ ਨਹੀਂ ਸਗੋਂ ਸਿੱਖ ਬੁੱਧੀਜੀਵੀ ਅਤੇ ਸਾਬਕਾ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਸਰਦਾਰਾ ਸਿੰਘ ਜੌਹਲ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਸਿਆਸਤਦਾਨਾਂ ਨੇ ਆਪਣੇ ਨਿੱਜੀ ਮੁਫਾਦ ਲਈ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਵਧਾਵਾ ਦਿੱਤਾ ਹੈ ਅਤੇ ਨੌਜਵਾਨਾਂ ਦੀ ਵਰਤੋਂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਦੋ ਰਾਇ ਨਹੀਂ ਕਿ ਪੰਜਾਬ ਦੇ ਵਿੱਚ ਜੋ ਅੱਜ ਹਾਲਾਤ ਬਣੇ ਹਨ ਉਸ ਲਈ ਕਿਤੇ ਨਾ ਕਿਤੇ ਸਿਆਸਤਦਾਨ ਅਤੇ ਸਿਆਸੀ ਪਾਰਟੀਆਂ ਹੀ ਜ਼ਿੰਮੇਵਾਰ ਹਨ।

ਦੂਜੇ ਪਾਸੇ ਕਾਂਗਰਸ ਦੇ ਬੁਲਾਰੇ ਕੰਵਰ ਹਰਪ੍ਰੀਤ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਜੋ ਸਾਡੇ ’ਤੇ ਇਲਜ਼ਾਮ ਲਗਾ ਰਹੇ ਨੇ ਉਹ ਪਹਿਲਾਂ ਆਪਣੀ ਪੀੜ੍ਹੀ ਹੇਠ ਸੋਟਾ ਜ਼ਰੂਰ ਮਾਰ ਲੈਣ ਕਿ ਉਹ ਕਿਸ ਕਿਰਦਾਰ ਦੇ ਲੀਡਰ ਰਹਿ ਚੁੱਕੇ ਹਨ ਅਤੇ ਕੀ ਕਾਰਨ ਸੀ ਕਿ ਉਨ੍ਹਾਂ ਨੂੰ ਕਾਂਗਰਸ ਵੱਲੋਂ ਕਦੇ ਵੀ ਟਿਕਟ ਨਹੀਂ ਦਿੱਤੀ ਗਈ ਹਾਲਾਂਕਿ ਉਹ ਸ਼ਹੀਦ ਪਰਿਵਾਰ ਤੋਂ ਸਬੰਧਤ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਦਿੱਲੀ ਦੇ ਆਕਾਵਾਂ ਨੂੰ ਖੁਸ਼ ਕਰਨ ਲਈ ਅਜਿਹੀਆਂ ਬਿਆਨਬਾਜ਼ੀਆਂ ਕਰ ਰਹੇ ਹਨ।

ਉੱਥੇ ਹੀ ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਅਤੇ ਵਿਰਸਾ ਸਿੰਘ ਵਲਟੋਹਾ ਨੂੰ ਜਦੋਂ ਇਸ ਸਬੰਧੀ ਸਵਾਲ ਕੀਤਾ ਗਿਆ ਤਾਂ ਦੋਵਾਂ ਨਹੀਂ ਕੋਈ ਜਵਾਬ ਹੀ ਨਹੀਂ ਦਿੱਤਾ ਅਤੇ ਸਵਾਲ ਨੂੰ ਟਾਲ ਦਿੱਤਾ ਦੋ ਵਾਰ ਲਗਾਤਾਰ ਸਵਾਲ ਕਰਨ ਦੇ ਬਾਵਜੂਦ ਵਿਰਸਾ ਸਿੰਘ ਵਲਟੋਹਾ ਅਤੇ ਸਿਕੰਦਰ ਸਿੰਘ ਮਲੂਕਾ ਇਸ ਸਵਾਲ ਤੋਂ ਬਚਦੇ ਹੋਏ ਵਿਖਾਈ ਦਿੱਤੇ।

ਇਹ ਵੀ ਪੜ੍ਹੋ: ਸਿੱਧੂ ਦੇ ਪਿਤਾ ਦਾ ਬਿਆਨ: ਹਾਲੇ ਪੁੱਤ ਦਾ ਸਿਵਾ ਵੀ ਠੰਡਾ ਨਹੀਂ ਹੋਇਆ, ਨਹੀਂ ਲੜਾਂਗਾ ਕੋਈ ਚੋਣ

ETV Bharat Logo

Copyright © 2024 Ushodaya Enterprises Pvt. Ltd., All Rights Reserved.